ਵੱਡੀ ਖ਼ਬਰ: ਬਲਜੀਤ ਸਿੰਘ ਦਾਦੂਵਾਲ ਨੇ ਜਥੇਦਾਰੀ ਤੋਂ ਦਿੱਤਾ ਅਸਤੀਫ਼ਾ
Monday, Aug 24, 2020 - 12:41 PM (IST)
ਤਲਵੰਡੀ ਸਾਬੋ (ਮਨੀਸ਼) : ਬੀਤੇ ਸਮੇਂ ਸਰਬੱਤ ਖਾਲਸਾ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਥਾਪੇ ਗਏ ਭਾਈ ਬਲਜੀਤ ਸਿੰਘ ਖਾਲਸਾ ਦਾਦੂਵਾਲ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ ਤੋਂ ਬਾਅਦ ਅੱਜ ਸ਼ੁਕਰਾਨੇ ਵਜੋਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਮੌਕੇ ਖਾਲਸਾ ਪੰਥ ਨੂੰ ‘ਬੇਨਤੀ ਪੱਤਰ’ ਵਜੋਂ ਆਪਣਾ ਅਸਤੀਫਾ ਦੇ ਦਿੱਤਾ ਹੈ।
ਇਹ ਵੀ ਪੜ੍ਹੋਂ :14 ਸਾਲਾ ਭਤੀਜੀ ਨੂੰ ਬੇਹੋਸ਼ ਕਰਕੇ ਕਰਵਾਇਆ ਜਬਰ-ਜ਼ਿਨਾਹ, ਬਣਾਈ ਵੀਡੀਓ
ਅੱਜ ਦਮਦਮਾ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਤੱਕ ਸ਼ੁਕਰਾਨਾ ਮਾਰਚ ਦੀ ਆਰੰਭਤਾ ਮੌਕੇ ਤਖਤ ਸਾਹਿਬ ਪੁੱਜੇ ਭਾਈ ਦਾਦੂਵਾਲ ਨੇ ਖਾਲਸਾ ਪੰਥ ਦੇ ਨਾਂ ‘ਬੇਨਤੀ ਪੱਤਰ’ ਵਿਚ ਲਿਖਿਆ ਹੈ ਕਿ 10 ਨਵੰਬਰ 2015 ਨੂੰ ਚੱਬੇ ਦੀ ਧਰਤੀ ਤੋਂ ਸਮੁੱਚੇ ਖਾਲਸਾ ਪੰਥ ਵੱਲੋਂ ਉਨ੍ਹਾਂ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੀ ਸੇਵਾ ਸੌਂਪੀ ਗਈ ਸੀ ਪਰ ਹੁਣ ਬੀਤੀ 13 ਅਗਸਤ ਨੂੰ ਉਨ੍ਹਾਂ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣ ਲਿਆ ਗਿਆ ਹੈ, ਜਿਸ ਲਈ ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਤਖਤ ਸਾਹਿਬ ਦੇ ਜਥੇਦਾਰ ਦੀ ਸੇਵਾ ਬਹੁਤ ਵੱਡੀ ਹੈ ਤੇ ਹੁਣ ਉਹ ਹਰਿਆਣਾ ਕਮੇਟੀ ਦੇ ਪ੍ਰਧਾਨ ਦੀ ਛੋਟੀ ਸੇਵਾ ਨਿਭਾਉਣਗੇ। ਉਨ੍ਹਾਂ ਕੌਮ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਜਗ੍ਹਾ ਕਿਸੇ ਵੀ ਗੁਰਮੁੱਖ ਸਿੰਘ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਨਿਯੁਕਤ ਕਰ ਲਿਆ ਜਾਵੇ। ਉਨ੍ਹਾਂ ਨਾਲ ਹੀ ਲਿਖਿਆ ਕਿ ਜਥੇਦਾਰ ਵਜੋਂ ਸੇਵਾ ਨਿਭਾਉਂਦਿਆਂ ਜੇ ਉਨ੍ਹਾਂ ਤੋਂ ਕਿਸੇ ਕਿਸਮ ਦੀ ਕੁਤਾਹੀ ਹੋ ਗਈ ਹੋਵੇ ਤਾਂ ਪੰਥ ਤੋਂ ਖਿਮਾ ਮੰਗਦੇ ਹਨ। ਦਾਦੂਵਾਲ ਨੇ ਕਿਹਾ ਕਿ ਉਹ ਸਮੁੱਚੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਹਰਿਆਣਾ ਕਮੇਟੀ ਦੇ ਪ੍ਰਧਾਨ ਵਜੋਂ ਸਿੱਖੀ ਪ੍ਰਚਾਰ ਪ੍ਰਸਾਰ ਦੀ ਸੇਵਾ ਨਿਭਾਉਂਦੇ ਰਹਿਣਗੇ।
ਇਸ ਮੌਕੇ ਭਾਈ ਦਾਦੂਵਾਲ ਦੀ ਅਗਵਾਈ ਵਿਚ ਸ਼ੁਕਰਾਨਾ ਮਾਰਚ ਸ੍ਰੀ ਅਕਾਲ ਤਖਤ ਸਾਹਿਬ ਲਈ ਰਵਾਨਾ ਹੋਇਆ, ਜਿਸ ਵਿਚ ਸੰਗਤਾਂ ਤੋਂ ਇਲਾਵਾ ਹਰਿਆਣਾ ਕਮੇਟੀ ਦੇ ਮੈਂਬਰਾਂ ਨੇ ਵੀ ਸ਼ਮੂਲੀਅਤ ਕੀਤੀ। ਦਾਦੂਵਾਲ ਦੇ ਮਾਰਚ ਨੂੰ ਦੇਖਦਿਆਂ ਪੁਲਸ ਵੱਲੋਂ ਜਗ੍ਹਾ-ਜਗ੍ਹਾ ਸੁਰੱਖਿਆ ਦੇ ਪ੍ਰਬੰਧ ਵੀ ਕੀਤੇ ਗਏ ਸਨ ਜਦੋਂਕਿ ਸੰਗਤਾਂ ਵੱਲੋਂ ਦਾਦੂਵਾਲ ਦਾ ਰਾਸਤੇ ਵਿਚ ਥਾਂ-ਥਾਂ ਸਵਾਗਤ ਕੀਤਾ ਗਿਆ। ਉਨ੍ਹਾਂ ਨਾਲ ਇਸ ਮੌਕੇ ਭਾਈ ਜਸਵੀਰ ਸਿੰਘ, ਕਰਨੈਲ ਸਿੰਘ ਨਿਮਨਾਬਾਦ, ਅਮਰਿੰਦਰ ਸਿੰਘ ਅਰੋੜਾ, ਚੰਨਦੀਪ ਸਿੰਘ ਰੋਹਤਕ, ਨਰਵੈਲ ਸਿੰਘ, ਹਰਭਜਨ ਸਿੰਘ ਰਠੋੜ, ਸਵਰਨ ਸਿੰਘ ਰਤੀਆ ਸਾਰੇ ਮੈਂਬਰ ਹਰਿਆਣਾ ਕਮੇਟੀ, ਅੈਡਵੋਕੇਟ ਜਰਨੈਲ ਸਿੰਘ ਬਰਾੜ, ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਬਾਬਾ ਰਣਜੀਤ ਸਿੰਘ ਲੰਗੇਆਣਾ, ਸਰਬਜੀਤ ਸਿੰਘ ਗੱਤਕਾ ਦਲ ਪੰਜਾਬ ਆਦਿ ਆਗੂ ਹਾਜ਼ਰ ਸਨ।