ਲੋਕ ਸਭਾ ਚੋਣਾਂ ਨੇ ਮੌੜ ਮੰਡੀ ਬੰਬ ਕਾਂਡ ਪੀੜਤਾਂ ਦੇ ਜ਼ਖਮ ਕੀਤੇ ਹਰੇ
Tuesday, May 07, 2019 - 04:26 PM (IST)
ਤਲਵੰਡੀ ਸਾਬੋ (ਮਨੀਸ਼) : ਲੋਕ ਸਭਾ ਚੋਣਾਂ ਨੇ ਮੌੜ ਮੰਡੀ ਬੰਬ ਕਾਂਡ ਪੀੜਤਾਂ ਦੇ ਜ਼ਖਮ ਇਕ ਵਾਰ ਫਿਰ ਹਰੇ ਕਰ ਦਿੱਤੇ ਹਨ। ਪੀੜਤਾਵਾਂ ਨੇ ਦੋ ਸਾਲ ਬਾਅਦ ਵੀ ਇਨਸਾਫ ਤੇ ਮੁਆਵਜ਼ਾ ਨਾ ਮਿਲਣ ਕਰਕੇ ਘਟਨਾ ਸਥਾਨ 'ਤੇ “ਪਹਿਲਾਂ ਬੰਬ ਕਾਂਡ ਦੇ ਪੀੜਤ ਪਰਿਵਾਰਾਂ ਦੇ ਮਸਲੇ ਹੱਲ ਕਰੋ ਫਿਰ ਵੋਟਾਂ ਦੀ ਗੱਲ ਕਰੋ“ ਬੈਨਰ ਲਗਾ ਦਿੱਤੇ ਹਨ। ਜਦੋਂਕਿ ਨਾਲ ਹੀ ਕਾਂਗਰਸ ਦੇ ਹਲਕਾ ਇੰਚਾਰਜ ਅਤੇ ਸਾਬਕਾ ਮੰਤਰੀ ਹਰਮੰਦਰ ਸਿੰਘ ਜੱਸੀ ਦੀ ਫੋਟੋ ਲਗਾ ਕੇ ਮੁਰਦਾਬਾਦ ਲਿਖ ਦਿੱਤਾ ਹੈ।
ਬੰਬ ਕਾਂਡ ਵਿਚ ਆਪਣੇ ਪੋਤੇ ਨੂੰ ਗੁਆ ਬੈਠੇ ਬਲਬੀਰ ਸਿੰਘ ਨੇ ਦੱਸਿਆ ਹੈ ਕਿ ਜਦੋਂ ਤੋਂ ਇਹ ਘਟਨਾ ਹੋਈ ਕਿਸੇ ਪਾਰਟੀ ਨੇ ਸਾਡੀ ਸਾਰ ਨਹੀਂ ਲਈ। ਸਰਕਾਰ ਤੇ ਹਰਮੰਦਰ ਸਿੰਘ ਜੱਸੀ 'ਤੇ ਗੁੱਸਾ ਕੱਢਦੇ ਹੋਏ ਉਨ੍ਹਾਂ ਦਾ ਕਹਿਣਾ ਹੈ ਜਿਸ ਦੀ ਰੈਲੀ ਵਿਚ ਇਹ ਘਟਨਾ ਹੋਈ ਉਸ ਨੇ ਹੀ ਸਾਡੀ ਬਾਤ ਤੱਕ ਨਹੀਂ ਪੁੱਛੀ ਤੇ ਹੁਣ ਚੋਣਾਂ ਸਮੇ ਫਿਰ ਵੱਡੇ-ਵੱਡੇ ਝੂਠੇ ਵਾਅਦੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਨੂੰ ਆਪਣੀ ਗਲੀ ਵਿਚ ਦਾਖਲ ਨਹੀਂ ਹੋਣ ਦੇਵਾਂਗੇ।
ਦੱਸ ਦੇਈਏ ਕਿ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ 31 ਜਨਵਰੀ ਦੀ ਸ਼ਾਮ ਨੂੰ ਵਿਧਾਨ ਸਭਾ ਹਲਕਾ ਮੌੜ ਮੰਡੀ ਤੋਂ ਕਾਂਗਰਸੀ ਉਮੀਦਵਾਰ ਹਰਮੰਦਰ ਜੱਸੀ ਦੀ ਚੋਣ ਰੈਲੀ 'ਚ ਕਾਰ ਬੰਬ ਧਮਾਕਾ ਹੋਇਆ ਸੀ, ਜਿਸ ਵਿਚ 5 ਬੱਚਿਆਂ ਸਮੇਤ 7 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ ਕਈ ਲੋਕ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਵਿਚੋਂ ਅੱਜ ਵੀ ਕਈ ਗੰਭੀਰ ਜ਼ਖਮਾਂ ਨੂੰ ਝੱਲ ਰਹੇ ਹਨ। ਕਾਂਗਰਸੀ ਉਮੀਦਵਾਰ ਹਰਮੰਦਰ ਸਿੰਘ ਜੱਸੀ ਉਕਤ ਹਮਲੇ ਵਿਚ ਵਾਲ-ਵਾਲ ਬੱਚ ਗਏ ਸਨ।