ਸਾਬਕਾ ਸੂਬੇਦਾਰ ਮੇਜਰ ਦੀ ਕਰੰਟ ਲੱਗਣ ਕਾਰਨ ਹੋਈ ਮੌਤ
Sunday, Jul 08, 2018 - 09:03 PM (IST)

ਤਰਨਤਾਰਨ (ਰਮਨ)— ਨਜ਼ਦੀਕੀ ਪਿੰਡ ਕੁਹਾੜਕਾ ਨਿਵਾਸੀ ਇਕ ਸਾਬਕਾ ਸੂਬੇਦਾਰ ਮੇਜਰ ਦੀ ਕਰੰਟ ਲੱਗਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਦੌਰਾਨ ਸੂਬੇਦਾਰ ਦੇ ਬੇਟੇ ਦੀ ਜਾਨ ਵਾਲ-ਵਾਲ ਬਚੀ। ਬੀਤੇ ਕੱਲ ਸ਼ਾਮ ਕਰੀਬ 6.30 ਵਜੇ ਸਾਬਕਾ ਸੂਬੇਦਾਰ ਮੇਜਰ ਸਤਨਾਮ ਸਿੰਘ (60) ਪੁੱਤਰ ਅਜੀਤ ਸਿੰਘ ਵਾਸੀ ਪਿੰਡ ਕੁਹਾੜਕਾ ਆਪਣੇ ਬੇਟੇ ਗੁਰਪ੍ਰੀਤ ਸਿੰਘ (28) ਨੂੰ ਨਾਲ ਲੈ ਕੇ ਘਰ ਦੀ ਛੱਤ ਦਾ ਲਕੜ ਵਾਲਾ ਬਾਲਾ, ਜੋ ਖਰਾਬ ਹੋ ਗਿਆ ਸੀ, ਬਦਲ ਰਹੇ ਸਨ ਤਾਂ ਉਸ ਸਮੇਂ ਸਤਨਾਮ ਸਿੰਘ ਅਚਾਣਕ ਘਰ ਦੇ ਨਾਲ ਲੰਗਦੀ ਬਿਜਲੀ ਦੀ ਨੰਗੀ ਤਾਰ ਦੇ ਸੰਪਰਕ 'ਚ ਆ ਗਿਆ। ਇਸ ਦੌਰਾਨ ਸਤਨਾਮ ਸਿੰਘ ਨੂੰ ਕਰੰਟ ਨੇ ਆਪਣੇ ਵੱਲ ਖਿੱਚ ਲਿਆ, ਜਿਸ ਨੂੰ ਛੁਡਾਉਣ ਲਈ ਅੱਗੇ ਆਏ ਉਸ ਦੇ ਬੇਟੇ ਨੂੰ ਵੀ ਜ਼ਬਰਦਸਤ ਕਰੰਟ ਪੈ ਗਿਆ।
ਸਤਨਾਮ ਸਿੰਘ ਦੇ ਬੇਟੇ ਨੇ ਲਕੜ ਦੇ ਦਸਤੇ ਨਾਲ ਆਪਣੇ ਪਿਤਾ ਨੂੰ ਜਦੋਂ ਤੱਕ ਛੁਡਾਇਆ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਜਿਨ੍ਹਾਂ ਦਾ ਅੱਜ ਅੰਤਿਮ ਸਸਕਾਰ ਕਰ ਦਿੱਤਾ ਗਿਆ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਖੇਤੀ ਬਾੜੀ ਦਾ ਕੰਮ ਹੈ ਅਤੇ ਉਹ ਜ਼ਿਲੇ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਸਭਰਵਾਲ ਤੋਂ ਇਸ ਹੋਏ ਹਾਦਸੇ ਸਬੰਧੀ ਮੁਆਵਜ਼ੇ ਦੀ ਮੰਗ ਕਰਦੇ ਹਨ।