ਹਰੀਕੇ ਵੈਟਲੈਂਡ ਪੁੱਜੇ ਵਿਦੇਸ਼ੀ ਪੰਛੀਆਂ ਦਾ ਸਰਵੇ ਮੁਕੰਮਲ
Thursday, Jan 23, 2020 - 11:21 AM (IST)
ਤਰਨਤਾਰਨ (ਰਮਨ) : ਸੰਸਾਰ 'ਚ ਮੰਨੇ ਪ੍ਰਮੰਨੇ ਕੁਦਰਤ ਵਲੋਂ ਬਣਾਏ ਹਰੀਕੇ ਬਰਡ ਸੈਂਚੁਰੀ ਸਥਾਨ ਜਿੱਥੇ ਬਿਆਸ ਅਤੇ ਸਤਲੁਜ ਦੇ ਦਰਿਆਵਾਂ ਦਾ ਸੰੰਗਮ ਹੁੰਦਾ ਹੈ ਅਤੇ ਇਹ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ਉੱਪਰ ਜ਼ਿਲਾ ਤਰਨਤਾਰਨ ਅਤੇ ਫਿਰੋਜ਼ਪੁਰ ਦੀ ਹੱਦ ਉੱਪਰ 86 ਵਰਗ ਕਿਲੋਮੀਟਰ ਦੇ ਘੇਰੇ 'ਚ ਫੈਲਿਆ ਹੋਇਆ ਹੈ। ਇਸ ਜਗ੍ਹਾ 'ਤੇ ਨਵੰਬਰ ਮਹੀਨੇ 'ਚ ਵੈਟਲੈਂਡ ਵਿਖੇ ਮਹਿਮਾਨ ਬਣ ਆਏ ਰੰਗ-ਬਿਰੰਗੇ ਵੱਖ-ਵੱਖ ਪ੍ਰਜਾਤੀਆਂ ਦੇ ਪੰਛੀਆਂ ਦੀ ਗਿਣਤੀ ਸਬੰਧੀ ਦੋ ਦਿਨਾ ਸਰਵੇ ਦੌਰਾਨ 94 ਕਿਸਮ ਦੇ 92,025 ਪੰਛੀਆਂ ਨੇ ਇਸ ਸਾਲ ਆਪਣੀ ਹਾਜ਼ਰੀ ਲਾਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੌਰਾਨ ਇਸ ਸਾਲ ਹਰੀਕੇ ਪੱਤਣ ਪੁੱਜਣ ਵਾਲੇ ਪੰਛੀਆਂ ਦੀ ਗਿਣਤੀ ਘੱਟ ਵੇਖੀ ਗਈ ਹੈ।
ਕਰੀਬ 2 ਹਜ਼ਾਰ ਕਿਲੋਮੀਟਰ ਦਾ ਸਫਰ ਤੈਅ ਕਰ ਕੇ ਹਰੀਕੇ ਵੈਟਲੈਂਡ ਪੁੱਜਣ ਵਾਲੇ ਕਰੀਬ 450 ਕਿਸਮ ਦੇ ਪੰਛੀਆਂ 'ਚੋ ਪਾਣੀ 'ਤੇ ਨਿਰਭਰ ਰਹਿਣ ਵਾਲੇ 94 ਕਿਸਮ ਦੇ ਪੰਛੀਆਂ ਦੀ ਗਿਣਤੀ 92,025 ਵੇਖੀ ਗਈ ਹੈ। ਇਹ ਸਰਵੇ 18 ਅਤੇ 19 ਜਨਵਰੀ ਤੱਕ ਭਾਰਤ ਦੇ ਵਰਲਡ ਵਾਈਲਡ ਲਾਈਫ ਫੰਡ, ਚੰਡੀਗੜ੍ਹ ਬਰਡ ਕਲੱਬ, ਅੰਮ੍ਰਿਤਸਰ ਬਰਡ ਕਲੱਬ, ਲੁਧਿਆਣਾ ਬਰਡ ਕਲੱਬ, ਜਲੰਧਰ ਬਰਡ ਕਲੱਬ, ਜਾਗ੍ਰਿਤੀ ਸਮਰਿਤੀ, ਨੰਗਲ ਅਤੇ ਜੰਗਲਾਤ ਮਹਿਕਮੇ ਦੀ ਸਾਂਝੀ ਟੀਮ ਦੇ ਕਰੀਬ 30 ਮੈਂਬਰਾਂ ਵਲੋਂ ਕੀਤਾ ਗਿਆ ਜਿਨ੍ਹਾਂ ਵਲੋਂ 86 ਵਰਗ ਕਿਲੋਮੀਟਰ 'ਚ ਫੈਲੇ ਹਰੀਕੇ ਵੈਟਲੈਂਡ ਨੂੰ 12 ਬਲਾਕਾਂ 'ਚ ਵੰਡ ਕੇ ਇਨ੍ਹਾਂ ਦੀ ਗਿਣਤੀ ਕੀਤੀ ਹੈ।
ਸਰਦੀਆਂ ਦੌਰਾਨ ਜ਼ਿਆਦਾਤਰ ਸਾਈਬੇਰੀਆ, ਅਰਾਕਟਿਕ ਤੋਂ ਇਲਾਵਾ ਹੋਰ ਕਈ ਠੰਡੇ ਦੇਸ਼ਾਂ ਤੋਂ ਛੁੱਟੀਆਂ ਕੱਟਣ ਬਹਾਨੇ ਅੰਤਰਰਾਸ਼ਟਰੀ ਬਰਡ ਸੈਂਚੁਰੀ (ਵੈਟਲੈਂਡ) ਹਰੀਕੇ ਪੱਤਣ ਵਿਖੇ ਇਹ ਪੰਛੀ ਪੁੱਜ ਜਾਂਦੇ ਹਨ। ਜਿਨ੍ਹਾਂ ਦੀ ਸਾਲ 2016 'ਚ 1 ਲੱਖ 5 ਹਜ਼ਾਰ, 2017 'ਚ 93 ਹਜ਼ਾਰ, 2018 'ਚ 94,771, 2019 'ਚ 1,23,128 ਅਤੇ 2020 ਦੌਰਾਨ 92,025 ਗਿਣਤੀ ਰਹੀ ਹੈ। ਜਿਨ੍ਹਾਂ ਦੀ ਆਉ ਭਗਤ, ਰੱਖ ਰਖਾਵ ਅਤੇ ਸੁਰੱਖਿਆ ਲਈ ਜੰਗਲਾਤ ਵਿਭਾਗ ਅਤੇ ਵਰਲਡ ਵਾਈਲਡ ਲਾਈਫ ਫੰਡ ਦੀ ਟੀਮ ਨੇ ਦਿਨ-ਰਾਤ ਮਿਹਨਤ ਕੀਤੀ ਹੈ।
ਇਸ ਹਰੀਕੇ ਪੱਤਣ ਬਰਡ ਸੈਂਚੁਰੀ ਵਿਖੇ ਸਰਵੇ ਦੌਰਾਨ ਇਉਰੇਸ਼ੀਅਨ ਕੂਟ (48,185), ਗ੍ਰੇ ਲੈੱਗ ਗੀਜ (17,913), ਬਾਰ ਹੈਡੱਡ ਗੀਜ (6,339) ਰਹੀ ਜਦ ਕਿ ਇਸ ਤੋਂ ਇਲਾਵਾ ਲਿਟੱਲ ਕੋਰਮੋਰੈਂਟ, ਇਰਸ਼ੀਅਨ ਵਿਜੀਉਨ, ਬ੍ਰਹਿਮਣੀ, ਸ਼ੌਵਲਰ, ਪਿੰਨਟੇਲ, ਕੌਮਨ ਟੀਲ, ਕੋਚਰ, ਬੈਡਵੈਲ, ਕਾਮਨ ਕੌਟ, ਰੂਡੀ ਸ਼ੈੱਲਡੱਕ, ਕਾਮਨ ਸ਼ੈੱਲਡੱਕ, ਕਾਮਨ ਪੋਚਡ, ਸੈਂਡ ਪਾਈਪਰ, ਸਾਈਬੇਰੀਅਨ ਗੱਲਜ, ਸਪੁਨ ਬਿੱਲਜ, ਪੇਂਟਡ ਸਟੌਰਕ, ਕਾਮਨ ਟੌਚਰੱਡ ਅਤੇ ਕੁੱਝ ਹੋਰ ਪ੍ਰਜਾਤੀਆਂ ਦੇ ਪੰਛੀਆਂ ਨੂੰ ਵੇਖਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਬਲਯੂ. ਡਬਲਯੂ. ਐੱਫ. ਦੇ ਪ੍ਰਾਜੈਕਟ ਅਫ਼ਸਰ ਮੈਡਮ ਗਿਤਾਂਜਲੀ ਨੇ ਦੱਸਿਆ ਕਿ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਪੰਛੀਆਂ ਦੀ ਗਿਣਤੀ ਘੱਟ ਰਹੀ ਹੈ, ਜਿਸ ਸਬੰਧੀ ਸਰਵੇ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਛੀਆਂ ਦਾ ਦਿਨ ਰਾਤ ਧਿਆਨ ਰੱਖਿਆ ਜਾ ਰਿਹਾ ਹੈ।