8ਵੀਂ ਕਲਾਸ ਦੀ ਵਿਦਿਆਰਥਣ ਨਾਲ ਕੀਤੀ ਛੇੜਛਾੜ, 1 ਕਾਬੂ
Sunday, Jan 28, 2018 - 01:21 PM (IST)

ਲੁਧਿਆਣਾ (ਰਿਸ਼ੀ) - ਰਿਸ਼ੀ ਨਗਰ ਬਲਾਕ-ਸੀ 'ਚ ਨਸ਼ੇ 'ਚ ਧੁੱਤ 4 ਨੌਜਵਾਨ ਇਕ ਘਰ 'ਚ ਦਾਖਲ ਹੋ ਗਏ ਅਤੇ ਉਥੇ 8ਵੀਂ ਕਲਾਸ ਦੀ ਵਿਦਿਆਰਥਣ ਨੂੰ ਇਕੱਲੀ ਦੇਖ ਛੇੜਛਾੜ ਕਰਨ ਲੱਗ ਪਏ। ਲੜਕੀ ਵੱਲੋਂ ਰੌਲਾ ਪਾਉਣ 'ਤੇ ਆਸ-ਪਾਸ ਦੇ ਘਰਾਂ ਦੇ ਲੋਕਾਂ ਨੂੰ ਇਕੱਠਿਆਂ ਹੁੰਦਾ ਦੇਖ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਏ। ਥਾਣਾ ਪੀ. ਏ. ਯੂ. ਦੀ ਪੁਲਸ ਨੇ ਸਾਰਿਆਂ ਦੇ ਖਿਲਾਫ ਕੇਸ ਦਰਜ ਕਰ ਦਿੱਤਾ ਹੈ। ਜਾਂਚ ਦੌਰਾਨ ਪਛਾਣ ਹੋਣ 'ਤੇ ਪੁਲਸ ਨੇ 1 ਮੁਲਜ਼ਮ ਨੂੰ ਕਾਬੂ ਕਰ ਲਿਆ। ਥਾਣਾ ਇੰਚਾਰਜ ਬ੍ਰਿਜ ਮੋਹਨ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਦੀ ਪਛਾਣ ਸ਼ੰਟੀ (25) ਅਤੇ ਫਰਾਰ ਮੁਲਜ਼ਮਾਂ ਦੀ ਪਛਾਣ ਵਿਸ਼ਨੂੰ, ਸਾਬੀ, ਅਕਸ਼ੂ ਵਾਸੀ ਰਿਸ਼ੀ ਨਗਰ ਵਜੋਂ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ 15 ਸਾਲਾ ਲੜਕੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਉਹ ਘਰ ਇਕੱਲੀ ਸੀ। ਇਕਦਮ ਨਸ਼ੇ 'ਚ ਧੁੱਤ ਮੁਲਜ਼ਮ ਘਰ ਅੰਦਰ ਦਾਖਲ ਹੋ ਗਏ ਤੇ ਛੇੜਛਾੜ ਕਰਨ ਲੱਗ ਪਏ। ਰੌਲਾ ਪਾਉਣ 'ਤੇ ਫਰਾਰ ਹੋ ਗਏ। ਮੌਕੇ 'ਤੇ ਪਹੁੰਚੀ ਪੁਲਸ ਨੇ ਮੋਟਰਸਾਈਕਲ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕੀਤੀ ਤਾਂ ਸਾਰਿਆਂ ਮੁਲਜ਼ਮਾਂ ਦੀ ਪਛਾਣ ਹੋ ਗਈ, ਜਿਸਦੇ ਬਾਅਦ ਇਕ ਨੂੰ ਕਾਬੂ ਕਰ ਲਿਆ ਅਤੇ ਬਾਕੀਆਂ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ।