ਪੰਜਾਬ ''ਚ ਟਾਰਗੈੱਟ ਕਿਲਿੰਗਜ਼ ਪਿੱਛੇ ਵਿਦੇਸ਼ੀ ਹੱਥ

Saturday, Dec 09, 2017 - 07:04 AM (IST)

ਪੰਜਾਬ ''ਚ ਟਾਰਗੈੱਟ ਕਿਲਿੰਗਜ਼ ਪਿੱਛੇ ਵਿਦੇਸ਼ੀ ਹੱਥ

ਜਲੰਧਰ (ਧਵਨ) - ਪੰਜਾਬ 'ਚ ਪਿਛਲੇ ਕੁਝ ਸਾਲਾਂ 'ਚ ਹੋਈਆਂ ਟਾਰਗੈੱਟ ਕਿਲਿੰਗਜ਼ ਪਿੱਛੇ ਵਿਦੇਸ਼ੀ ਹੱਥ ਹੋਣ ਦੇ ਸਪੱਸ਼ਟ ਸਬੂਤ ਮਿਲ ਗਏ ਹਨ, ਜਿਨ੍ਹਾਂ ਦਾ ਉਦੇਸ਼ ਰਾਜ 'ਚ ਅਸਥਿਰਤਾ ਪੈਦਾ ਕਰਦੇ ਹੋਏ ਅਮਨ-ਸ਼ਾਂਤੀ ਨੂੰ ਭੰਗ ਕਰਨਾ ਸੀ। ਇਸ ਸਮੇਂ ਵੱਖ-ਵੱਖ ਮਾਮਲਿਆਂ ਦੀ ਜਾਂਚ ਐੱਨ. ਆਈ. ਏ., ਸੀ. ਬੀ. ਆਈ. ਤੇ ਪੰਜਾਬ ਪੁਲਸ ਕਰ ਰਹੀ ਹੈ, ਜਿਨ੍ਹਾਂ ਤੋਂ ਪਤਾ ਲੱਗਾ ਹੈ ਕਿ ਬੜੇ ਯੋਜਨਾਬੱਧ ਢੰਗ ਨਾਲ ਟਾਰਗੈੱਟ ਕਿਲਿੰਗਜ਼ ਦੀਆਂ ਸਾਜ਼ਿਸ਼ਾਂ ਇੰਗਲੈਂਡ, ਇਟਲੀ, ਦੁਬਈ, ਪਾਕਿਸਤਾਨ ਅਤੇ ਕੈਨੇਡਾ 'ਚ ਰਚੀਆਂ ਗਈਆਂ ਸਨ। ਕਈ ਆਰ. ਐੱਸ. ਐੱਸ. ਨੇਤਾਵਾਂ ਦੀਆਂ ਵੀ ਹੱਤਿਆਵਾਂ ਹੋਈਆਂ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਟਾਰਗੈੱਟ ਕਿਲਿੰਗਜ਼ ਪਿੱਛੇ ਹਰਮੀਤ ਸਿੰਘ ਉਰਫ ਪੀ. ਐੱਚ. ਡੀ. ਦਾ ਦਿਮਾਗ ਕੰਮ ਕਰ ਰਿਹਾ ਸੀ, ਜੋ ਹੁਣੇ ਜਿਹੇ ਦੁਬਈ ਤੋਂ ਪਾਕਿਸਤਾਨ ਸ਼ਿਫਟ ਹੋ ਚੁੱਕਾ ਹੈ। ਉਸ ਨੂੰ ਪੀ. ਐੱਚ. ਡੀ. ਦਾ ਟਾਈਟਲ ਇਸ ਲਈ ਦਿੱਤਾ ਗਿਆ ਸੀ ਕਿਉਂਕਿ ਉਸ ਕੋਲ ਹਥਿਆਰਾਂ ਸਮੇਤ ਵੱਖ-ਵੱਖ ਮਾਮਲਿਆਂ ਦੀ ਵਿਸਥਾਰਤ ਜਾਣਕਾਰੀ ਮੁਹੱਈਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਪੁਲਸ ਨੇ ਹੁਣੇ ਜਿਹੇ ਹਰਦੀਪ ਸਿੰਘ ਉਰਫ ਸ਼ੇਰਾ ਨੂੰ ਗ੍ਰਿਫਤਾਰ ਕੀਤਾ ਸੀ, ਜੋ ਕਿ ਸ਼ਾਰਪ ਸ਼ੂਟਰ ਸੀ। ਉਸ ਦਾ ਵੀ ਕਈ ਹੱਤਿਆਵਾਂ 'ਚ ਅਹਿਮ ਹੱਥ ਰਿਹਾ ਹੈ। ਜਾਂਚਕਰਤਾਵਾਂ ਨੇ ਦੱਸਿਆ ਕਿ ਸ਼ੇਰਾ ਦੀ ਮੁਲਾਕਾਤ ਹਰਮਿੰਦਰ ਸਿੰਘ ਮਿੰਟੂ ਨਾਲ ਇਟਲੀ 'ਚ 2014 'ਚ ਹੋਈ ਸੀ। ਮਿੰਟੂ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਮੁਖੀ ਹੈ, ਜੋ ਇਸ ਸਮੇਂ ਜੇਲ ਵਿਚ ਬੰਦ ਹੈ। ਪਿਛਲੇ ਸਾਲ ਉਹ ਨਾਭਾ ਜੇਲ ਬ੍ਰੇਕ ਕਾਂਡ ਸਮੇਂ ਫਰਾਰ ਹੋਇਆ ਸੀ ਪਰ ਬਾਅਦ 'ਚ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ।
ਮੁੱਖ ਮੰਤਰੀ ਅਮਰਿੰਦਰ 7 ਜ਼ਰੂਰੀ ਮਾਮਲੇ ਐੱਨ. ਆਈ. ਏ. ਨੂੰ ਸੌਂਪ ਚੁੱਕੇ ਹਨ
ਟਾਰਗੈੱਟ ਕਿਲਿੰਗਜ਼ ਦੇ 7 ਜ਼ਰੂਰੀ ਕੇਸਾਂ ਦੀ ਜਾਂਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐੱਨ. ਆਈ. ਏ. (ਰਾਸ਼ਟਰੀ ਜਾਂਚ ਏਜੰਸੀ) ਨੂੰ ਸੌਂਪੀ ਜਾ ਚੁੱਕੀ ਹੈ। ਕੈਪਟਨ ਦਾ ਵੀ ਮੰਨਣਾ ਹੈ ਕਿ ਇਨ੍ਹਾਂ ਹੱਤਿਆਵਾਂ ਪਿੱਛੇ ਵਿਦੇਸ਼ੀ ਹੱਥ ਹੋ ਸਕਦਾ ਹੈ। ਇਸ ਲਈ ਕੌਮਾਂਤਰੀ ਸਾਜ਼ਿਸ਼ਾਂ ਦਾ ਪਰਦਾਫਾਸ਼ ਕਰਨ ਲਈ ਮੁੱਖ ਮੰਤਰੀ ਨੇ ਇਨ੍ਹਾਂ ਹੱਤਿਆਵਾਂ ਦੀ ਜਾਂਚ ਦਾ ਕੰਮ ਐੱਨ. ਆਈ. ਏ. ਹਵਾਲੇ ਕੀਤਾ। ਕੈਪਟਨ ਦਾ ਮੰਨਣਾ ਸੀ ਕਿ ਐੱਨ. ਆਈ. ਏ. ਕੇਂਦਰੀ ਏਜੰਸੀ ਹੋਣ ਦੇ ਨਾਤੇ ਵਿਦੇਸ਼ੀ ਸਰਕਾਰਾਂ ਨਾਲ ਵੀ ਸੰਪਰਕ ਸਥਾਪਤ ਕਰ ਸਕਦੀ ਹੈ।
ਹੁਣ ਮਾਸਟਰ ਮਾਈਂਡਸ ਦੀ ਭਾਲ ਜੋ ਵਿਦੇਸ਼ਾਂ ਤੋਂ ਫੰਡ ਤੇ ਹਥਿਆਰ ਮੁਹੱਈਆ ਕਰਵਾਉਂਦੇ ਸਨ
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸ਼ੇਰਾ ਆਪਣਾ ਕੰਮ ਪੂਰਾ ਕਰਨ ਤੋਂ ਬਾਅਦ 2 ਜਾਂ 3 ਦਿਨ ਬਾਅਦ ਇਟਲੀ ਜਾਂਦਾ ਸੀ। ਟਾਰਗੈੱਟ ਕਿਲਿੰਗਜ਼ 'ਚ ਉਨ੍ਹਾਂ ਲੋਕਾਂ ਨੂੰ ਸ਼ਾਮਲ ਕੀਤਾ ਜਾਂਦਾ ਸੀ, ਜਿਨ੍ਹਾਂ ਦੀ ਸਿਆਸੀ ਖੇਤਰਾਂ 'ਚ ਖਾਸ ਪਛਾਣ ਹੁੰਦੀ ਸੀ। ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਏਜੰਸੀਆਂ ਹੁਣ ਉਨ੍ਹਾਂ ਮਾਸਟਰ ਮਾਈਂਡਸ ਦਾ ਪਤਾ ਲਾ ਰਹੀਆਂ ਹਨ, ਜੋ ਸ਼ੂਟਰਸ ਨੂੰ ਵਿਦੇਸ਼ਾਂ ਤੋਂ ਆਰਥਿਕ ਸਹਾਇਤਾ ਤੇ ਹਥਿਆਰ ਮੁਹੱਈਆ ਕਰਵਾਉਂਦੇ ਸਨ। ਪੰਜਾਬ ਪੁਲਸ ਨੇ ਹੁਣੇ ਜਿਹੇ ਜਗਤਾਰ ਸਿੰਘ ਜੌਹਲ ਨੂੰ ਗ੍ਰਿਫਤਾਰ ਕੀਤਾ ਸੀ। ਜੌਹਲ 'ਤੇ ਦੋਸ਼ ਹੈ ਕਿ ਉਹ ਵਿਦੇਸ਼ ਤੋਂ ਫੰਡ ਤੇ ਹਥਿਆਰ ਮੁਹੱਈਆ ਕਰਵਾਉਂਦਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਵੀ ਉਹ ਕਾਫੀ ਸਰਗਰਮ ਰਿਹਾ।


Related News