ਕਾਮਰੇਡ ਬਲਵਿੰਦਰ ਦੇ ਕਤਲ ਮਾਮਲੇ ''ਚ ਪੁਲਸ ਨੇ ਮੁਲਜ਼ਮਾਂ ਦਾ ਦੋ ਦਿਨਾਂ ਰਿਮਾਂਡ ਹਾਸਲ ਕਰ ਕੀਤੀ ਛਾਪੇਮਾਰੀ ਸ਼ੁਰੂ
Friday, Nov 06, 2020 - 10:11 AM (IST)
ਤਰਨਤਾਰਨ (ਰਮਨ): ਅੱਤਵਾਦ ਨਾਲ ਕਈ ਮੁਕਾਬਲੇ ਕਰਨ ਵਾਲੇ ਸ਼ੌਰਿਆ ਚੱਕਰ ਵਿਜੇਤਾ ਕਾਮਰੇਡ ਬਲਵਿੰਦਰ ਸਿੰਘ ਦੀ ਹੱਤਿਆ 'ਚ ਸ਼ਾਮਲ 11 ਮੁਲਜ਼ਮਾਂ ਨੂੰ ਪੁਲਸ ਨੇ ਦੁਬਾਰਾ ਅਦਾਲਤ 'ਚ ਪੇਸ਼ ਕਰ ਦੋਨਾਂ ਰਿਮਾਂਡ ਹਾਸਲ ਕਰ ਲਿਆ ਹੈ। ਇਸ ਤਹਿਤ ਪੁਲਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ਉੱਪਰ ਵੱਖ-ਵੱਖ ਥਾਵਾਂ ਤੋਂ ਤਿੰਨ ਹੋਰ ਮੁਲਜ਼ਮ ਸਾਥੀਆਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਭਾਵੇਂ ਇਸ ਸਬੰਧੀ ਪੁਲਸ ਕੁਝ ਬੋਲਣ ਲਈ ਤਿਆਰ ਨਹੀਂ ਹੈ ਪਰ ਇਸ ਦੀ ਸਾਰੀ ਜਾਣਕਾਰੀ ਦੇਣ ਲਈ ਪੁਲਸ ਸ਼ੁੱਕਰਵਾਰ ਸਵੇਰੇ ਪ੍ਰੈੱਸ ਕਾਨਫਰੰਸ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਹੱਤਿਆ ਲਈ ਸੁਪਾਰੀ ਦੇਣ ਵਾਲੇ ਮੁੱਖ ਮੁਲਜ਼ਮ ਸੁੱਖ ਭਿਖਾਰੀਵਾਲਾ ਸਮੇਤ ਦੋਵਾਂ ਫਰਾਰ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਟੀਮਾਂ ਦੂਸਰੇ ਰਾਜਾਂ 'ਚ ਜਾ ਪੁੱਜੀਆਂ ਹਨ।
ਇਹ ਵੀ ਪੜ੍ਹੋ : ਕਿਸਾਨੀ ਸੰਘਰਸ਼ ਦੌਰਾਨ ਟੋਲ ਪਲਾਜ਼ਾ 'ਤੇ ਕਿਸਾਨ ਦੀ ਮੌਤ
ਜਾਣਕਾਰੀ ਅਨੁਸਾਰ 16 ਅਕਤੂਬਰ ਦੀ ਸਵੇਰ ਨੂੰ ਦੋ ਮੁਲਜ਼ਮਾਂ ਨੇ ਇਕ ਗੈਂਗਸਟਰ ਵਲੋਂ ਦਿੱਤੀ ਮੋਟੀ ਸੁਪਾਰੀ ਤਹਿਤ ਸ਼ੌਰਿਆ ਚੱਕਰ ਵਿਜੇਤਾ ਕਾਮਰੇਡ ਬਲਵਿੰਦਰ ਸਿੰਘ ਦੀ ਗੋਲੀਆਂ ਮਾਰਦੇ ਹੋਏ ਹੱਤਿਆ ਕਰ ਦਿੱਤੀ ਗਈ ਸੀ। ਜੋ ਬਾਅਦ 'ਚ ਜ਼ਿਲ੍ਹਾ ਲੁਧਿਆਣਾ ਦੇ ਸਲੇਮ ਟਾਵਰੀ ਬਸਤੀ 'ਚ ਜਾ ਲੁਕੇ ਸਨ। ਪੁਲਸ ਵਲੋਂ ਦੂਸਰੇ ਰਾਜਾਂ ਦੇ ਸੂਤਰਾਂ ਦੀ ਮਦਦ ਨਾਲ ਜੇਲ 'ਚ ਮੌਜੂਦ ਰਵਿੰਦਰ ਸਿੰਘ ਉਰਫ਼ ਗਿਆਨਾ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਖਰਲ ਜ਼ਿਲ੍ਹਾ ਗੁਰਦਾਸਪੁਰ ਅਤੇ ਸੁਖਰਾਜ ਸਿੰਘ ਸੁੱਖਾ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਲਖਨਪਾਲ ਜ਼ਿਲਾ ਗੁਰਦਾਸਪੁਰ ਨੂੰ ਪ੍ਰੋਡੈਕਸ਼ਨ ਵਾਰੰਟ 'ਤੇ ਲਿਆ ਕੀਤੀ ਪੁੱਛਗਿੱਛ 'ਚ ਸਾਰੀ ਕਹਾਣੀ ਸਾਹਮਣੇ ਆ ਗਈ, ਜਿਸ ਤਹਿਤ ਪੁਲਸ ਨੇ ਸੁਖਰਾਜ ਸਿੰਘ ਸੁੱਖਾ, ਰਵਿੰਦਰ ਸਿੰਘ ਉਰਫ ਗਿਆਨਾ, ਅਕਾਸ਼ਦੀਪ ਅਰੋੜਾ ਉਰਫ ਧਾਲੀਵਾਲ, ਰਵਿੰਦਰ ਸਿੰਘ ਢਿੱਲੋਂ, ਰਕੇਸ਼ ਕੁਮਾਰ ਉਰਫ ਕਾਲਾ ਬਾਹਮਣ, ਰਵੀ ਕੁਮਾਰ, ਚਾਂਦ ਕੁਮਾਰ ਭਾਟੀਆ, ਮਨਪ੍ਰੀਤ ਸਿੰਘ ਮਨੀ, ਜਗਜੀਤ ਸਿੰਘ ਉਰਫ ਜੱਗਾ, ਜੋਬਨਜੀਤ ਸਿੰਘ ਉਰਫ ਜੋਬਨ, ਪ੍ਰਭਜੀਤ ਸਿੰਘ ਉਰਫ ਬਿੱਟੂ ਨੂੰ ਗ੍ਰਿਫ਼ਤਾਰ ਕਰ ਲਿਆ ਪ੍ਰੰਤੂ ਇਸ ਕਤਲ ਦੀ ਸੁਪਾਰੀ ਦੇਣ ਵਾਲਾ ਮੁੱਖ ਮੁਲਜ਼ਮ ਸੁੱਖ ਭਿਖਾਰੀਵਾਲਾ ਅਤੇ ਗੋਲੀਆਂ ਮਾਰਨ ਵਾਲੇ ਦੋਵੇ ਸ਼ੂਟਰ ਸੁਖਦੀਪ ਸਿੰਘ ਉਰਫ ਭੂਰਾ ਵਾਸੀ ਪਿੰਡ ਖਰਲ ਅਤੇ ਗੁਰਜੀਤ ਸਿੰਘ ਉਰਫ ਭਾਅ ਵਾਸੀ ਲਖਨਪਾਲ ਜ਼ਿਲ੍ਹਾ ਗੁਰਦਾਸਪੁਰ ਪੁਲਸ ਗ੍ਰਿਫਤ ਤੋਂ ਅੱਜ ਵੀ ਬਾਹਰ ਹਨ।
ਇਹ ਵੀ ਪੜ੍ਹੋ : ਜਿਸ ਦੀ ਲੰਮੀ ਉਮਰ ਲਈ ਰੱਖਿਆ ਸੀ ਕਰਵਾ ਚੌਥ ਉਸੇ ਨੂੰ ਚਿੱਟੇ ਕਫ਼ਨ 'ਚ ਲਿਪਟੇ ਵੇਖ ਪਤਨੀ ਦੇ ਉਡੇ ਹੋਸ਼
ਪੁਲਸ ਨੇ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦਾ ਰਿਮਾਂਡ 5 ਨਵੰਬਰ ਤੱਕ ਪੂਰਾ ਹੋਣ ਉਪਰੰਤ ਦੁਬਾਰਾ ਅਦਾਲਤ 'ਚ ਪੇਸ਼ ਕਰ ਦੋ ਦਿਨਾਂ ਰਿਮਾਂਡ ਹਾਸਲ ਕਰ ਲਿਆ ਹੈ। ਪੁਲਸ ਦੀਆਂ ਵਿਸ਼ੇਸ਼ ਟੀਮਾਂ ਵਲੋਂ “ਏ” ਕਲਾਸ ਦੇ ਗੈਂਗਸਟਰ ਸੁੱਖ ਭਿਖਾਰੀਵਾਲਾ, ਭੂਰਾ ਅਤੇ ਭਾਅ ਦੀ ਭਾਲ ਲਈ ਦੂਸਰੇ ਰਾਜਾਂ 'ਚ ਟੀਮਾਂ ਰਵਾਨਾ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਪੁਲਸ ਨੇ ਤਿੰਨ ਹੋਰ ਮੁਲਜ਼ਮਾਂ ਜ਼ਿੰਨਾਂ 'ਚ ਸੰਨੀ, ਰਾਜਵੀਰ ਸਿੰਘ ਅਤੇ ਸਿੰਘ ਨਾਮਕ ਵਿਅਕਤੀਆਂ ਨੂੰ ਕੁਝ ਹਥਿਆਰਾਂ ਸਮੇਤ ਲੁਧਿਆਣਾ ਇਲਾਕੇ ਤੋਂ ਗ੍ਰਿਫਤਾਰ ਕਰ ਲਿਆ ਹੈ। ਪ੍ਰੰਤੂ ਪੁਲਸ ਇਸ ਦੀ ਕੋਈ ਪੁਸ਼ਟੀ ਨਾ ਕਰਦੇ ਹੋਏ ਸ਼ੁੱਕਰਵਾਰ ਪ੍ਰੈਸ ਕਾਨਫਰੰਸ ਕਰਨ ਦੀ ਗੱਲ ਆਖ ਰਹੀ ਹੈ। ਐੱਸ.ਐੱਸ.ਪੀ ਧਰੁਮਨ ਐੱਚ ਨਿੰਬਾਲੇ ਨੇ ਦੱਸਿਆ ਕਿ ਇਸ ਕਤਲ ਕੇਸ ਨੂੰ ਸੁਲਝਾਉਂਦੇ ਹੋਏ ਪੁਲਸ ਨੂੰ ਕਾਫੀ ਜਿਆਦਾ ਸਫਲਤਾ ਹਾਸਿਲ ਹੋ ਚੁੱਕੀ ਹੈ। ਜਦਕਿ ਕੇਸ ਦੇ ਮੁੱਖ ਮੁਲਜ਼ਮ ਸੁੱਖ ਭਿਖਾਰੀਵਾਲਾ ਅਤੇ ਦੋਵਾਂ ਸ਼ੂਟਰਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।