ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਰਾਬਰੀ ਕਰਕੇ ਘਿਰੇ ਕਮਲਨਾਥ, ਅਕਾਲ ਤਖਤ ਸਾਹਿਬ ਸਖਤ
Saturday, Jul 27, 2019 - 12:28 PM (IST)

ਤਲਵੰਡੀ ਸਾਬੋ (ਮਨੀਸ਼) : ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਵੱਲੋਂ ਸਿੱਖ ਕੌਮ ਦੇ ਦੱਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਅਤੇ ਗੁਰਬਾਣੀ ਦੀਆਂ ਪੰਕਤੀਆਂ ਨੂੰ ਤੋੜ-ਮਰੋੜ ਕੇ ਲਿਖਣ ਦੇ ਮਾਮਲੇ ਦਾ ਸ੍ਰੀ ਅਕਾਲ ਤਖਤ ਸਾਹਿਬ ਨੇ ਸਖਤ ਨੋਟਿਸ ਲਿਆ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮਾਮਲੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਕਿਹਾ ਕਿ ਅਜਿਹਾ ਕਰਨ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਉਨ੍ਹਾਂ ਕਿਹਾ ਕਿ ਬੇਸ਼ੱਕ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਥਾਣਾ ਨਾਰਥ ਐਵੇਨਿਊ ਵਿਚ ਕਮਲਨਾਥ ਖਿਲਾਫ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਪਰ ਉਨ੍ਹਾਂ ਵੱਲੋਂ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਇਸ ਮਾਮਲੇ ਵਿਚ ਕਮਲਨਾਥ ਖਿਲਾਫ ਵੀ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਕੀ ਹੈ ਮਾਮਲਾ
ਦਰਅਸਲ ਕਮਲਨਾਥ ਵੱਲੋਂ ਆਪਣੇ ਕਈ ਫੇਸਬੁੱਕ ਪੇਜ਼ਾਂ 'ਤੇ ਇਕ ਪੋਸਟ ਪਾਈ ਗਈ ਸੀ, ਜਿਸ ਵਿਚ ਕਮਲਨਾਥ ਦੀ ਫੋਟੋ ਲਗਾ ਕੇ 'ਸਵਾ ਲਾਖ ਸੇ ਏਕ ਲੜਾਊ ਚਿੜੀਅਨ ਸੇ ਮੈਂ ਬਾਜ ਤੁੜਾਊਂ, ਤਬੈ ਕਮਲਨਾਥ ਨਾਮ ਕਹਾਉਂ' ਲਿੱਖ ਕੇ ਗ੍ਰਾਫਿਕ ਬਣਾਇਆ ਗਿਆ ਸੀ। ਇਹ ਪੋਸਟ ਦੇਖਣ ਤੋਂ ਬਾਅਦ ਸਿੱਖ ਭਾਈਚਾਰੇ ਵਿਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ।