ਢੇਸੀ ਵਲੋਂ 'ਲੰਡਨ-ਅੰਮ੍ਰਿਤਸਰ' ਉਡਾਣ ਲਈ ਯੂ. ਕੇ. ਦੀ ਟਰਾਂਸਪੋਰਟ ਮੰਤਰੀ ਨਾਲ ਮੁਲਾਕਾਤ
Thursday, Jun 20, 2019 - 08:41 AM (IST)

ਚੰਡੀਗੜ੍ਹ : ਯੂ. ਕੇ. ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਲੰਦਨ ਵਿਖੇ ਬਰਤਾਨਵੀ ਸੰਸਦ 'ਚ ਹਵਾਬਾਜ਼ੀ ਤੇ ਕੌਮਾਂਤਰੀ ਟਰਾਂਸਪੋਰਟ ਮੰਤਰੀ ਬੈਰੋਨੈਸ ਵੇਅਰ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਦੌਰਾਨ ਢੇਸੀ ਨੇ ਲੰਡਨ-ਅੰਮ੍ਰਿਤਸਰ ਦੀ ਸਿੱਧੀ ਉਡਾਣ ਦੀ ਮੰਗ ਕਰਦਿਆਂ ਕਿਹਾ ਕਿ ਇਸ ਨਾਲ ਬਰਤਾਨੀਆ ਨੂੰ ਸੈਰ-ਸਪਾਟੇ, ਸੱਭਿਆਚਾਰਕ ਗਤੀਵਿਧੀਆਂ ਅਤੇ ਵਪਾਰਕ ਤੌਰ 'ਤੇ ਕਾਫ਼ੀ ਲਾਭ ਹੋਵੇਗਾ। ਉਨ੍ਹਾਂ ਨੇ ਮੰਤਰੀ ਨੂੰ ਦੱਸਿਆ ਕਿ ਮਈ, 2019 'ਚ ਭਾਰਤ ਦੇ ਸੈਂਟਰ ਫਾਰ ਏਸ਼ੀਆ ਪੈਸੀਫਿਕ ਏਵੀਏਸ਼ਨ (ਸੀ. ਏ. ਪੀ. ਏ.) ਨੇ ਐਲਾਨ ਕੀਤਾ ਸੀ ਕਿ ਭਾਰਤ ਅਤੇ ਯੂਰਪ ਵਿਚਕਾਰ ਸਿੱਧੀ ਹਵਾਈ ਸੇਵਾ ਲਈ ਇੰਟਰਨੈਟ 'ਤੇ ਸਭ ਤੋਂ ਵੱਧ ਅੰਮ੍ਰਿਤਸਰ-ਹੀਥਰੋ ਰੂਟ ਲਈ ਭਾਲ ਕੀਤੀ ਗਈ।
ਢੇਸੀ ਨੇ ਕਿਹਾ ਕਿ 2018 ਤੋਂ ਬਰਤਾਨੀਆ 'ਚ ਲੰਡਨ-ਅੰਮ੍ਰਿਤਸਰ ਸਿੱਧੀ ਹਵਾਈ ਉਡਾਣ ਲਈ ਮੁਹਿੰਮ ਸ਼ੁਰੂ ਕੀਤੇ ਜਾਣ ਤੋਂ ਬਾਅਦ ਹੋਰਨਾਂ ਤੋਂ ਇਲਾਵਾ ਯੂ. ਕੇ ਦੇ ਸੰਸਦ ਮੈਂਬਰਾਂ ਤੋਂ ਵੀ ਹਮਾਇਤ ਹਾਸਲ ਹੋਈ ਹੈ। ਇਸ ਹਵਾਈ ਰੂਟ ਨੂੰ ਮੁੜ ਸ਼ੁਰੂ ਕਰਵਾਉਣ ਸਬੰਧੀ ਇਸ ਪਹਿਲ ਕਦਮੀ ਨੂੰ ਪਾਰਟੀ ਪੱਧਰ ਤੋਂ ਉੱਪਰ ਉਠ ਕੇ ਸਮਰਥਨ ਮਿਲਿਆ ਹੈ ਅਤੇ ਕੌਮਾਂਤਰੀ ਮੀਡੀਆ ਵੱਲੋਂ ਵੀ ਚੰਗਾ ਹੁੰਗਾਰਾ ਪ੍ਰਾਪਤ ਹੋਇਆ ਹੈ।
ਇਸ ਮੀਟਿੰਗ ਦੌਰਾਨ ਬਰਤਾਨਵੀ ਸੰਸਦ ਮੈਂਬਰ ਨੇ ਮੰਤਰੀ ਨੂੰ ਦੱਸਿਆ ਕਿ ਸੰਸਾਰ ਭਰ ਵਿੱਚੋਂ ਰੋਜ਼ਾਨਾ ਇੱਕ ਲੱਖ ਤੋਂ ਵੱਧ ਯਾਤਰੀ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੇ ਦਰਸ਼ਨਾਂ ਲਈ ਆਉਂਦੇ ਹਨ।ਲੰਡਨ ਇਕ ਗਲੋਬਲ ਧੁਰਾ ਹੈ ਅਤੇ ਯੂ. ਕੇ. ਤੋਂ ਅੰਮ੍ਰਿਤਸਰ ਆਉਣ-ਜਾਣ ਵਾਲੇ ਸ਼ਰਧਾਲੂਆਂ ਚੋਂ ਜ਼ਿਆਦਾਤਰ ਪੰਜਾਬੀ ਲੰਡਨ 'ਚ ਰਹਿੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਅੰਮ੍ਰਿਤਸਰ ਵਿਖੇ ਯਾਤਰੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।
ਹਾਲ ਹੀ ਵਿਚ ਇਹ ਪਤਾ ਲੱਗਾ ਹੈ ਕਿ ਅੰਮ੍ਰਿਤਸਰ ਹਵਾਈ ਅੱਡਾ ਭਾਰਤ ਦਾ ਸਾਲ 2018 ਵਿਚ ਸਭ ਤੋਂ ਵੱਧ ਯਾਤਰੀਆਂ ਦੀ ਆਮਦ ਵਾਲਾ ਹਵਾਈ ਅੱਡਾ ਬਣ ਗਿਆ ਹੈ, ਜੋ ਇਥੇ ਆਉਣ ਵਾਲੇ ਵੱਧ ਰਹੇ ਮੁਸਾਫ਼ਰਾਂ ਦੀ ਗਿਣਤੀ ਤੋਂ ਪਤਾ ਲਗਦਾ ਹੈ।ਢੇਸੀ ਨੇ ਕਾਫ਼ੀ ਚਿਰਾਂ ਤੋਂ ਇਹ ਮੁਹਿੰਮ ਜਾਰੀ ਰੱਖਦਿਆਂ ਇਸ ਮੁੱਦੇ ਸਬੰਧੀ ਯੂ. ਕੇ. ਦੀ ਸੰਸਦ 'ਚ ਵੀ ਚਰਚਾ ਕੀਤੀ ਕਿ ਹਵਾਈ ਅੱਡਿਆਂ ਅਤੇ ਕੌਮਾਂਤਰੀ ਏਅਰਲਾਈਨਾਂ ਲਈ ਇਹ ਰੂਟ ਖੋਲ੍ਹਣਾ ਯਕੀਨੀ ਬਣਾਇਆ ਜਾਵੇ।