ਸਿਹਤ ਵਿਭਾਗ ਪੰਜਾਬ ਵਲੋਂ ਬਦਲੇ ਡਾਕਟਰ ਨੇ ਲਈ ਹਾਈ ਕੋਰਟ ਦੀ ਸ਼ਰਨ
Sunday, Jan 19, 2020 - 11:59 AM (IST)
ਤਰਨਤਾਰਨ (ਰਮਨ) : ਸਥਾਨਕ ਸਿਵਲ ਹਸਪਤਾਲ ਤਰਨਤਾਰਨ ਵਿਖੇ ਕਰੀਬ ਅੱਠ ਮਹੀਨੇ ਪਹਿਲਾਂ ਤਾਇਨਾਤ ਹੋਏ ਡਾ. ਨਵਪ੍ਰੀਤ ਸਿੰਘ ਦੀ ਅਚਾਨਕ ਸਿਹਤ ਵਿਭਾਗ ਪੰਜਾਬ ਵਲੋਂ ਬਦਲੀ ਕਰ ਦਿੱਤੀ ਗਈ। ਇਸ ਤੋਂ ਬਾਅਦ ਡਾ. ਨਵਪ੍ਰੀਤ ਸਿੰਘ ਨੇ ਸਰਕਾਰ ਦੇ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਰੁੱਖ ਕਰ ਕੇ ਸਿਵਲ ਪਟੀਸ਼ਨ ਦਾਇਰ ਕਰ ਦਿੱਤੀ ਹੈ, ਜਿਸ ਦੀ ਅਗਲੀ ਸੁਣਵਾਈ ਮਾਣਯੋਗ ਹਾਈ ਕੋਰਟ ਵਲੋਂ 11 ਫਰਵਰੀ ਨੂੰ ਤੈਅ ਕੀਤੀ ਗਈ ਹੈ।
ਬੀਤੇ ਦਿਨੀਂ ਸਿਹਤ ਵਿਭਾਗ, ਪੰਜਾਬ ਵਲੋਂ ਵੱਖ-ਵੱਖ ਸਹਾਇਕ ਸਿਵਲ ਸਰਜਨ, ਐੱਸ. ਐੱਮ. ਓਜ਼ ਅਤੇ ਹੋਰ ਡਾਕਟਰਾਂ ਦੇ ਤਬਾਦਲੇ ਪੰਜਾਬ ਭਰ 'ਚ ਕੀਤੇ ਗਏ ਸਨ, ਜਿਸ ਤਹਿਤ ਜ਼ਿਲਾ ਨਵਾਂਸ਼ਹਿਰ ਦੇ ਮੁਕੰਦਪੁਰ ਸੀ. ਐੱਚ. ਸੀ. 'ਚ ਤਾਇਨਾਤ ਡਾ. ਅਮਨਦੀਪ ਸਿੰਘ ਧੰਜੂ (ਐੱਮ. ਡੀ. ਮੈਡੀਸਨ) ਨੂੰ ਸਿਵਲ ਹਸਪਤਾਲ ਤਰਨਤਾਰਨ ਵਿਖੇ ਭੇਜ ਦਿੱਤਾ ਗਿਆ। ਜਦਕਿ ਕਰੀਬ 8 ਮਹੀਨੇ ਪਹਿਲਾਂ ਸਿਵਲ ਹਸਪਤਾਲ ਤਰਨਤਾਰਨ ਵਿਖੇ ਤਾਇਨਾਤ ਕੀਤੇ ਗਏ ਡਾ. ਨਵਪ੍ਰੀਤ ਸਿੰਘ (ਐੱਮ. ਡੀ. ਮੈਡੀਸਨ) ਦਾ ਤਬਾਦਲਾ ਬਿਨਾਂ ਕਿਸੇ ਸ਼ਿਕਾਇਤ ਜਾਂ ਕਾਰਣ ਤੋਂ ਨਵਾਂਸ਼ਹਿਰ ਦੇ ਮੁਕੰਦਪੁਰ ਸੀ. ਐੱਚ. ਸੀ. ਵਿਖੇ ਕਰ ਦਿੱਤਾ ਗਿਆ। ਸਰਕਾਰੀ ਆਦੇਸ਼ਾਂ ਦਾ ਪਾਲਣ ਕਰਦਿਆਂ ਡਾ. ਧੰਜੂ ਨੇ ਸਥਾਨਕ ਹਸਪਤਾਲ ਵਿਖੇ ਆਪਣਾ ਚਾਰਜ ਲੈ ਲਿਆ ਪਰੰਤੂ ਡਾ. ਨਵਪ੍ਰੀਤ ਸਿੰਘ ਨੇ ਬਿਨਾਂ ਕਿਸੇ ਸ਼ਿਕਾਇਤ ਤੋਂ ਹੋਏ ਤਬਾਦਲੇ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਚੁਣੌਤੀ ਦਿੰਦੇ ਹੋਏ ਸਿਵਲ ਪਟੀਸ਼ਨ ਦਾਇਰ ਕਰ ਦਿੱਤੀ, ਜਿਸ 'ਤੇ ਸੁਣਵਾਈ ਕਰਦੇ ਹੋਏ ਮਾਣਯੋਗ ਅਦਾਲਤ ਨੇ ਆਰਜ਼ੀ ਤੌਰ 'ਤੇ ਰੋਕ ਲਾ ਦਿੱਤੀ ਹੈ ਅਤੇ ਮਾਮਲੇ ਦੀ ਅਗਲੀ ਸੁਣਵਾਈ ਮਿਤੀ 11 ਫਰਵਰੀ ਨੂੰ ਤੈਅ ਕੀਤੀ ਗਈ ਹੈ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਿਵਲ ਹਸਪਤਾਲ 'ਚ ਤਾਇਨਾਤ ਡਾ. ਨਵਪ੍ਰੀਤ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਡਾਇਲਸਿਸ ਕਰਨ ਸਬੰਧੀ ਟਰੇਨਿੰਗ ਸਿਹਤ ਵਿਭਾਗ ਵਲੋਂ ਦਿੱਤੀ ਗਈ ਹੈ, ਜਿਸ ਕਾਰਣ ਹਸਪਤਾਲ 'ਚ ਹਰ ਮਹੀਨੇ ਕਰੀਬ 15 ਮਰੀਜ਼ਾਂ ਦਾ ਡਾਇਲਸਿਸ ਮੁਫ਼ਤ ਕੀਤਾ ਜਾਂਦਾ ਹੈ। ਇਸ ਹਸਪਤਾਲ 'ਚ ਨਵੇਂ ਆਏ ਡਾ. ਧੰਜੂ ਵਲੋਂ ਚਾਰਜ ਸੰਭਾਲਦੇ ਹੋਏ ਡਾ. ਨਵਪ੍ਰੀਤ ਸਿੰਘ ਦੇ ਨਾਲ ਕਮਰਾ ਸਾਂਝਾ ਕੀਤਾ ਗਿਆ ਹੈ। ਤਬਾਦਲੇ ਤੋਂ ਨਾਰਾਜ਼ ਡਾ. ਨਵਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਨੂੰ ਬਿਨਾਂ ਕਿਸੇ ਸੋਚੇ ਸਮਝੇ ਹਾਈ ਕੋਰਟ 'ਚ ਚੈਲੇਂਜ ਕਰ ਦਿੱਤਾ ਹੈ ਜੋ ਇਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੂਤਰਾਂ ਰਾਹੀਂ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਇਸ ਤਬਾਦਲਿਆਂ ਪਿੱਛੇ ਕਿਸੇ ਦਵਾ ਕੰਪਨੀ ਜਾਂ ਫਿਰ ਕਿਸੇ ਡਾਕਟਰ ਦਾ ਹੱਥ ਹੋ ਸਕਦਾ ਹੈ।
ਬਿਨਾਂ ਕਿਸੇ ਸ਼ਿਕਾਇਤ ਤੋਂ ਹੋਈ ਬਦਲੀ ਨੂੰ ਕੀਤਾ ਚੈਲੇਂਜ
ਡਾ. ਨਵਪ੍ਰੀਤ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ 'ਚ ਡਿਉੂਟੀ ਦੌਰਾਨ ਮੇਰੀ ਕੋਈ ਸ਼ਿਕਾਇਤ ਨਹੀਂ ਹੋਈ, ਜਿਸ ਦੇ ਬਾਵਜੂਦ ਮੇਰਾ ਤਬਾਦਲਾ ਦੂਰ ਨਵਾਂਸ਼ਹਿਰ ਵਿਖੇ ਕਰ ਦਿੱਤਾ ਗਿਆ, ਜਿਸ ਕਾਰਣ ਮਜਬੂਰਨ ਹਾਈਕੋਰਟ ਦੀ ਸ਼ਰਨ ਲੈਣੀ ਪਈ।
ਨਹੀਂ ਕੀਤਾ ਗਿਆ ਰਿਲੀਵ
ਐੱਸ. ਐੱਮ. ਓ. ਡਾ. ਇੰਦਰਮੋਹਨ ਗੁਪਤਾ ਨੇ ਦੱਸਿਆ ਕਿ ਡਾ. ਅਮਨਦੀਪ ਸਿੰਘ ਧੰਜੂ ਨੇ ਕਰੀਬ 6 ਦਿਨ ਪਹਿਲਾਂ ਆਪਣਾ ਚਾਰਜ ਸਰਕਾਰੀ ਹੁਕਮਾਂ ਤਹਿਤ ਸੰਭਾਲ ਲਿਆ ਹੈ ਜਿਨ੍ਹਾਂ ਨੇ ਡਾਇਲਸਿਸ ਦੀ ਟਰੇਨਿੰਗ ਨਹੀਂ ਲਈ ਹੈ। ਪਰੰਤੂ ਡਾ. ਨਵਪ੍ਰੀਤ ਸਿੰਘ ਨੇ ਡਾਇਲਸਿਸ ਦੀ ਟਰੇਨਿੰਗ ਲਈ ਹੋਣ ਕਾਰਣ ਅਤੇ ਮਰੀਜ਼ਾਂ ਦੀਆਂ ਮੁਸ਼ਕਲਾਂ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਫਿਲਹਾਲ ਰਿਲੀਵ ਨਹੀਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤਬਾਦਲੇ ਸਬੰਧੀ ਮਾਮਲਾ ਹਾਈ ਕੋਰਟ 'ਚ ਜਾਣ ਸਬੰਧੀ ਮੈਨੂੰ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਮੈਡੀਸਨ ਦੇ ਡਾਕਟਰ ਇਕੋ ਕਮਰੇ 'ਚ ਮਰੀਜ਼ਾਂ ਦੀ ਸੇਵਾ ਕਰ ਰਹੇ ਹਨ।
ਮੈਨੂੰ ਕੋਈ ਜਾਣਕਾਰੀ ਨਹੀਂ
ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਤਹਿਤ ਹੋਈਆਂ ਬਦਲੀਆਂ ਦੌਰਾਨ ਡਾ. ਅਮਨਦੀਪ ਧੰਜੂ ਨੇ ਆਪਣਾ ਚਾਰਜ ਲੈ ਲਿਆ ਹੈ, ਜਿਸ ਤੋਂ ਬਾਅਦ ਡਾ. ਨਵਪ੍ਰੀਤ ਸਿੰਘ ਰਿਲੀਵ ਕਿਉਂ ਨਹੀਂ ਹੋ ਰਹੇ ਇਸ ਸਬੰਧੀ ਉਹ ਐੱਸ. ਐੱਮ. ਓ. ਨੂੰ ਪੁੱਛਣਗੇ। ਉਨ੍ਹਾਂ ਦੱਸਿਆ ਕਿ ਸਰਕਾਰੀ ਆਦੇਸ਼ਾਂ ਤਹਿਤ ਹੋਣ ਵਾਲੇ ਤਬਾਦਲੇ ਦਾ ਹੁਕਮ ਸਾਰੇ ਕਰਮਚਾਰੀ ਮੰਨਦੇ ਹਨ।