ਤਰਨਤਾਰਨ: ਘਰ ਜਾਣ ਦੀ ਜਿੱਦ ''ਤੇ ਅੜੇ ਕੋਰੋਨਾ ਮਰੀਜ਼ਾਂ ਨੇ ਦਿੱਤਾ ਧਰਨਾ
Monday, May 11, 2020 - 05:49 PM (IST)
ਤਰਨਤਾਰਨ (ਰਮਨ): ਜ਼ਿਲਾ ਪੱਧਰੀ ਹਸਪਤਾਲ ਤਰਨਤਾਰਨ ਵਿਖੇ ਮੌਜੂਦ ਆਈਸੋਲੇਸ਼ਨ ਵਾਰਡ ਅੰਦਰ ਦਾਖਲ ਕੋਰੋਨਾ ਪੀੜਤ ਮਰੀਜ਼ਾਂ ਵਲੋਂ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਜ਼ਬਰਦਸਤੀ ਵਾਰਡ ਦੇ ਦਰਵਾਜ਼ੇ ਖੋਲ੍ਹ ਗੇਟ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ। ਪੀੜਤ ਮਰੀਜ਼ਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਜਲਦ ਤੋਂ ਜਲਦ ਘਰ ਭੇਜ ਦਿੱਤਾ ਜਾਵੇ ।ਮਰੀਜ਼ਾਂ ਨੇ ਰੋਸ ਜ਼ਾਹਿਰ ਕਰਦੇ ਹੋਏ ਪ੍ਰਸ਼ਾਸਨ ਖਿਲਾਫ ਕਾਫੀ ਭੜਾਸ ਵੀ ਕੱਢੀ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਰਿਪੋਰਟਾਂ ਨੈਗੇਟਿਵ ਆ ਚੁੱਕੀਆਂ ਹਨ ਪਰ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਪਾਜ਼ੇਟਿਵ ਦੱਸ ਵਾਰਡ 'ਚ ਜਬਰਦਸਤੀ ਦਾਖਲ ਕੀਤਾ ਗਿਆ ਹੈ। ਇਸ ਦੌਰਾਨ ਮੌਕੇ ਤੇ ਏ.ਡੀ.ਸੀ ਸੁਰਿੰਦਰ ਸਿੰਘ ਡੀ.ਐੱਸ.ਪੀ. ਸੁੱਚਾ ਸਿੰਘ ਬੱਲ ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚ ਮਰੀਜ਼ਾਂ ਦੀ ਗੱਲ ਸੁਣ ਰਹੇ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਦਾਖਲ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੇ ਵੀ ਘਰ ਜਾਣ ਦੀ ਜਿੱਦ ਨੂੰ ਲੈ ਕੇ ਹੰਗਾਮਾ ਕੀਤਾ ਹੈ। ਉਨ੍ਹਾਂ ਮਰੀਜ਼ਾਂ ਨੇ ਡਾਕਟਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਜਲਦੀ ਛੁੱਟੀ ਨਾ ਦਿੱਤੀ ਗਈ ਤਾਂ ਉਹ ਹਸਪਤਾਲ ਦੀ ਉਪਰਲੀ ਮੰਜ਼ਿਲ ਤੋਂ ਛਾਲ ਮਾਰ ਦੇਣਗੇ ਅਤੇ ਇਸ ਨੂੰ ਧਿਆਨ 'ਚ ਰੱਖਦੇ ਹੋਏ ਡਾਕਟਰਾਂ ਵਲੋਂ ਕੋਰੋਨਾ ਆਈਸੋਲੇਸ਼ਨ ਵਾਰਡ ਦੇ ਬਾਹਰ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ।