ਡਰੋਨ ਸਾੜ ਕੇ ਟਿਕਾਣੇ ਲਗਾਉਣ ਵਾਲਾ 9ਵਾਂ ਅੱਤਵਾਦੀ ਹੈ ਰੋਬਿਨਪ੍ਰੀਤ

Friday, Oct 04, 2019 - 12:21 PM (IST)

ਤਰਨਤਾਰਨ :  ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਵੱਲੋਂ ਤਰਨਤਾਰਨ ਦੇ ਰਾਜੋਕੇ ਸੈਕਟਰ ’ਚ ਹਥਿਆਰਾਂ ਨਾਲ ਭੇਜੇ ਗਏ ਡਰੋਨ ਦੇ ਕ੍ਰੈਸ਼ ਹੋਣ ਤੋਂ ਬਾਅਦ ਡਰੋਨ ਨੂੰ ਸਾਡ਼ ਕੇ ਟਿਕਾਣੇ ਲਾਉਣ ਵਾਲਾ ਖਾਲਿਸਤਾਨ ਜ਼ਿੰਦਾਬਾਦ ਫਰੋਸ ਦਾ 9ਵਾਂ ਅੱਤਵਾਦੀ ਰੌਬਿਨਪ੍ਰੀਤ ਸਿੰਘ ਝਬਾਲ ਦਾ ਰਹਿਣ ਵਾਲਾ ਹੈ। ਇਹ ਅੱਤਵਾਦੀ ਪੰਜਾਬ ਦੇ ਖੁਫੀਆ ਵਿਭਾਗ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੇ ਨਿਸ਼ਾਨੇ ’ਤੇ ਆ ਚੁੱਕਾ ਹੈ। ਉਸ ਨੇ ਮੰਗਲਵਾਰ ਦੇਰ ਰਾਤ ਗ੍ਰਿਫਤਾਰ ਕੀਤੇ ਅੱਤਵਾਦੀ ਸਾਜਨਪ੍ਰੀਤ ਸਿੰਘ ਤੇ ਮਾਡਿਊਲ ’ਚ ਸ਼ਾਮਿਲ ਅਕਾਸ਼ਦੀਪ ਨਾਲ ਮਿਲ ਕੇ ਅੱਤਵਾਦੀ ਗਤੀਵਿਧੀਆਂ ਵਿਚ ਕਦਮ ਰੱਖਿਆ ਸੀ। ਕ੍ਰੈਸ਼ ਹੋਏ ਡਰੋਨ ਨੂੰ ਸਾਡ਼ਨ ਤੋਂ ਬਾਅਦ ਉਸ ਦੇ ਟੁਕਡ਼ਿਆਂ ਨੂੰ ਝਬਾਲ ਨਹਿਰ ’ਚ ਸੁੱਟ ਦਿੱਤਾ ਗਿਆ ਸੀ। ਰੌਬਿਨਪ੍ਰੀਤ ’ਤੇ ਇਹ ਵੀ ਦੋਸ਼ ਹਨ ਕਿ ਉਸ ਨੇ ਕ੍ਰੈਸ਼ ਹੋਇਆ ਡਰੋਨ ਅੱਤਵਾਦੀ ਅਕਾਸ਼ਦੀਪ ਨਾਲ ਮਿਲ ਕੇ ਮੁਹਾਵਾ ਖੇਤਰ ’ਚ ਲੁਕਾਇਆ ਸੀ, ਜਿਸ ਨੂੰ ਐੱਸ. ਐੱਸ. ਓ. ਸੀ. ਦੇ ਅਧਿਕਾਰੀਆਂ ਨੇ ਅਕਾਸ਼ਦੀਪ ਦੀ ਨਿਸ਼ਾਨਦੇਹੀ ’ਤੇ ਬਰਾਮਦ ਕੀਤਾ ਸੀ। ਰੌਬਿਨਪ੍ਰੀਤ ਗ੍ਰਿਫਤਾਰ ਕੀਤੇ ਗਏ ਕੇ. ਜ਼ੈੱਡ. ਐੱਫ. ਦੇ ਅੱਤਵਾਦੀਆਂ ਦੀ ਆਖਰੀ ਲਡ਼ੀ ਹੈ।

ਜ਼ਿਕਰਯੋਗ ਹੈ ਕਿ 22 ਸਤੰਬਰ ਨੂੰ ਪੰਜਾਬ ਖੁਫੀਆ ਵਿਭਾਗ ਨੇ ਪਾਕਿਸਤਾਨ ਤੋਂ ਡਰੋਨ ਦੁਆਰਾ ਭੇਜੇ ਗਏ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕੀਤੀ ਸੀ, ਜਿਸ ਵਿਚ 5 ਏ. ਕੇ.-47 ਸੀਰੀਜ਼ ਰਾਈਫਲਜ਼, 16 ਮੈਗਜ਼ੀਨ, 472 ਗੋਲੀਆਂ, 30 ਬੋਰ ਦੇ 4 ਪਿਸਤੌਲ, 8 ਮੈਗਜ਼ੀਨਾਂ, 72 ਗੋਲੀਆਂ, 9 ਹੈਂਡ ਗ੍ਰਨੇਡ, 5 ਸੈਟੇਲਾਈਟ ਫੋਨ, 2 ਮੋਬਾਇਲ, 2 ਵਾਇਰਲੈੱਸ ਸਿਸਟਮ ਅਤੇ 10 ਲੱਖ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਸ਼ਾਮਿਲ ਹੈ। ਇਸ ਵਿਚ ਪੁਲਸ ਨੇ ਕੇ. ਜ਼ੈੱਡ. ਐੱਫ. ਦੇ ਚਾਰੇ ਅੱਤਵਾਦੀਆਂ ’ਚੋਂ ਬਲਵੰਤ ਸਿੰਘ ਉਰਫ ਬਾਬਾ ਉਰਫ ਨਿਹੰਗ, ਅਰਸ਼ਦੀਪ ਸਿੰਘ ਉਰਫ ਅਕਾਸ਼ ਰੰਧਾਵਾ, ਹਰਭਜਨ ਸਿੰਘ ਅਤੇ ਬਲਬੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਬਾਅਦ ਪੁਲਸ ਨੇ ਮਾਨ ਸਿੰਘ ਨੂੰ ਕੇਂਦਰੀ ਜੇਲ ਅੰਮ੍ਰਿਤਸਰ ਤੋਂ ਰਿਮਾਂਡ ’ਤੇ ਲਿਆ ਤੇ ਉਸ ਨੂੰ ਜਾਂਚ ’ਚ ਸ਼ਾਮਿਲ ਕਰ ਲਿਆ। ਇਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਜਰਮਨ ਵਿਚ ਟੈਰਰ ਫੰਡਿੰਗ ਕਰਨ ਵਾਲੇ ਗੁਰਮੀਤ ਸਿੰਘ ਦੇ ਭਰਾ ਗੁਰਦੇਵ ਸਿੰਘ ਨੂੰ 3 ਲੱਖ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਸਮੇਤ ਗ੍ਰਿਫਤਾਰ ਕੀਤਾ ਗਿਆ। ਗੁਰਦੇਵ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਸ਼ੁਭਦੀਪ ਸਿੰਘ ਅਤੇ ਸਾਜਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ। ਇਨ੍ਹਾਂ ਸਾਰੇ ਅੱਤਵਾਦੀਆਂ ਦੀ ਪੁੱਛਗਿੱਛ ’ਚ ਰੌਬਿਨਪ੍ਰੀਤ ਸਿੰਘ ਦਾ ਨਾਂ ਸਾਹਮਣੇ ਆਇਆ ਹੈ।


Baljeet Kaur

Content Editor

Related News