ਖਡੂਰ ਸਾਹਿਬ ਦੇ 16,25,192 ਵੋਟਰ 19 ਨੂੰ ਉਮੀਦਵਾਰਾਂ ਦੇ ਭਵਿੱਖ ''ਤੇ ਲਾਉਣਗੇ ਮੋਹਰ

05/18/2019 11:24:34 AM

ਤਰਨਤਾਰਨ (ਰਮਨ) : ਲੋਕ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ 'ਚ ਖੜ੍ਹੇ ਉਮੀਦਵਾਰਾਂ ਦੇ ਹੱਕ 'ਚ ਹੋ ਰਿਹਾ ਚੋਣ ਪ੍ਰਚਾਰ ਅੱਜ ਸ਼ਾਮ 5 ਵਜੇ ਬੰਦ ਹੋ ਗਿਆ। ਜ਼ਿਕਰਯੋਗ ਹੈ ਕਿ ਜਿਥੇ ਚੋਣ ਪ੍ਰਚਾਰ ਦਾ ਆਖਰੀ ਦਿਨ ਹੋਣ ਕਾਰਨ ਸਮੂਹ ਉਮੀਦਵਾਰਾਂ ਵੱਲੋਂ ਅੱਜ ਮੀਂਹ 'ਚ ਭਿੱਜ ਕੇ ਆਪਣਾ ਚੋਣ ਪ੍ਰਚਾਰ ਕਰਨ ਲਈ ਮਜਬੂਰ ਹੋਣਾ ਪਿਆ ਉਥੇ ਆਮ ਜਨਤਾ ਨੇ ਵੀ ਸੁੱਖ ਦਾ ਸਾਹ ਲਿਆ। ਹੈਰਾਨੀ ਦੀ ਗੱਲ ਇਹ ਹੈ ਕਿ 19 ਮਈ ਨੂੰ ਪੈਣ ਜਾ ਰਹੀਆਂ ਵੋਟਾਂ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਕਿੰਨੇ ਵੋਟਰਾਂ ਦੇ ਹੱਥ 'ਚ ਹੈ ਉਮੀਦਵਾਰਾਂ ਦਾ ਫੈਸਲਾ
ਲੋਕ ਸਭਾ ਹਲਕਾ ਖਡੂਰ ਸਾਹਿਬ ਅਧੀਨ ਕੁੱਲ 9 ਵਿਧਾਨ ਸਭਾ ਹਲਕੇ ਸ਼ਾਮਲ ਹਨ , ਜਿਨ੍ਹਾਂ ਦੀ ਕੁੱਲ ਗਿਣਤੀ 16,25,192 ਹੈ। ਇਨ੍ਹਾਂ 'ਚੋਂ ਵਿਧਾਨ ਸਭਾ ਹਲਕਾ ਤਰਨਤਾਰਨ 'ਚ ਕੁੱਲ ਵੋਟਰ 1,89,955 ਹਨ ਜਿਨ੍ਹਾਂ 'ਚ 99,434 ਮਰਦ, 90,516 ਔਰਤਾਂ ਤੇ ਥਰਡ ਜੈਂਡਰ 5 ਸ਼ਾਮਲ ਹਨ। ਇਸੇ ਤਰ੍ਹਾਂ ਖੇਮਕਰਨ 'ਚ ਕੁੱਲ ਵੋਟਰ 2,02,894 ਹਨ ਜਿਨ੍ਹਾਂ 'ਚ 1,06,366 ਮਰਦ, 96,522 ਔਰਤਾਂ ਅਤੇ ਥਰਡ ਜੈਂਡਰ 6, ਪੱਟੀ 'ਚ ਕੁੱਲ ਵੋਟਰ 1,93,789 ਹਨ, ਜਿਨ੍ਹਾਂ 'ਚ 1,01,393 ਮਰਦ, 92,385 ਔਰਤਾਂ ਅਤੇ ਥਰਡ ਜੈਂਡਰ 11 ਹਨ। ਵਿਧਾਨ ਸਭਾ ਹਲਕਾ ਖਡੂਰ ਸਾਹਿਬ 'ਚ ਕੁੱਲ ਵੋਟਰ 1,97,043 ਹਨ ਜਿਨ੍ਹਾਂ 'ਚ 1,04,114 ਮਰਦ, 92,921 ਔਰਤਾਂ ਤੇ 8 ਥਰਡ ਜੈਂਡਰ ਸ਼ਾਮਲ ਹਨ। ਜੰਡਿਆਲਾ ਗੁਰੂ 'ਚ ਕੁੱਲ ਵੋਟਰ 1,73,884 ਹਨ ਜਿਨ੍ਹਾਂ 'ਚ 92,504 ਮਰਦ, 81,379 ਔਰਤਾਂ ਅਤੇ 1 ਥਰਡ ਜੈਂਡਰ ਸ਼ਾਮਲ ਹਨ। ਹਲਕਾ ਬਾਬਾ ਬਕਾਲਾ 'ਚ ਕੁੱਲ ਵੋਟਰ 1,94,571 ਹਨ ਜਿਨ੍ਹਾਂ 'ਚ 1,01,194 ਮਰਦ, 93,363 ਔਰਤਾਂ ਅਤੇ 14 ਥਰਡ ਜੈਂਡਰ ਸ਼ਾਮਲ ਹਨ। ਕਪੂਰਥਲਾ 'ਚ ਕੁੱਲ ਵੋਟਰ 1,44,240 ਹਨ ਜਿਨ੍ਹਾਂ 'ਚ 75,608 ਮਰਦ, 68,612 ਔਰਤਾਂ ਅਤੇ 20 ਥਰਡ ਜੈਂਡਰ ਸ਼ਾਮਲ ਹਨ। ਹਲਕਾ ਸੁਲਤਾਨਪੁਰ ਲੋਧੀ 'ਚ ਕੁੱਲ ਵੋਟਰ 1,45,597 ਹਨ ਜਿਨ੍ਹਾਂ 'ਚ 77,129 ਮਰਦ, 68,465 ਔਰਤਾਂ ਅਤੇ 3 ਥਰਡ ਜੈਂਡਰ ਸ਼ਾਮਲ ਹਨ। ਵਿਧਾਨ ਸਭਾ ਹਲਕਾ ਜ਼ੀਰਾ 'ਚ ਕੁੱਲ ਵੋਟਰ 1,83,219 ਹਨ ਜਿਨ੍ਹਾਂ 'ਚ 96,768 ਮਰਦ, 86,446 ਔਰਤਾਂ ਅਤੇ 5 ਥਰਡ ਜੈਂਡਰ ਸ਼ਾਮਲ ਹਨ।

ਵੋਟਰ ਨੋਟਾ ਬਟਨ ਦਾ ਕਰ ਸਕਦੇ ਹਨ ਜ਼ਿਆਦਾ ਇਸਤੇਮਾਲ
ਇਸ ਵਾਰ ਲੋਕ ਸਭਾ ਚੋਣਾਂ 'ਚ ਵੋਟਰ ਈ. ਵੀ. ਐੱਮ. ਮਸ਼ੀਨ 'ਤੇ ਲੱਗੇ ਨੋਟਾ ਦੇ ਬਟਨ ਦਾ ਇਸਤੇਮਾਲ ਜ਼ਿਆਦਾ ਕਰ ਸਕਦੇ ਹਨ ਜਿਸ ਦਾ ਮੁੱਖ ਕਾਰਨ ਸੰਸਦ ਮੈਂਬਰਾਂ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ 'ਤੇ ਪੂਰਾ ਨਾ ਉੱਤਰਨਾ ਮੰਨਿਆ ਜਾ ਰਿਹਾ ਹੈ। ਸਾਲ 2014 ਦੀਆਂ ਲੋਕ ਸਭਾ ਚੋਣਾਂ 'ਚ ਕੁੱਲ 17 ਉਮੀਦਵਾਰਾਂ ਨੂੰ ਨਕਾਰਦੇ ਹੋਏ 5624 ਵੋਟਰਾਂ ਨੇ ਨੋਟਾ ਬਟਨ ਦਬਾਇਆ ਸੀ। ਨੌਜਵਾਨਾਂ 'ਚ ਚੋਣਾਂ ਸਬੰਧੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

ਸੁਰੱਖਿਆ ਪ੍ਰਬੰਧ ਮੁਕੰਮਲ
ਐੱਸ.ਪੀ. (ਸਥਾਨਕ) ਗੌਰਵ ਤੂਰਾ ਨੇ ਦੱਸਿਆ ਕਿ ਐੱਸ.ਐੱਸ.ਪੀ. ਕੁਲਦੀਪ ਸਿੰਘ ਚਾਹਲ ਦੇ ਹੁਕਮਾਂ ਤਹਿਤ ਸਾਰੇ ਬੂਥਾਂ ਤੇ ਪੁਲਸ ਮੁਲਾਜ਼ਮਾਂ ਦੇ ਨਾਲ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਇਸ ਜ਼ਿਲੇ 'ਚ ਬਾਹਰੋਂ ਆਈਆਂ ਕੁੱਲ 11 ਸੁਰੱਖਿਆ ਬਲਾਂ ਦੀਆਂ ਕੰਪਨੀਆਂ ਜਿਨ੍ਹਾਂ 'ਚ ਆਰ.ਪੀ.ਐੱਫ., ਸੀ.ਆਰ.ਪੀ.ਐੱਫ., ਬੀ.ਐੱਸ.ਐੱਫ. ਸ਼ਾਮਲ ਹਨ। ਹਰ ਇਕ ਕੰਪਨੀ ਵਿਚ ਕਰੀਬ 90 ਜਵਾਨ ਸ਼ਾਮਲ ਹਨ ਜੋ ਰੋਜ਼ਾਨਾ ਫਲੈਗ ਮਾਰਚ, ਗਸ਼ਤ ਕਰਨ ਦੇ ਨਾਲ-ਨਾਲ ਨਾਕਿਆਂ ਤੇ ਤਾਇਨਾਤ ਹਨ। ਐੱਸ. ਪੀ. ਦੱਸਿਆ ਕਿ ਇਸ ਚੋਣ ਡਿਊਟੀ 'ਚ ਹਰ ਮੁਲਾਜ਼ਮ ਤੇ ਅਧਿਕਾਰੀਆਂ ਦੀਆਂ ਡਿਊਟੀਆਂ 24 ਘੰਟੇ ਚੱਲ ਰਹੀਆਂ ਹਨ।

ਠੇਕੇ ਰਹਿਣਗੇ ਤਿੰਨ ਦਿਨ ਬੰਦ
ਸਹਾਇਕ ਕਮਿਸ਼ਨਰ ਐਕਸਾਈਜ਼ ਐਂਡ ਟੈਕਸੇਸ਼ਨ ਸੁਖਚੈਨ ਸਿੰਘ ਨੇ ਦੱਸਿਆ ਕਿ ਜ਼ਿਲਾ ਚੋਣ ਅਫਸਰ ਪ੍ਰਦੀਪ ਕੁਮਾਰ ਸੱਭਰਵਾਲ ਦੇ ਹੁਕਮਾਂ 'ਤੇ ਜ਼ਿਲੇ ਭਰ ਦੇ ਸਾਰੇ ਸ਼ਰਾਬ ਠੇਕੇ ਸ਼ੁੱਕਰਵਾਰ ਸ਼ਾਮ 5 ਵਜੇ ਤੋਂ ਐਤਵਾਰ ਸ਼ਾਮ 6 ਵਜੇ ਤੱਕ ਬੰਦ ਰਹਿਣਗੇ ਤੇ ਵੋਟਾਂ ਦੀ ਗਿਣਤੀ ਵਾਲੇ ਦਿਨ 23 ਮਈ ਨੂੰ ਸਵੇਰ ਤੋਂ ਲੈ ਕੇ ਸ਼ਾਮ 6 ਵਜੇ ਤੱਕ ਠੇਕਿਆਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜੇ ਕਿਸੇ ਨੇ ਠੇਕਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਉਸ ਖਿਲਾਫ ਸਖ਼ਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।

ਜ਼ਿਲੇ ਦੇ ਸਾਰੇ 878 ਪੋਲਿੰਗ ਬੂਥਾਂ ਨੂੰ ਬਣਾਇਆ ਜਾਵੇਗਾ ਮਾਡਲ ਪੋਲਿੰਗ ਬੂਥ : ਜ਼ਿਲਾ ਚੋਣ ਅਫਸਰ
ਜ਼ਿਲਾ ਚੋਣ ਅਫਸਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਚੋਣਾਂ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਜੋ ਕਰਮਚਾਰੀ ਜਾਂ ਅਧਿਕਾਰੀ ਆਪਣੀ ਡਿਊਟੀ ਤੋਂ ਗੈਰ-ਹਾਜ਼ਰ ਪਾਇਆ ਗਿਆ ਉਸ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲਾ ਤਰਨਤਾਰਨ ਦੇ ਕੁੱਲ 531 ਪੋਲਿੰਗ ਸਟੇਸ਼ਨਾਂ ਅਧੀਨ ਆਉਂਦੇ 878 ਪੋਲਿੰਗ ਬੂਥਾਂ ਨੂੰ ਮਾਡਲ ਪੋਲਿੰਗ ਬੂਥ ਬਣਾਇਆ ਜਾ ਰਿਹਾ ਹੈ। ਉਨ੍ਹਾਂ ਅਪੀਲ ਕੀਤੀ ਕੀ ਵੋਟਰ ਆਪਣੀ ਵੋਟ ਦਾ ਇਸਤੇਮਾਲ ਬਿਨਾਂ ਡਰ, ਲਾਲਚ ਅਤੇ ਦਬਾਅ ਹੇਠ ਜ਼ਰੂਰ ਕਰਨ।


Baljeet Kaur

Content Editor

Related News