ਭਿਖਾਰੀ ਕਤਲ ਮਾਮਲੇ ''ਚ ਹਰਿਆਣਾ ਦੇ ਕਾਰੋਬਾਰੀ ਅਤੇ ਇੰਸ਼ੋਰੈਂਸ ਏਜੰਟਾਂ ਤੋਂ ਹੋ ਸਕਦੀ ਹੈ ਪੁੱਛਗਿੱਛ
Friday, Dec 13, 2019 - 10:56 AM (IST)
ਤਰਨਤਾਰਨ (ਰਮਨ) : ਸਰਹੱਦੀ ਜ਼ਿਲੇ ਤਰਨਤਾਰਨ ਅਧੀਨ ਆਉਂਦੇ ਕਸਬਾ ਹਰੀਕੇ ਪੱਤਣ ਦੇ ਨਜ਼ਦੀਕੀ ਪਿੰਡ ਬੂਹ ਵਿਖੇ ਮੁੱਖ ਸੜਕ 'ਤੇ 5 ਦਸੰਬਰ ਦੀ ਰਾਤ ਇਕ ਕੋਲਡ ਡਰਿੰਕ ਵਪਾਰੀ ਵਲੋਂ ਇੰਸ਼ੋਰੈਂਸ ਅਤੇ ਕਰਜ਼ੇ ਸਬੰਧੀ ਕਰੋੜਾਂ ਰੁਪਏ ਦਾ ਕਲੇਮ ਹਾਸਲ ਕਰਨ ਲਈ ਆਪਣੀ ਥਾਂ 'ਤੇ ਇਕ ਭਿਖਾਰੀ ਨੂੰ ਕਤਲ ਕਰ ਕੇ ਸਾੜ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪੁਲਸ ਨੇ ਇਸ ਗੁੱਥੀ ਨੂੰ 24 ਘੰਟੇ 'ਚ ਸੁਲਝਾਉਂਦੇ ਹੋਏ ਕਤਲ ਕੇਸ 'ਚ ਸ਼ਾਮਲ ਤਿੰਨਾਂ ਮੁਲਜ਼ਮਾਂ ਨੂੰ ਸਬੂਤਾਂ ਸਮੇਤ ਗ੍ਰਿਫਤਾਰ ਕਰ ਲਿਆ ਸੀ।
ਇਸ ਮਾਮਲੇ 'ਚ ਅਨੂਪ ਸਿੰਘ ਨੇ ਹਰਿਆਣਾ ਦੇ ਸ਼ੈਲੀ ਨਾਮਕ ਕੋਲਡ ਡਰਿੰਕ ਵਪਾਰੀ ਜੋ ਸਿਆਸਤ 'ਚ ਵੀ ਪੈਰ ਰੱਖਦਾ ਹੈ, ਨਾਲ ਸੰਪਰਕ ਕਰਦੇ ਹੋਏ ਟੋਹਾਣਾ ਦੇ ਇਕ ਹੋਟਲ 'ਚ ਕਰਨ ਕਾਕਾ ਨਾਲ ਜਾ ਪੁੱਜਾ। ਇਸ ਦੌਰਾਨ ਅਨੂਪ ਸਿੰਘ ਨੇ ਜਿੱਥੇ ਆਪਣੀ ਪਛਾਣ ਛੁਪਾਉਣ ਲਈ ਆਪਣੇ ਸਿਰ ਦੇ ਵਾਲ ਕਟਵਾ ਦਿੱਤੇ ਉੱਥੇ ਉਸ ਨੇ ਆਪਣੇ ਨਾਂ 'ਤੇ ਇਕ ਨਵੀਂ ਸਿਮ ਵੀ ਲੈ ਲਈ। ਪੁਲਸ ਵਲੋਂ ਇਸ ਕੇਸ 'ਚ ਹਰਿਆਣਾ ਦੇ ਨਿਵਾਸੀ ਵਪਾਰੀ ਸ਼ੈਲੀ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ, ਜਿਸ ਤੋਂ ਪੁਲਸ ਵਲੋਂ ਪੁੱਛਗਿੱਛ ਕਰਦੇ ਹੋਏ ਮਿਲੀਭੁਗਤ ਸਾਹਮਣੇ ਆਉਣ ਤਹਿਤ ਕੇਸ 'ਚ ਸ਼ਾਮਲ ਕਰ ਸਕਦੀ ਹੈ। ਉੱਧਰ ਇੰਸ਼ੋਰੈਂਸ ਕੰਪਨੀ ਦੇ ਕੁੱਝ ਏਜੰਟਾਂ ਤੋਂ ਵੀ ਪੁਲਸ ਵਲੋਂ ਪੁੱਛਗਿੱਛ ਕਰਦੇ ਹੋਏ ਤਫਤੀਸ਼ ਨੂੰ ਅੱਗੇ ਵਧਾਇਆ ਜਾ ਰਿਹਾ ਹੈ।
ਐਸ਼ ਦੀ ਜ਼ਿੰਦਗੀ ਜਿਊਣ ਵਾਲੇ ਮੁਲਜ਼ਮ ਹਵਾਲਾਤ ਦੀ ਸਾਦੀ ਦਾਲ ਰੋਟੀ ਖਾ ਕੇ ਕਰ ਰਹੇ ਗੁਜ਼ਾਰਾ
ਕਤਲ ਕੇਸ 'ਚ ਸ਼ਾਮਲ ਅਨੂਪ ਸਿੰਘ ਅਤੇ ਉਸ ਦਾ ਭਰਾ ਕਰਨਦੀਪ ਸਿੰਘ ਜੋ ਰੋਜ਼ਾਨਾ ਆਪਣੇ ਕੰਮਕਾਜ ਤੋਂ ਬਾਅਦ ਐਸ਼ ਪ੍ਰਸਤੀ ਦੀ ਜ਼ਿੰਦਗੀ ਦਾ ਮਜ਼ਾ ਲੈਂਦੇ ਸਨ ਅਤੇ ਚਿਕਨ ਦੇ ਸ਼ੌਕੀਨ ਸਨ। ਇਨ੍ਹਾਂ ਦੋਵਾਂ ਭਰਾਵਾਂ ਵਲੋਂ ਥਾਣਾ ਹਰੀਕੇ ਪੱਤਣ ਦੇ ਮੁਖੀ ਜਰਨੈਲ ਸਿੰਘ ਕੋਲੋਂ ਵੀ. ਆਈ. ਪੀ. ਟ੍ਰੀਟਮੈਂਟ ਦੀ ਸਹੂਲਤ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਨੂੰ ਨਕਾਰਦੇ ਹੋਏ ਤਿੰਨਾਂ ਮੁਲਜ਼ਮਾਂ ਵਲੋਂ ਸਾਦੀ ਦਾਲ ਰੋਟੀ ਖਾ ਕੇ ਰਾਤ ਸਮਾਂ ਗੁਜ਼ਾਰਿਆ ਜਾ ਰਿਹਾ ਹੈ।
ਇਸ ਸਬੰਧੀ ਐੱਸ. ਐੱਸ. ਪੀ. ਧਰੁਵ ਦਹੀਆ ਨੇ ਦੱਸਿਆ ਕਿ ਇਸ ਕੇਸ ਨੂੰ ਐੱਸ. ਪੀ. (ਆਈ.) ਜਗਜੀਤ ਸਿੰਘ ਵਾਲੀਆ, ਡੀ. ਐੱਸ. ਪੀ. (ਆਈ.) ਸੁਖਨਿੰਦਰ ਸਿੰਘ ਅਤੇ ਡੀ. ਐੱਸ. ਪੀ. ਪੱਟੀ ਕੰਵਲਪ੍ਰੀਤ ਸਿੰਘ ਦੀ ਮਿਹਨਤ ਸਦਕਾ ਸੁਲਝਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਾਂਚ ਅਧਿਕਾਰੀ ਸਬ ਇੰਸਪੈਕਟਰ ਪ੍ਰਕਾਸ਼ ਸਿੰਘ ਵਲੋਂ ਅੱਜ ਮਾਣਯੋਗ ਜੱਜ ਗੁਰਿੰਦਰਪਾਲ ਸਿੰਘ ਦੀ ਅਦਾਲਤ 'ਚ ਪੇਸ਼ ਕਰਦੇ ਹੋਏ ਤਿੰਨਾਂ ਮੁਲਜ਼ਮਾਂ ਦਾ ਦੋ ਦਿਨਾਂ ਰਿਮਾਂਡ ਹਾਸਲ ਕਰ ਲਿਆ ਗਿਆ ਹੈ, ਜਿਸ ਤਹਿਤ ਸ਼ੁੱਕਰਵਾਰ ਸਵੇਰੇ ਕਤਲ ਕੇਸ ਨਾਲ ਸਬੰਧਿਤ ਹੋਰ ਬਰਾਮਦਗੀਆਂ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਕੀਤੀਆਂ ਜਾਣਗੀਆਂ।