ਚੋਰਾਂ ਨੇ ਕੋਠੀ ਦੇ ਤਾਲੇ ਤੋੜ ਕੇ ਸਾਮਾਨ ’ਤੇ ਕੀਤਾ ਹੱਥ ਸਾਫ਼

09/02/2019 11:15:21 AM

ਤਰਨਤਾਰਨ/ਹਰੀ ਕੇ ਪੱਤਣ (ਰਾਜੂ, ਲਵਲੀ) - ਜ਼ਿਲਾ ਤਰਨਤਾਰਨ ਦੇ ਪਿੰਡ ਸਰਾਲੀ ਮੰਡ ਵਿਖੇ ਚੋਰਾਂ ਵਲੋਂ ਕੋਠੀ ਦੇ ਤਾਲੇ ਤੋੜ ਕੇ ਕੀਮਤੀ ਸਾਮਾਨ, ਸੋਨੇ ਦੇ ਜੇਵਰਾਤ ਆਦਿ ਚੋਰੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਚੋਰ ਜਾਂਦੇ ਹੋਏ ਕੋਠੀ ਵਿਚ ਸੁਰੱਖਿਆ ਲਈ ਲਾਏ ਸੀ. ਸੀ. ਟੀ. ਵੀ. ਕੈਮਰੇ ਅਤੇ ਡੀ. ਵੀ. ਆਰ. ਨੂੰ ਵੀ ਚੋਰੀ ਕਰ ਕੇ ਲੈ ਗਏ। ਘਟਨਾ ਸਬੰਧੀ ਥਾਣਾ ਸਿਟੀ ਪੱਟੀ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਪੁਲਸ ਨੂੰ ਦਿੱਤੇ ਬਿਆਨਾਂ ’ਚ ਰਜਿੰਦਰ ਸਿੰਘ ਪੁੱਤਰ ਹਜ਼ਾਰਾ ਸਿੰਘ ਵਾਸੀ ਸਰਾਲੀ ਮੰਡਾ ਹਾਲ ਵਾਸੀ ਜੈਤੋਂ ਸਰਜਾ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਨੂੰ ਸਾਡੇ ਕਾਮੇ ਨੇ ਫੋਨ ਕਰ ਕੇ ਦੱਸਿਆ ਕਿ ਤੁਹਾਡੀ ਕੋਠੀ ਦੇ ਤਾਲੇ ਟੁੱਟੇ ਹੋਏ ਹਨ, ਜਦ ਉਹ ਆਪਣੀ ਕੋਠੀ ਆਏ ਤਾਂ ਵੇਖਿਆ ਕਿ ਇਕ ਟੀ. ਵੀ., 1 ਵਾਸ਼ਿੰਗ ਮਸ਼ੀਨ, 1 ਜੂਸਰ, ਲੈਪਟਾਪ, 1 ਮੂਵੀ ਕੈਮਰਾ, 1 ਜਨਰੇਟਰ, ਇਨਵਰਟਰ ਬੈਟਰਾ, ਗੈਸ ਚੁੱਲ੍ਹਾ ਸਮੇਤ ਸਿਲੰਡਰ ਤੋਂ ਇਲਾਵਾ 1 ਸੋਨੇ ਦੀ ਚੇਨ, 2 ਮੁੰਦਰੀਆਂ ਅਤੇ ਹੋਰ ਘਰੇਲੂ ਸਮਾਨ ਗਾਇਬ ਸੀ, ਜਿਸ ਨੂੰ ਚੋਰਾਂ ਨੇ ਚੋਰੀ ਕਰ ਲਿਆ ਅਤੇ ਨਾਲ ਹੀ ਕੋਠੀ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਅਤੇ ਡੀ. ਵੀ. ਆਰ. ਨੂੰ ਵੀ ਚੋਰੀ ਕਰ ਕੇ ਲੈ ਗਏ, ਜਿਸ ਦੀ ਸ਼ਿਕਾਇਤ ਉਨ੍ਹਾਂ ਪੁਲਸ ਨੂੰ ਕਰ ਦਿੱਤੀ ਹੈ। ਇਸ ਸਬੰਧੀ ਏ. ਐੱਸ. ਆਈ. ਸਤਪਾਲ ਨੇ ਦੱਸਿਆ ਕਿ ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਚੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


Baljeet Kaur

Content Editor

Related News