ਮਹਿਲਾ ਪੁਲਸ ਮੁਲਾਜ਼ਮ ਨੂੰ ਦਾਜ ਦੀ ਖਾਤਰ ਪਤੀ ਨੇ ਕੁੱਟਮਾਰ ਕਰ ਕੇ ਘਰੋਂ ਕੱਢਿਆ
Monday, Oct 21, 2019 - 11:04 AM (IST)

ਤਰਨਤਾਰਨ (ਰਾਜੂ) : ਜ਼ਿਲਾ ਤਰਨਤਾਰਨ ਦੇ ਪਿੰਡ ਚੂਸਲੇਵੜ ਨਿਵਾਸੀ ਮਹਿਲਾ ਪੁਲਸ ਮੁਲਾਜ਼ਮ ਨੂੰ ਉਸ ਦੇ ਪਤੀ ਵਲੋਂ ਦਾਜ ਨਾ ਲਿਆਉਣ 'ਤੇ ਕੁੱਟ-ਮਾਰ ਕਰ ਕੇ ਘਰੋਂ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਦਰ ਪੱਟੀ ਪੁਲਸ ਨੇ 3 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪੁਲਸ ਨੂੰ ਕੀਤੀ ਸ਼ਿਕਾਇਤ 'ਚ ਕੰਵਲਜੀਤ ਕੌਰ ਨਿਵਾਸੀ ਚੂਸਲੇਵੜ ਨੇ ਦੱਸਿਆ ਕਿ ਉਸ ਦਾ ਵਿਆਹ ਸਾਲ 2011 'ਚ ਗੁਰਸਾਹਿਬ ਸਿੰਘ ਵਾਸੀ ਚੂਸਲੇਵੜ ਨਾਲ ਹੋਇਆ ਸੀ ਪਰ ਉਸ ਦੇ ਪਤੀ ਦੀ ਕੈਂਸਰ ਕਾਰਣ ਮੌਤ ਹੋ ਗਈ। ਜਿਸ ਤੋਂ ਬਾਅਦ ਸਾਲ 2018 'ਚ ਉਸ ਦਾ ਵਿਆਹ ਦਿਓਰ ਬਲਜਿੰਦਰ ਸਿੰਘ ਨਾਲ ਹੋ ਗਿਆ। ਉਸ ਦੇ ਮਾਪਿਆਂ ਨੇ ਵਿਆਹ ਸਮੇਂ ਆਪਣੀ ਹੈਸੀਅਤ ਤੋਂ ਵੱਧ ਦਾਜ ਦਿੱਤਾ ਸੀ ਪਰ ਉਸ ਦਾ ਪਤੀ ਬਲਜਿੰਦਰ ਸਿੰਘ ਅਤੇ ਸੱਸ ਸਿਮਰਜੀਤ ਕੌਰ ਹੋਰ ਦਾਜ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਸਨ। ਬੀਤੀ 16 ਅਕਤੂਬਰ ਨੂੰ ਸ਼ਾਮ ਸਮੇਂ ਜਦ ਉਹ ਡਿਊਟੀ ਤੋਂ ਵਾਪਸ ਘਰ ਪਰਤੀ ਤਾਂ ਉਸ ਦੇ ਪਤੀ ਬਲਜਿੰਦਰ ਸਿੰਘ ਨੇ ਉਸ ਨਾਲ ਗਾਲੀ-ਗਲੋਚ ਕੀਤਾ ਅਤੇ ਕੁੱਟ-ਮਾਰ ਕਰ ਕੇ ਘਰੋਂ ਕੱਢ ਦਿੱਤਾ, ਜਿਸ ਤੋਂ ਬਾਅਦ ਉਹ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਹੋਈ ਅਤੇ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ।
ਇਸ ਸਬੰਧੀ ਏ. ਐੱਸ. ਆਈ. ਗੁਰਚਰਨ ਸਿੰਘ ਨੇ ਦੱਸਿਆ ਕਿ ਬਲਜਿੰਦਰ ਸਿੰਘ ਪੁੱਤਰ ਰਸ਼ਪਾਲ ਸਿੰਘ, ਸਿਮਰਜੀਤ ਕੌਰ ਪਤਨੀ ਰਸ਼ਪਾਲ ਸਿੰਘ ਅਤੇ ਸੁਖਦੇਵ ਸਿੰਘ ਪੁੱਤਰ ਮੱਸਾ ਸਿੰਘ ਵਾਸੀਆਨ ਚੂਸਲੇਵੜ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।