ਪੁੱਤ ਨੇ ਮਾਂ-ਪਿਓ ਨੂੰ ਬਣਾਇਆ ਬੰਧਕ, ਅਦਾਲਤ ਨੇ ਛੁਡਵਾਇਆ

Saturday, Nov 30, 2019 - 11:33 AM (IST)

ਪੁੱਤ ਨੇ ਮਾਂ-ਪਿਓ ਨੂੰ ਬਣਾਇਆ ਬੰਧਕ, ਅਦਾਲਤ ਨੇ ਛੁਡਵਾਇਆ

ਤਰਨਤਾਰਨ (ਰਮਨ) : ਥਾਣਾ ਸਦਰ ਅਧੀਨ ਆਉਂਦੇ ਪਿੰਡ ਬਾਕੀਪੁਰ ਦੇ ਇਕ ਬਜ਼ੁਰਗ ਮਾਂ-ਬਾਪ ਨੂੰ ਆਪਣੇ ਹੀ ਛੋਟੇ ਪੁੱਤਰ ਵਲੋਂ ਬੰਧਕ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤਹਿਤ ਬਜ਼ੁਰਗਾਂ ਦੇ ਵੱਡੇ ਪੁੱਤਰ ਵਲੋਂ ਮਾਣਯੋਗ ਅਦਾਲਤ ਅੱਗੇ ਲਾਈ ਗੁਹਾਰ ਦੌਰਾਨ ਨਾਇਬ ਤਹਿਸੀਲਦਾਰ ਨੇ ਬੰਧਕ ਬਣਾਏ ਬਜ਼ੁਰਗ ਜੋੜੇ ਨੂੰ ਮੌਕੇ 'ਤੇ ਜਾ ਘਰੋਂ ਬਰਾਮਦ ਕਰਦੇ ਹੋਏ ਵਾਰਸਾਂ ਹਵਾਲੇ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਰਿਹਾਅ ਹੋਏ ਬਜ਼ੁਰਗ ਜੋੜੇ ਅਤੇ ਉਸ ਦੇ ਬੇਟੇ ਵਲੋਂ ਥਾਣਾ ਸਦਰ ਦੇ ਮੁਖੀ ਖਿਲਾਫ ਇਕ ਤਰਫਾ ਕਾਰਵਾਈ ਕਰਨ ਦਾ ਦੋਸ਼ ਲਾਇਆ ਜਾ ਰਿਹਾ ਹੈ, ਜੋ ਐੱਸ. ਐੱਸ. ਪੀ. ਸਾਹਮਣੇ ਪੇਸ਼ ਹੋ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਸਬੰਧੀ ਮੰਗ ਕਰ ਰਹੇ ਹਨ।

ਜਾਣਕਾਰੀ ਦਿੰਦੇ ਹੋਏ ਸੁਖਦੇਵ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਬਾਕੀਪੁਰ ਨੇ ਦੱਸਿਆ ਕਿ ਉਹ ਆਪਣੇ ਪਿਤਾ ਜਗਤਾਰ ਸਿੰਘ (74) ਅਤੇ ਮਾਤਾ ਪਰਮਜੀਤ ਕੌਰ ਨਾਲ ਪਿੰਡ ਬਾਕੀਪੁਰ ਬਹਿਕਾਂ ਵਿਖੇ 1995 ਤੋਂ ਰਹਿ ਰਿਹਾ ਹੈ। ਸੁਖਦੇਵ ਸਿੰਘ ਅਤੇ ਉਸ ਦੇ ਪੁੱਤਰ ਅਮਾਨਤ ਸਿੰਘ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਉਹ ਅਕਾਲੀ ਦਲ ਪਾਰਟੀ ਨਾਲ ਸਬੰਧ ਰੱਖਦਾ ਹੈ, ਜਿਸ ਤਹਿਤ ਥਾਣਾ ਸਦਰ ਦੀ ਪੁਲਸ ਨੇ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਇਸ਼ਾਰੇ 'ਤੇ ਉਨ੍ਹਾਂ 'ਤੇ ਝੂਠੇ ਪਰਚੇ ਦਰਜ ਕਰਵਾ ਉਨ੍ਹਾਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਜੇਲ ਭੇਜ ਦਿੱਤਾ ਸੀ, ਜਿਸ 'ਚ ਉਨ੍ਹਾਂ ਦੀ ਬਲੈਰੋ ਗੱਡੀ ਨੂੰ ਵੀ ਸ਼ਾਮਲ ਕਰਦੇ ਹੋਏ ਕਬਜ਼ੇ 'ਚ ਲੈ ਲਿਆ ਗਿਆ। ਸੁਖਦੇਵ ਸਿੰਘ, ਉਸ ਦੀ ਪਤਨੀ ਰਣਜੀਤ ਕੌਰ, ਬੇਟੇ ਅਮਾਨਤ ਸਿੰਘ, ਮਨਜਿੰਦਰ ਸਿੰਘ ਸਮੇਤ ਜਦੋਂ ਜੇਲ 'ਚ ਬੰਦ ਸਨ ਤਾਂ ਉਨ੍ਹਾਂ ਪਿਛੋਂ ਥਾਣਾ ਸਦਰ ਦੇ ਇੰਸਪੈਕਟਰ ਮਨੋਜ ਕੁਮਾਰ ਨੇ ਉਸ ਦੇ ਕਾਂਗਰਸੀ ਭਰਾ ਬਲਦੇਵ ਸਿੰਘ ਨੂੰ ਉਸ ਦੇ ਘਰ ਦਾ ਕਬਜ਼ਾ ਕਰਵਾ ਦਿੱਤਾ, ਜਿਸ ਨੇ ਉਸ ਦੇ ਬਜ਼ੁਰਗ ਮਾਤਾ-ਪਿਤਾ ਨੂੰ ਉਨ੍ਹਾਂ ਦੇ ਘਰ 'ਚ ਹੀ ਕਰੀਬ 18 ਦਿਨਾਂ ਤੋਂ ਬੰਧਕ ਬਣਾਏ ਰੱਖਿਆ। ਸੁਖਦੇਵ ਸਿੰਘ ਅਤੇ ਉਸ ਦੇ ਪਰਿਵਾਰ ਨੇ ਦੱਸਿਆ ਕਿ ਜੇਲ 'ਚੋਂ ਰਿਹਾਅ ਹੋਣ ਉਪਰੰਤ ਉਨ੍ਹਾਂ ਨੂੰ ਬਲਦੇਵ ਸਿੰਘ ਨੇ ਨਾ ਤਾਂ ਘਰ ਦਾਖਲ ਹੋਣ ਦਿੱਤਾ ਅਤੇ ਨਾ ਹੀ ਮਾਤਾ-ਪਿਤਾ ਨੂੰ ਮਿਲਣ ਦਿੱਤਾ। ਸੁਖਦੇਵ ਸਿੰਘ ਨੇ ਰੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਬਲਦੇਵ ਸਿੰਘ ਨੇ ਉਨ੍ਹਾਂ ਦੇ ਘਰ 'ਚ ਜਬਰੀ ਕਬਜ਼ਾ ਕਰਦੇ ਹੋਏ ਉਸ ਦੇ ਮਾਤਾ-ਪਿਤਾ ਨੂੰ ਭੁੱਖੇ ਪਿਆਸੇ ਨਜ਼ਰਬੰਦ ਕਰ ਕੇ ਰੱਖਿਆ ਸੀ। ਉਸ ਨੇ ਦੱਸਿਆ ਕਿ ਇਸ ਸਬੰਧੀ ਕੋਈ ਸੁਣਵਾਈ ਨਾ ਹੋਣ 'ਤੇ ਉਨ੍ਹਾਂ ਨੇ ਮਾਣਯੋਗ ਜੱਜ ਅਮਨਦੀਪ ਕੌਰ ਦੀ ਅਦਾਲਤ 'ਚ ਆਪਣੇ ਭਰਾ ਬਲਦੇਵ ਸਿੰਘ ਵਲੋਂ ਬੰਧਕ ਬਣਾਏ ਗਏ ਮਾਤਾ-ਪਿਤਾ ਨੂੰ ਰਿਹਾਅ ਕਰਵਾਉਣ ਦੀ ਗੁਹਾਰ ਲਾਈ, ਜਿਸ 'ਤੇ ਮਾਣਯੋਗ ਜੱਜ ਵਲੋਂ ਐੱਸ. ਡੀ. ਐੱਮ. ਨੂੰ ਹੁਕਮ ਜਾਰੀ ਕੀਤੇ ਅਤੇ ਐੱਸ. ਡੀ. ਐੱਮ. ਵਲੋਂ ਨਾਇਬ ਤਹਿਸੀਲਦਾਰ ਅਜੇ ਕੁਮਾਰ ਖੁੱਲਰ ਦੀ ਡਿਊਟੀ ਲਾਈ ਗਈ। ਬੀਤੀ ਰਾਤ ਡਿਊਟੀ ਮੈਜਿਸਟਰੇਟ ਅਜੇ ਕੁਮਾਰ ਵਲੋਂ ਪਿੰਡ ਬਾਕੀਪੁਰ ਵਿਖੇ ਛਾਪੇਮਾਰੀ ਕਰਦੇ ਹੋਏ ਬਜ਼ੁਰਗ ਮਾਤਾ-ਪਿਤਾ ਨੂੰ ਰਿਹਾਅ ਕਰਵਾਉਂਦੇ ਹੋਏ ਉਸ ਦੇ ਰਿਸ਼ਤੇਦਾਰਾਂ ਹਵਾਲੇ ਕੀਤਾ ਗਿਆ।

ਕਿਸੇ ਨੂੰ ਬੰਧਕ ਨਹੀਂ ਬਣਾਇਆ : ਬਲਦੇਵ ਸਿੰਘ
ਬਲਦੇਵ ਸਿੰਘ ਨੇ ਦੱਸਿਆ ਕਿ ਹਰ ਬੇਟੇ ਦਾ ਹੱਕ ਹੈ ਕਿ ਉਹ ਆਪਣੇ ਮਾਤਾ-ਪਿਤਾ ਨਾਲ ਰਹਿ ਸਕਦਾ ਹੈ, ਜਿਸ ਤਹਿਤ ਉਸ ਨੇ ਆਪਣੇ ਮਾਤਾ-ਪਿਤਾ ਨਾਲ ਰਹਿ ਕੇ ਕੋਈ ਜੁਰਮ ਨਹੀਂ ਕੀਤਾ ਅਤੇ ਨਾ ਹੀ ਉਨ੍ਹਾਂ ਨੂੰ ਬੰਧਕ ਬਣਾਇਆ ਹੈ।

ਪੁਲਸ ਕਰ ਰਹੀ ਆਪਣੀ ਡਿਊਟੀ : ਐੱਸ. ਐੱਚ. ਓ.
ਐੱਸ. ਐੱਚ. ਓ. ਮਨੋਜ ਕੁਮਾਰ ਨੇ ਦੱਸਿਆ ਕਿ ਪੁਲਸ ਆਪਣੀ ਡਿਊਟੀ ਬਿਨਾਂ ਕਿਸੇ ਸਿਆਸੀ ਦਬਾਅ ਹੇਠ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਮਾਣਯੋਗ ਅਦਾਲਤ 'ਚ ਸੁਖਦੇਵ ਸਿੰਘ ਵਲੋਂ ਬੰਧਕ ਬਣਾਏ ਜਾਣ ਦੀ ਅਰਜ਼ੀ ਨੂੰ ਮਾਣਯੋਗ ਅਦਾਲਤ ਵਲੋਂ ਸਬੂਤਾਂ ਦੀ ਕਮੀ ਨੂੰ ਵੇਖਦੇ ਹੋਏ ਖਾਰਿਜ਼ ਕਰ ਦਿੱਤਾ ਗਿਆ ਹੈ।


author

Baljeet Kaur

Content Editor

Related News