ASI ਨੂੰ ਮਹਿਲਾ ਕਾਂਸਟੇਬਲ ਨਾਲ ਪਿਆਰ ਦਾ ਇਜ਼ਹਾਰ ਕਰਨਾ ਪਿਆ ਮਹਿੰਗਾ, ਹੋਈ ਖਾਤਿਰਦਾਰੀ
Wednesday, Mar 18, 2020 - 12:01 PM (IST)
ਤਰਨਤਾਰਨ (ਰਮਨ) : ਥਾਣਾ ਸਰਹਾਲੀ ਅਧੀਨ ਆਉਂਦੀ ਪੁਲਸ ਚੌਕੀ ਨੌਸ਼ਹਿਰਾ ਪੰਨੂੰਆਂ ਦੇ ਇੰਚਾਰਜ ਨੂੰ ਪੰਜਾਬ ਪੁਲਸ 'ਚ ਤਾਇਨਾਤ ਇਕ ਮਹਿਲਾ ਕਾਂਸਟੇਬਲ ਦੇ ਘਰ ਰਾਤ ਨੂੰ ਜਾ ਕੇ ਪਿਆਰ ਦਾ ਇਜ਼ਹਾਰ ਕਰਨਾ ਮਹਿੰਗਾ ਪੈ ਗਿਆ ਹੈ। ਪਿਆਰ ਦੇ ਇਸ ਇਜ਼ਹਾਰ ਕਰਨ ਤੋਂ ਗੁੱਸੇ 'ਚ ਆਏ ਲੜਕੀ ਦੇ ਪਰਿਵਾਰਕ ਮੈਂਬਰਾਂ ਵਲੋਂ ਚੌਕੀ ਇੰਚਾਰਜ ਦੀ ਕੁਝ ਖਾਤਿਰਦਾਰੀ ਵੀ ਕੀਤੇ ਜਾਣ ਦਾ ਪਤਾ ਲੱਗਾ ਹੈ। ਫਿਲਹਾਲ ਥਾਣਾ ਗੋਇੰਦਵਾਲ ਦੀ ਪੁਲਸ ਨੇ ਚੌਕੀ ਇੰਚਾਰਜ ਖਿਲਾਫ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲਾ ਤਰਨਤਾਰਨ ਦੇ ਇਕ ਥਾਣੇ 'ਚ ਤਾਇਨਾਤ ਇਕ ਮਹਿਲਾ ਕਾਂਸਟੇਬਲ ਦੀ ਥਾਣਾ ਸਰਹਾਲੀ ਅਧੀਨ ਆਉਂਦੇ ਇਕ ਚੌਕੀ ਇੰਚਾਰਜ ਏ. ਐੱਸ. ਆਈ. ਹਰਪਾਲ ਸਿੰਘ ਨਾਲ ਦੋਸਤੀ ਹੋ ਗਈ। ਮਾਮੂਲੀ ਦੋਸਤੀ ਤੋਂ ਬਾਅਦ ਚੌਕੀ ਇੰਚਾਰਜ ਉਕਤ ਕਾਂਸਟੇਬਲ ਕੁਆਰੀ ਲੜਕੀ ਨਾਲ ਵਿਆਹ ਕਰਵਾਉਣ ਲਈ ਜ਼ਿੱਦ ਕਰਨ ਲੱਗ ਪਿਆ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਚੌਕੀ ਇੰਚਾਰਜ ਹਰਪਾਲ ਸਿੰਘ ਵਿਆਹਿਆ ਹੈ ਅਤੇ ਉਸ ਦੇ ਬੱਚੇ ਵੀ ਹਨ। ਬੀਤੀ ਰਾਤ ਕਰੀਬ 9 ਵਜੇ ਕਾਂਸਟੇਬਲ ਲੜਕੀ ਜੋ ਪਿੰਡ ਡੇਹਰਾ ਸਾਹਿਬ ਦੀ ਰਹਿਣ ਵਾਲੀ ਹੈ ਆਪਣੇ ਪਰਿਵਾਰ ਸਮੇਤ ਘਰ 'ਚ ਮੌਜੂਦ ਸੀ ਤਾਂ ਉਕਤ ਏ. ਐੱਸ. ਆਈ. ਆਪਣੀ ਸਵਿਫਟ ਕਾਰ 'ਤੇ ਸਵਾਰ ਹੋ ਸਿੱਧਾ ਕਾਂਸਟੇਬਲ ਦੇ ਘਰ ਅੰਦਰ ਦਾਖਲ ਹੋ ਗਿਆ, ਜਿਸ ਨੇ ਗੁੱਸੇ 'ਚ ਲੜਕੀ ਦੇ ਪਿਤਾ ਬਲਵਿੰਦਰ ਸਿੰਘ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੈਂ ਤੁਹਾਡੀ ਲੜਕੀ ਨਾਲ ਪਿਆਰ ਕਰਦਾ ਹਾਂ ਅਤੇ ਇਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ। ਇਸ ਗੱਲ ਨੂੰ ਸੁਣ ਲੜਕੀ ਦੇ ਪਿਤਾ ਅਤੇ ਭਰਾਵਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਏ. ਐੱਸ. ਆਈ. ਨੇ ਆਪਣੀ ਧੌਂਸ ਵਿਖਾਉਦੇ ਹੋਏ ਧਮਕਾਉਣਾ ਸ਼ੁਰੂ ਕੀਤਾ ਤਾਂ ਪਰਿਵਾਰਕ ਮੈਂਬਰਾਂ ਨੇ ਚੌਕੀ ਇੰਚਾਰਜ ਦੀ ਮਜਬੂਰਨ ਖਾਤਿਰਦਾਰੀ ਤੱਕ ਕਰ ਦਿੱਤੀ।
ਇਸ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਥਾਣਾ ਗੋਇੰਦਵਾਲ ਅਧੀਨ ਆਉਂਦੀ ਚੌਕੀ ਡੇਹਰਾ ਸਾਹਿਬ ਦੇ ਮੁਖੀ ਸਬ ਇੰਸਪੈਕਟਰ ਸੋਨਾ ਸਮੇਤ ਪੁਲਸ ਪਾਰਟੀ ਪੁੱਜੇ ਅਤੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਪੀ. (ਡੀ.) ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਲੜਕੀ ਦੇ ਪਿਤਾ ਬਲਵਿੰਦਰ ਸਿੰਘ ਦੇ ਬਿਆਨਾਂ ਹੇਠ ਏ. ਐੱਸ. ਆਈ. ਹਰਪਾਲ ਸਿੰਘ ਖਿਲਾਫ ਥਾਣਾ ਗੋਇੰਦਵਾਲ ਵਿਖੇ ਕੇਸ ਦਰਜ ਕਰ ਕੇ ਉਸ ਨੂੰ ਜੇਲ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਏ. ਐੱਸ. ਆਈ. ਹਰਪਾਲ ਸਿੰਘ ਦੇ ਬੀਤੇ ਸੋਮਵਾਰ ਨੂੰ ਚੌਕੀ ਇਚਾਰਜ ਨੌਸ਼ਹਿਰਾ ਪੰਨੂੰਆਂ ਦੇ ਆਰਡਰ ਹੋਏ ਸਨ।