ਤਰਨਤਾਰਨ ਬੰਬ ਧਮਾਕੇ ਮਾਮਲੇ ਦੀ NIA ਕਰੇਗੀ ਜਾਂਚ

09/20/2019 9:19:33 PM

ਚੰਡੀਗੜ੍ਹ,(ਰਮਨਜੀਤ): ਤਰਨਤਾਰਨ ਵਿਖੇ 5 ਸਤੰਬਰ ਨੂੰ ਹੋਏ ਧਮਾਕੇ ਦਾ ਮਾਮਲਾ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਦੇ ਹਵਾਲੇ ਕਰਨ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਸ਼ਿਫਾਰਸ਼ ਨੂੰ ਕੇਂਦਰ ਸਰਕਾਰ ਨੇ ਪ੍ਰਵਾਨ ਕਰ ਲਿਆ ਹੈ। ਇਸ ਮਾਮਲੇ ਦਾ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਉਤੇ ਸਬੰਧ ਹੋਣ ਅਤੇ ਪਾਕਿਸਤਾਨ ਅਧਾਰਿਤ ਸਿੱਖ ਫਾਰ ਜਸਟਿਸ (ਐਸ.ਐਫ.ਜੇ) ਦੇ ਦੋਸ਼ੀਆਂ ਨਾਲ ਸ਼ੱਕੀ ਸਬੰਧ ਹੋਣ ਦੇ ਮੱਦੇਨਜ਼ਰ ਅਜਿਹਾ ਕੀਤਾ ਗਿਆ ਹੈ। ਇਕ ਸਰਕਾਰੀ ਬੁਲਾਰੇ ਅਨੁਸਾਰ ਇਸ ਸਬੰਧੀ ਸੂਚਨਾ ਮੁੱਖ ਸਕੱਤਰ ਅਤੇ ਡੀ.ਜੀ.ਪੀ. ਪੰਜਾਬ ਨੂੰ ਪ੍ਰਾਪਤ ਹੋ ਗਈ ਹੈ। ਤਰਨਤਾਰਨ ਜ਼ਿਲ੍ਹੇ ਦੇ ਪਿੰਡ ਪੰਡੋਰੀ ਗੋਲਾ ਦੇ ਬਾਹਰਵਾਰ ਖਾਲੀ ਪਲਾਟ ਵਿਚ ਹੋਏ ਸ਼ਕਤੀਸ਼ਾਲੀ ਬੰਬ ਧਮਾਕੇ ਨਾਲ ਸਬੰਧਤ ਇਕ ਕੇਸ ਐਫ.ਆਈ.ਆਰ. ਨੰਬਰ 0280, ਜ਼ੇਰੇ ਦਫਾ 304 ਆਈ.ਪੀ.ਸੀ. ਅਤੇ ਐਕਸਪਲੋਜ਼ਿਵ ਸਬਸਟਾਂਸਿਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੇ ਹੇਠ ਕੇਸ ਦਰਜ ਕੀਤਾ ਗਿਆ ਸੀ। ਇਸ ਧਮਾਕੇ 'ਚ 2 ਵਿਅਕਤੀ ਮਾਰੇ ਗਏ ਸਨ ਅਤੇ ਇਕ ਹੋਰ ਜ਼ਖਮੀ ਹੋ ਗਿਆ ਸੀ। ਇਹ ਧਮਾਕਾ ਉਸ ਵੇਲੇ ਹੋਇਆ ਸੀ ਜਦੋਂ ਮਾਰੇ ਗਏ ਵਿਅਕਤੀ ਬਰੂਦ ਦੀ ਖੇਪ ਨੂੰ ਕੱਢਣ ਲਈ ਇਕ ਟੋਆ ਪੁੱਟ ਰਹੇ ਸਨ।

ਪੰਜਾਬ ਪੁਲਸ ਨੇ ਪਾਕਿਸਤਾਨ ਅਧਾਰਿਤ ਗਿਰੋਹ ਦੇ 8 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੀ ਪੁਛ ਪੜਤਾਲ ਤੋਂ ਬਾਅਦ ਗੁੰਝਲਦਾਰ ਸਾਜਿਸ਼ ਅਤੇ ਇਸ ਗਿਰੋਹ ਦੇ ਹਮਲਿਆਂ ਦੀ ਗੱਲ ਸਾਹਮਣੇ ਆਈ ਹੈ ਜਿਨ੍ਹਾਂ 'ਚ 2016 'ਚ ਕੀਤਾ ਗਿਆ ਹਮਲਾ ਵੀ ਸ਼ਾਮਲ ਹੈ। ਮੁੱਖ ਸ਼ਾਜਿਸ਼ਕਾਰ ਬਿਕਰਮਜੀਤ ਸਿੰਘ ਉਰਫ਼ ਗ੍ਰੰਥੀ ਅਤੇ ਇਸ ਗਿਰੋਹ ਦੇ 7 ਹੋਰ ਮੈਂਬਰ ਅਜੇ ਵੀ ਭਗੌੜੇ ਹਨ। ਗ੍ਰੰਥੀ ਬਾਰੇ ਵਿਸ਼ਵਾਸ ਕੀਤਾ ਜਾ ਰਿਹਾ ਹੈ ਕਿ ਉਹ ਆਸਟਰੀਆ ਵਿਖੇ ਹੈ। ਪੇਸ਼ੇ ਵਜੋਂ ਗ੍ਰੰਥੀ ਅਤੇ ਦਮਦਮੀ ਟਕਸਾਲ ਦਾ ਪੈਰੋਕਾਰ ਬਿਕਰਮ ਪਾਠੀ ਵਜੋਂ ਕੰਮ ਕਰਦਾ ਹੈ। ਉਹ ਅੱਤ ਦਾ ਗਰਮ ਖਿਆਲੀ ਵਿਅਕਤੀ ਹੈ। ਉਸ ਨੇ ਉੱਘੀਆਂ ਸਿਆਸੀ ਸ਼ਖਸ਼ੀਅਤਾਂ ਅਤੇ ਸਮਾਜਿਕ-ਧਾਰਮਿਕ ਸੰਸਥਾਵਾਂ, ਸਥਾਨਕ ਵਿਰੋਧੀ ਸਿਆਸਤਦਾਨਾਂ, ਹਿੰਦੂ ਆਗੂਆਂ ਅਤੇ ਸਿੱਖ ਪ੍ਰਚਾਰਕਾਂ ਨੂੰ ਦੇਸੀ ਬੰਬਾਂ ਦੀ ਮਦਦ ਨਾਲ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ ਸੀ। ਆਈ.ਈ.ਡੀ. ਦੇ ਇਸ ਮਾਹਿਰ ਨੇ ਸਥਾਨਕ ਬਣੇ ਬਹੁਮੰਤਵੀ ਬੰਬਾਂ ਨਾਲ ਪੁਲਸ ਮੁਲਾਜ਼ਮਾਂ 'ਤੇ ਹਮਲਾ ਕਰਨ ਦੀ ਵੀ ਯੋਜਨਾ ਬਣਾਈ।

ਪੁਲਸ ਦੇ ਬੁਲਾਰੇ ਮੁਤਾਬਕ ਜਾਂਚ ਤੋਂ ਇਹ ਪਤਾ ਲਗਦਾ ਹੈ ਕਿ ਉਕਤ ਗਿਰੋਹ ਦੇ ਮੈਂਬਰਾਂ ਦੇ ਪਾਕਿਸਤਾਨ ਅਤੇ ਐਸ.ਐਫ.ਜੇ. ਨਾਲ ਗੂੜੇ ਰਿਸ਼ਤੇ ਸਨ। ਚੰਨਦੀਪ ਸਿੰਘ ਉਰਫ ਗੱਬਰ ਸਿੰਘ ਪਾਕਿਸਤਾਨ ਦੇ ਉਸਮਾਨ ਦੇ ਲਗਾਤਾਰ ਸੰਪਰਕ 'ਚ ਦੱਸਿਆ ਜਾਂਦਾ ਹੈ ਜਿਸਨੂੰ ਉਹ ਸਾਲ 2018 ਵਿੱਚ ਫੇਸਬੁੱਕ ਰਾਹੀਂ ਮਿਲਿਆ ਸੀ। ਉਸਮਾਨ ਚੰਨਦੀਪ ਨੂੰ ਖਾਲਿਸਤਾਨ ਅਤੇ ਭਾਰਤ ਸਰਕਾਰ ਵਲੋਂ ਕਸ਼ਮੀਰ ਧਾਰਾ 370 ਹਟਾਏ ਜਾਣ ਸਬੰਧੀ ਸੰਦੇਸ਼ ਭੇਜਦਾ ਰਹਿੰਦਾ ਸੀ ਅਤੇ ਚੰਨਦੀਪ ਸਿੰਘ ਨੂੰ ਕਸ਼ਮੀਰੀ ਜਿਹਾਦੀਆਂ ਨਾਲ ਰਲ਼ਕੇ ਇੱਕ ਵੱਖਰਾ ਮੁਲਕ ਖ਼ਾਲਿਸਤਾਨ ਸਥਾਪਤ ਕਰਨ ਲਈ ਪ੍ਰੇਰਦਾ ਸੀ। ਚੰਨਦੀਪ ਦੀ ਕੰਟੈਕਟ ਲਿਸਟ ਵਿੱਚੋਂ ਕਈ ਪਾਕਿਸਤਾਨੀ ਨੰਬਰ ਵੀ ਮਿਲੇ ਹਨ।


Related News