550ਵੇਂ ਪ੍ਰਕਾਸ਼ ਪੁਰਬ ਮੌਕੇ ਕੇਂਦਰ ਵਲੋਂ ਮਿਲ ਸਕਦੈ ਜ਼ਿਲੇ ਨੂੰ ਤੋਹਫਾ

07/22/2019 3:05:36 PM

ਤਰਨਤਾਰਨ (ਰਮਨ) : ਜ਼ਿਲਾ ਤਰਨਤਾਰਨ ਦੇ ਨਿਵਾਸੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕੇਂਦਰ ਸਰਕਾਰ ਵੱਲੋਂ ਵਪਾਰਕ ਖੇਤਰ ਨੂੰ ਬੜ੍ਹਾਵਾ ਦੇਣ ਦੇ ਮਕਸਦ ਨਾਲ ਅੰਮ੍ਰਿਤਸਰ ਤੋਂ ਵਾਈਆ ਤਰਨਤਾਰਨ ਬਿਆਸ ਰੇਲ ਲਾਈਨ ਨੂੰ ਬਿਜਲੀਕਰਨ ਰਾਹੀਂ ਵੱਡਾ ਤੋਹਫਾ ਦੇਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਜਿਸ ਨਾਲ ਤਰਨਤਾਰਨ ਦੇ ਰਸਤੇ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀਆਂ ਐਕਸਪ੍ਰੈੱਸ ਗੱਡੀਆਂ ਦੇ ਜਾਣ ਨਾਲ ਸਰਹੱਦੀ ਜ਼ਿਲੇ ਦੇ ਲੋਕਾਂ ਨੂੰ ਵਪਾਰ 'ਚ ਵਾਧਾ ਹੋਣ ਦੀ ਜਿਥੇ ਭਾਰੀ ਸੰਭਾਵਨਾ ਲਾਈ ਜਾ ਰਹੀ ਹੈ ਉਥੇ ਇਸ ਨਾਲ ਲੋਕਾਂ ਨੂੰ ਖੱਜਲ-ਖੁਆਰੀ ਤੋਂ ਵੱਡੀ ਰਾਹਤ ਮਿਲਣ ਦੀ ਵੀ ਆਸ ਹੈ।

ਬਿਜਲੀਕਰਨ ਦਾ ਕੰਮ ਜੰਗੀ ਪੱਧਰ 'ਤੇ
ਅੰਮ੍ਰਿਤਸਰ ਤੋਂ ਤਰਨਤਾਰਨ ਦੇ 24 ਕਿਲ਼ੋਮੀਟਰ ਰਸਤੇ ਅਤੇ ਤਰਨਤਾਰਨ ਤੋਂ ਬਿਆਸ ਦੇ 48 ਕਿਲੋਮੀਟਰ ਰਸਤੇ ਨੂੰ ਰੇਲ ਵਿਭਾਗ ਵੱਲੋਂ ਬਿਜਲੀਕਰਨ ਕੀਤਾ ਜਾ ਰਿਹਾ ਹੈ, ਜਿਸ ਰਾਹੀਂ ਵਿਸ਼ੇਸ਼ ਕਿਸਮ ਦੀ ਧਾਤੂ ਨਾਲ ਤਿਆਰ ਖੰਭਿਆਂ ਨੂੰ ਜ਼ਮੀਨ ਦੇ 6 ਫੁੱਟ ਹੇਠਾਂ ਤੱਕ ਗੰਡਿਆ ਜਾ ਰਿਹਾ ਹੈ। ਇਨ੍ਹਾਂ ਪੋਲਾਂ ਨੂੰ ਰੇਲ ਲਾਈਨ ਦੇ ਦੋਵੇਂ ਪਾਸੇ ਗੱਡਿਆ ਜਾ ਰਿਹਾ ਹੈ, ਜਿਸ ਨਾਲ ਉਪਰ ਤੋਂ ਦੋਵਾਂ ਪੋਲਾਂ ਨੂੰ ਤਾਰਾਂ ਨਾਲ ਜੋੜਿਆ ਜਾਵੇਗਾ। ਇਹ ਬਿਜਲੀਕਰਨ ਦਾ ਸਾਰਾ ਕੰਮ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ।

ਦੁੱਖ ਨਿਵਾਰਣ ਵਿਖੇ ਬਣਾਇਆ ਸਬ ਸਟੇਸ਼ਨ
ਅੰਮ੍ਰਿਤਸਰ ਤੋਂ ਤਰਨਤਾਰਨ ਰੇਲ ਲਾਈਨ ਦੇ ਰਸਤੇ ਵਿਚ ਆਉਂਦੇ ਦੁੱਖ ਨਿਵਾਰਣ ਸਟੇਸ਼ਨ ਵਿਖੇ ਬਿਜਲੀ ਸਬ ਸਟੇਸ਼ਨ ਬਣਾਇਆ ਗਿਆ ਹੈ ਜਿਥੋਂ ਬਿਜਲੀ ਨਾਲ ਚੱਲਣ ਵਾਲੀਆਂ ਰੇਲ ਗੱਡੀਆਂ ਨੂੰ ਬਿਜਲੀ ਸਪਲਾਈ ਕੀਤੀ ਜਾਵੇਗੀ। ਸਬ ਸਟੇਸ਼ਨ ਲਈ ਜ਼ਿਆਦਾ ਜਗ੍ਹਾ ਤਰਨਤਾਰਨ ਸਟੇਸ਼ਨ ਵਿਖੇ ਨਾ ਹੋਣ ਕਾਰਣ ਦੁਖ ਨਿਵਾਰਣ ਸਟੇਸ਼ਨ ਨੂੰ ਚੁਣਿਆ ਗਿਆ ਹੈ।

ਐਕਸਪ੍ਰੈੱਸ ਗੱਡੀਆਂ ਚੱਲਣ ਨਾਲ ਮਿਲੇਗਾ ਲਾਭ-
ਆਉਣ ਵਾਲੇ ਸਮੇਂ ਵਿਚ ਇਸ ਬਿਜਲੀਕਰਨ ਪ੍ਰਾਜੈਕਟ ਨੂੰ ਪੂਰਾ ਹੋਣ ਤੋਂ ਬਾਅਦ ਇਸ ਰਸਤੇ ਅੰਮ੍ਰਿਤਸਰ ਤੋਂ ਦਿੱਲੀ, ਚੰਡੀਗੜ੍ਹ ਆਦਿ ਵਿਖੇ ਜਾਣ ਵਾਲੀਆਂ ਐਕਸਪ੍ਰੈੱਸ ਗੱਡੀਆਂ ਨਾਲ ਸਰਹੱਦੀ ਜ਼ਿਲੇ ਦੇ ਲੋਕਾਂ ਨੂੰ ਵੱਡੇ ਪੱਧਰ 'ਤੇ ਵਪਾਰਕ ਤੌਰ 'ਤੇ ਲਾਭ ਮਿਲੇਗਾ। ਅੰਮ੍ਰਿਤਸਰ ਤੋਂ ਵਾਇਆ ਤਰਨਤਾਰਨ, ਮੱਲ ਮੋਹਰੀ, ਵੇਈਂ ਪੂਈਂ, ਗੋਇੰਦਵਾਲ, ਖਡੂਰ ਸਾਹਿਬ, ਜਲਾਲਾਬਾਦ ਰਾਹੀਂ ਬਿਆਸ ਜਾਣ ਵਾਲੀਆਂ ਐਕਸਪ੍ਰੈੱਸ ਗੱਡੀਆਂ ਸਿੱਧੇ ਦਿੱਲੀ, ਜਲੰਧਰ, ਲੁਧਿਆਣਾ, ਅੰਬਾਲਾ, ਕਰਨਾਲ, ਦਿੱਲੀ ਜਾਣਗੀਆਂ।

8 ਰੇਲਵੇ ਫਾਟਕਾਂ ਨੂੰ ਕੀਤਾ ਜਾ ਰਿਹੈ ਐੱਲ. ਐੱਚ. ਐੱਸ-
ਤਰਨਤਾਰਨ ਤੋਂ ਬਿਆਸ ਦੇ 48 ਕਿਲੋਮੀਟਰ ਦੀ ਰੇਲ ਲਾਈਨ ਵਾਲੇ ਰਸਤੇ 'ਚ ਆਉਂਦੇ ਕੁੱਲ 8 ਰੇਲਵੇ ਫਾਟਕਾਂ ਵਿਚੋਂ 5 ਨੂੰ ਐੱਲ. ਐੱਚ. ਐੱਸ. (ਲਿਮਟਿਡ ਹਾਈਟ ਸਬਵੇ) ਕਰ ਦਿੱਤਾ ਗਿਆ ਹੈ, ਜਦਕਿ 3 ਫਾਟਕਾਂ ਦਾ ਕੰਮ ਬਾਕੀ ਰਹਿੰਦਾ ਹੈ। ਇਸ ਨਾਲ ਤੇਜ਼ ਰਫਤਾਰ ਚੱਲਣ ਵਾਲੀਆਂ ਐਕਸਪ੍ਰੈੱਸ ਗੱਡੀਆਂ ਨੂੰ ਰਸਤੇ 'ਚ ਰੁਕਣ ਦੀ ਕੋਈ ਜ਼ਰੂਰਤ ਨਹੀਂ ਪਵੇਗੀ ਅਤੇ ਇਹ ਆਪਣੀ ਮੰਜ਼ਿਲ 'ਤੇ ਸਹੀ ਸਮੇਂ 'ਤੇ ਪੁੱਜਣ ਵਿਚ ਕਾਮਯਾਬ ਹੋਣਗੀਆਂ।

ਕਿਹੜੀਆਂ-ਕਿਹੜੀਆਂ ਵਾਇਆ ਤਰਨਤਾਰਨ ਜਾ ਸਕਣਗੀਆਂ-
ਅੰਮ੍ਰਿਤਸਰ ਤੋਂ ਆਉਣ ਵਾਲੀਆਂ ਗੱਡੀਆਂ ਜਿਵੇਂ ਕਿ ਸ਼ਤਾਬਦੀ, ਡੀਲਕਸ, ਪੱਛਮ ਐਕਸਪ੍ਰੈੱਸ, ਅੰਮ੍ਰਿਤਸਰ ਐਕਸਪ੍ਰੈੱਸ, ਗਰੀਬ ਰੱਥ, ਅੰਮ੍ਰਿਤਸਰ ਨਵੀਂ ਦਿੱਲੀ ਐਕਸਪ੍ਰੈੱਸ, ਅੰਮ੍ਰਿਤਸਰ-ਚੰਡੀਗੜ੍ਹ ਐਕਸਪ੍ਰੈੱਸ ਦੇ ਆਉਣ ਦੀ ਆਸ ਲਾਈ ਜਾ ਸਕਦੀ ਹੈ, ਜਿਨ੍ਹਾਂ ਰਾਹੀਂ ਜ਼ਿਲੇ ਦੇ ਲੋਕ ਵਲੋਂ ਦੇਸ਼ ਭਰ ਵਿਚ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਸਫਰ ਕੀਤਾ ਜਾ ਸਕੇਗਾ।

ਜਲਦ ਸ਼ੁਰੂ ਹੋਵੇਗਾ ਵਾਈਰਿੰਗ ਦਾ ਕੰਮ-
ਇਸ ਸਬੰਧੀ ਸਟੇਸ਼ਨ ਮਾਸਟਰ ਰਵੀ ਸ਼ੇਰ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਤਰਨਤਾਰਨ ਬਿਆਸ ਦਾ ਬਿਜਲੀਕਰਨ ਸਬੰਧੀ ਕੰਮਕਾਜ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇੰਜੀਨੀਅਰਾਂ ਵੱਲੋਂ ਖੰਭਿਆਂ ਤੋਂ ਬਾਅਦ ਵਾਈਰਿੰਗ ਪਾਉਣ ਦਾ ਕੰਮ ਵੀ ਜਲਦ ਸ਼ੁਰੂ ਕੀਤਾ ਜਾਵੇਗਾ।

ਕੀ ਕਹਿੰਦੇ ਹਨ ਸੰਸਦ ਮੈਂਬਰ ਡਿੰਪਾ
ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਨਵੇਂ ਚੁਣੇ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਐਕਸਪ੍ਰੈੱਸ ਗੱਡੀਆਂ ਨੂੰ ਵਾਇਆ ਤਰਨਤਾਰਨ-ਬਿਆਸ ਚਲਾਉਣ ਸਬੰਧੀ ਆਵਾਜ਼ ਸੰਸਦ 'ਚ ਉਠਾਈ ਜਾਵੇਗੀ ਜਿਸ ਨਾਲ ਸਰੱਹਦੀ ਖੇਤਰ ਨਾਲ ਜੁੜੇ ਇਸ ਜ਼ਿਲੇ ਨੂੰ ਕਾਫੀ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਲੋੜ ਪੈਣ 'ਤੇ ਇਸ ਸਬੰਧੀ ਉਹ ਕੇਂਦਰੀ ਰੇਲ ਮੰਤਰੀ ਨਾਲ ਵੀ ਵਿਸ਼ੇਸ਼ ਤੌਰ 'ਤੇ ਮੀਟਿੰਗ ਕਰਨਗੇ। ਉਨ੍ਹਾਂ ਕਿਹਾ ਕਿ ਬਿਆਸ ਤੋਂ ਤਰਨਤਾਰਨ ਨੂੰ ਚੱਲਣ ਵਾਲੀ ਡੀ. ਐੱਮ. ਯੂ. ਦਾ ਸਮਾਂ ਤਰਨਤਾਰਨ ਤੋਂ ਬਿਆਸ ਲਈ ਸਵੇਰੇ 4 ਵਜੇ ਕਰਵਾਉਣ ਲਈ ਉਹ ਰੇਲ ਵਿਭਾਗ ਨੂੰ ਪੱਤਰ ਲਿਖਣਗੇ।


Baljeet Kaur

Content Editor

Related News