ਸਰਹੱਦੀ ਇਲਾਕਿਆਂ ''ਚ ਧੜੱਲੇ ਨਾਲ ਵਿਕ ਰਿਹੈ ਕੈਮੀਕਲ ਨਾਲ ਤਿਆਰ ਨਕਲੀ ਦੁੱਧ

08/26/2019 1:26:57 PM

ਤਰਨਤਾਰਨ (ਰਮਨ) : ਜ਼ਿਲੇ ਦੇ ਸਰਹੱਦੀ ਇਲਾਕਿਆਂ 'ਚ ਕੁਝ ਮਿਲਾਵਟਖੋਰਾਂ ਵਲੋਂ ਕੈਮੀਕਲਾਂ ਦੀ ਮਦਦ ਨਾਲ ਕੁਇੰਟਲਾਂ ਦੇ ਹਿਸਾਬ ਨਾਲ ਨਕਲੀ ਦੁੱਧ ਤਿਆਰ ਕਰ ਧੜੱਲੇ ਨਾਲ ਵੇਚਣ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਬਾਜ਼ਾਰ 'ਚ ਨਕਲੀ ਦੁੱਧ ਦੀ ਵਿਕਰੀ ਨੂੰ ਰੋਕਣ ਲਈ ਸਿਹਤ ਵਿਭਾਗ ਵੱਲੋਂ ਗੋਂਗਲੂਆਂ ਤੋ ਮਿੱਟੀ ਝਾੜਨ ਲਈ ਛੋਟੇ ਦੋਧੀਆਂ ਨੂੰ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਹੈ, ਜਦਕਿ ਵੱਡੀਆਂ ਅਤੇ ਮਸ਼ਹੂਰ ਡੇਅਰੀਆਂ ਦੇ ਸੈਂਪਲ ਭਰਨ ਦੀ ਬਜਾਏ ਉਨ੍ਹਾਂ ਪਾਸੋਂ ਮੋਟੀਆਂ ਰਕਮਾਂ ਨਾਲ ਆਪਣੀਆਂ ਜੇਬਾਂ ਗਰਮ ਕੀਤੀਆਂ ਜਾ ਰਹੀਆਂ ਹਨ। 

ਸਿਹਤ ਵਿਭਾਗ ਦੀ ਮਿਲੀਭੁਗਤ ਨਾਲ ਲੋਕ ਹੋ ਰਹੇ ਬੀਮਾਰ
ਸਮਾਜ ਸੇਵੀ ਹਰੀ ਕ੍ਰਿਸ਼ਨ ਅਰੋੜਾ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਪਿਛਲੇ ਲੰਮੇ ਸਮੇਂ ਤੋਂ ਸਰੱਹਦੀ ਇਲਾਕੇ ਜਿਵੇ ਕਿ ਖੇਮਕਰਨ, ਖਾਲੜਾ, ਭਿੱਖੀਵਿੰਡ, ਵਲਟੋਹਾ, ਕੋਟ ਬੁੱਢਾ, ਸਰਾਏ ਅਮਾਨਤ ਖਾਂ, ਸੁਰਸਿੰਘ, ਡੱਲ, ਪਹੁਵਿੰਡ, ਮਹਿੰਦੀਪੁਰ, ਆਸਲ ਉਤਾੜ ਆਦਿ ਤੋਂ ਇਲਾਵਾ ਝਬਾਲ, ਮੰਨਣ, ਨੂਰਦੀ, ਸੋਹਲ, ਮੂਸੇ ਆਦਿ ਵਿਖੇ ਕਦੇ ਵੀ ਕਿਸੇ ਖਾਣ-ਪੀਣ ਵਾਲੀਆਂ ਦੁਕਾਨਾਂ ਤੋਂ ਸੈਂਪਲ ਨਹੀਂ ਭਰੇ। ਉਨ੍ਹਾਂ ਦੋਸ਼ ਲਾਇਆ ਕਿ ਸਿਹਤ ਵਿਭਾਗ ਦੇ ਕੁਝ ਅਧਿਕਾਰੀਆਂ ਦੀ ਮਿਲੀਭੁਗਤ ਕਾਰਣ ਤਰਨਤਾਰਨ ਸ਼ਹਿਰ ਦੀਆਂ ਕੁਝ ਮਸ਼ਹੂਰ ਡੇਅਰੀਆਂ ਦੇ ਮਾਲਕਾਂ ਵੱਲੋਂ ਉਨ੍ਹਾਂ ਨੂੰ ਮਹੀਨਾ ਭਰਿਆ ਜਾਂਦਾ ਹੈ, ਜਿਸ ਨਾਲ ਉਨ੍ਹਾਂ ਦੀਆਂ ਡੇਅਰੀਆਂ 'ਤੇ ਵਿਕਣ ਵਾਲੇ ਮਿਲਾਵਟੀ ਕੈਮੀਕਲ ਯੁਕਤ ਦੁੱਧ ਦੇ ਸੈਂਪਲ ਨਹੀਂ ਭਰੇ ਜਾਂਦੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਕੁਝ ਅਧਿਕਾਰੀ ਆਪਣੀ ਕਾਰਗੁਜ਼ਾਰੀ ਵਿਖਾਉਣ ਦੇ ਚੱਕਰ 'ਚ ਛੋਟੇ ਦੁਕਾਨਦਾਰਾਂ ਅਤੇ ਦੋਧੀਆਂ ਨੂੰ ਘਰੋਂ ਆਉਣ ਸਮੇਂ ਰੋਕ ਕੇ ਉਨ੍ਹਾਂ ਦੇ ਸੈਂਪਲ ਭਰ ਲੈਂਦੇ ਹਨ, ਜਦਕਿ ਵੱਡੀਆਂ ਡੇਅਰੀਆਂ ਵਾਲਿਆਂ ਵੱਲੋਂ ਵੇਚੇ ਜਾ ਰਹੇ ਜ਼ਹਿਰ ਨੂੰ ਰੋਕਣ ਲਈ ਕੋਈ ਕਾਰਵਾਈ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਸਿਹਤ ਮੰਤਰੀ ਪੰਜਾਬ ਅਤੇ ਵਿਜੀਲੈਂਸ ਨੂੰ ਚਿੱਠੀ ਲਿਖ ਕੇ ਇਸ ਵਿਭਾਗ ਦੇ ਕੁਝ ਦਾਗੀ ਅਫਸਰਾਂ ਦੀ ਜਾਣਕਾਰੀ ਦੇਣ ਜਾ ਰਹੇ ਹਨ।

ਕਿਸ ਤਰ੍ਹਾਂ ਤਿਆਰ ਹੁੰਦਾ ਹੈ ਕੈਮੀਕਲ ਯੁਕਤ ਦੁੱਧ
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਝਬਾਲ ਨਜ਼ਦੀਕ ਕੁਝ ਖੇਤਰ ਜੋ ਸਰਹੱਦ ਨਾਲ ਜੁੜੇ ਹੋਣ ਕਾਰਣ ਘਰਾਂ ਵਿਚ ਕੈਮੀਕਲ ਨਾਲ ਤਿਆਰ ਕੀਤੇ ਦੁੱਧ ਨੂੰ ਧੜੱਲੇ ਨਾਲ ਵੇਚ ਰਹੇ ਹਨ। ਜਾਣਕਾਰੀ ਅਨੁਸਾਰ ਨਕਲੀ ਦੁੱਧ ਨੂੰ ਤਿਆਰ ਕਰਨ ਲਈ ਪਹਿਲਾਂ ਮਾਲਟੋਡੈਕਸ ਪਾਊਡਰ ਅਤੇ ਪਾਣੀ ਦੀ ਮਦਦ ਨਾਲ ਘੋਲ ਤਿਆਰ ਕਰ ਲਿਆ ਜਾਂਦਾ ਹੈ, ਜਿਸ ਵਿਚ ਰਿਫਾਈਡ ਆਇਲ ਮਿਲਾਇਆ ਜਾਂਦਾ ਹੈ ਤਾਂ ਜੋ ਦੁੱਧ 'ਚ ਥਿੰਦਾਪਣ ਆ ਜਾਵੇ। ਬਾਅਦ ਵਿਚ ਇਸ ਘੋਲ ਨੂੰ ਇਕ ਛੋਟੀ ਮਸ਼ੀਨ ਦੀ ਮਦਦ ਨਾਲ ਚੰਗੀ ਤਰ੍ਹਾਂ ਮਿਕਸ ਕੀਤਾ ਜਾਂਦਾ ਹੈ। ਇਸ ਤਿਆਰ ਕੀਤੇ ਘੋਲ ਦੀ ਗਰੈਵਟੀ ਨੂੰ ਵਧਾਉਣ ਲਈ ਬੀ. ਆਰ. (ਗੂੰਦ ਵਰਗੇ ਪਦਾਰਥ) ਦਾ ਇਸਤੇਮਾਲ ਵੀ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਇਹ ਨਕਲੀ ਦੁੱਧ ਅਸਲੀ ਵਾਂਗ ਤਿਆਰ ਹੋ ਕੇ ਲੋਕਾਂ ਤੱਕ 50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਜ਼ਹਿਰ ਦੇ ਰੂਪ 'ਚ ਪੁੱਜ ਰਿਹਾ ਹੈ। ਅੱਜ-ਕੱਲ ਸੋਸ਼ਲ਼ ਮੀਡੀਆ 'ਤੇ ਵੀ ਨਵੀਂ ਕਿਸਮ ਦੇ ਕੈਮੀਕਲਾਂ ਨਾਲ ਦੁੱਧ ਨੂੰ ਕੁਝ ਮਿੰਟਾਂ-ਸਕਿੰਟਾਂ ਵਿਚ ਤਿਆਰ ਕਰਨ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ। ਇਸ ਨੂੰ ਤਿਆਰ ਕਰਨ ਲਈ ਕਈ ਵਾਰ ਯੂਰੀਆ, ਤੇਲ, ਕਾਸਟਿਕ ਸੋਡਾ ਅਤੇ ਸੈਂਟ ਦੀ ਵੀ ਵਰਤੋਂ ਕੀਤੀ ਜਾਂਦੀ ਹੈ।

40 ਫੀਸਦੀ ਦੁੱਧ ਦੇ ਨਮੂਨੇ ਹੋ ਰਹੇ ਫੇਲ
ਡੇਅਰੀ ਵਿਭਾਗ ਤਰਨਤਾਰਨ ਦੇ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਜ਼ਿਲੇ ਵਿਚ ਸਰਦੀਆਂ ਦੀ ਰੁੱਤ ਦੌਰਾਨ ਕਰੀਬ 10 ਲੱਖ ਲੀਟਰ ਦੁੱਧ ਦੀ ਪੈਦਾਵਾਰ ਹੁੰਦੀ ਹੈ ਅਤੇ ਇਸ 'ਚੋਂ 60 ਫੀਸਦੀ ਦੁੱਧ ਘਰਾਂ ਆਦਿ ਅਤੇ 40 ਫੀਸਦੀ ਮਿਲਕ ਪਲਾਂਟਾਂ ਆਦਿ ਨੂੰ ਸਪਲਾਈ ਹੋ ਜਾਂਦਾ ਹੈ ਅਤੇ ਗਰਮੀਆਂ ਵਿਚ ਦੁੱਧ ਦੀ ਪੈਦਾਵਾਰ ਘੱਟ ਕੇ 8 ਲੱਖ ਲੀਟਰ ਤੱਕ ਰਹਿ ਜਾਂਦੀ ਹੈ। ਉਨ੍ਹਾਂ ਮੰਨਿਆ ਕਿ ਉਨ੍ਹਾਂ ਵੱਲੋਂ ਲਏ ਜਾਂਦੇ ਦੁੱਧ ਦੇ ਨਮੂਨਿਆਂ 'ਚੋਂ 40 ਫੀਸਦੀ ਨਮੂਨੇ ਦੁੱਧ ਵਿਚ ਪਾਣੀ ਦੀ ਮਿਲਾਵਟ ਕਾਰਣ ਫੇਲ ਹੋ ਜਾਂਦੇ ਹਨ।

ਲੋਕ ਹੋ ਰਹੇ ਬੀਮਾਰੀਆਂ ਦੇ ਸ਼ਿਕਾਰ
ਆਮ ਤੌਰ 'ਤੇ ਬੱਚਿਆਂ ਨੂੰ ਵਧਣ ਫੁਲਣ ਲਈ ਕੈਲਸ਼ੀਅਮ ਯੁਕਤ ਦੁੱਧ ਦਿੱਤਾ ਜਾਂਦਾ ਹੈ ਤਾਂ ਜੋ ਉਨ੍ਹਾਂ ਦੇ ਸਰੀਰ ਦਾ ਬਿਹਤਰ ਵਿਕਾਸ ਹੋ ਸਕੇ ਪਰੰਤੂ ਅੱਜ-ਕੱਲ ਬਾਜ਼ਾਰ ਵਿਚ ਮਿਲਾਵਟੀ ਦੁੱਧ ਦੇ ਨਾਲ-ਨਾਲ ਨਕਲੀ ਦੁੱਧ ਦੇ ਮਿਲਣ ਕਾਰਣ ਬੱਚਿਆਂ ਦਾ ਭਵਿੱਖ ਖਤਰੇ ਵੱਲ ਜਾਂਦਾ ਨਜ਼ਰ ਆ ਰਿਹਾ ਹੈ। ਕੈਮੀਕਲ ਨਾਲ ਤਿਆਰ ਕੀਤੇ ਗਏ ਨਕਲੀ ਦੁੱਧ ਕਾਰਣ ਬੱਚੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਜਿਵੇਂ ਕਿ ਕਾਲਾ ਪੀਲੀਆ, ਲੀਵਰ 'ਚ ਖਰਾਬੀ, ਆਤੜੀਆਂ ਵਿਚ ਸੋਜ, ਬਦਹਜ਼ਮੀ, ਕਿਡਨੀਆਂ ਦਾ ਖਰਾਬ ਹੋਣਾ, ਕੈਂਸਰ, ਸਰੀਰ ਦਾ ਵਿਕਾਸ ਨਾ ਹੋਣਾ ਆਦਿ। ਉਨ੍ਹਾਂ ਕਿਹਾ ਕਿ ਨਕਲੀ ਦੁੱਧ ਦੀ ਵਰਤੋਂ ਨਾਲ ਆਮ ਲੋਕਾਂ 'ਤੇ ਵੀ ਮਾੜਾ ਅਸਰ ਪੈ ਰਿਹਾ ਹੈ।

ਅਣਗਹਿਲੀ ਕਰਨ ਵਾਲੇ ਖਿਲਾਫ ਹੋਵੇਗੀ ਕਾਰਵਾਈ
ਡਿਪਟੀ ਕਮਿਸ਼ਨਰ ਪ੍ਰਦੀਪ ਸੱਭਰਵਾਲ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਇਸ ਸਾਰੇ ਮਾਮਲੇ ਦੀ ਰਿਪੋਰਟ ਲਈ ਜਾਵੇਗੀ ਅਤੇ ਜੇ ਕੋਈ ਅਣਗਹਿਲੀ ਸਾਹਮਣੇ ਆਈ ਤਾਂ ਉਸ ਖਿਲਾਫ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਕਿਸੇ ਵੀ ਕਿਸਮ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਅਧਿਕਾਰੀਆਂ ਨੂੰ ਦਿੱਤਾ ਜਾਵੇਗਾ ਨਿਰਦੇਸ਼
ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਾਲਾ ਕਾਰੋਬਾਰ ਕਰਨ ਵਾਲਿਆਂ ਨੂੰ ਨਹੀਂ ਬਖਸ਼ਿਆ ਜਾਵੇਗਾ ਅਤੇ ਜਲਦ ਇਸ ਸਬੰਧੀ ਉਕਤ ਸਰੱਹਦੀ ਖੇਤਰਾਂ 'ਚ ਮੌਜੂਦ ਦੁਕਾਨਾਂ 'ਤੇ ਸੈਂਪਲ ਭਰੇ ਜਾਣਗੇ।


Baljeet Kaur

Content Editor

Related News