ਟਕਸਾਲੀ ਆਗੂਆਂ ਦੇ ''ਆਪ'' ਛੱਡਣ ਦਾ ਵੈਸਟ ਦੇ ਨਾਲ-ਨਾਲ ਜਲੰਧਰ ਕੈਂਟ ’ਤੇ ਵੀ ਪੈਣ ਲੱਗਾ ਅਸਰ

01/22/2022 7:01:50 PM

ਜਲੰਧਰ (ਸੋਮਨਾਥ)– ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਅਤੇ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਆਪਣੇ-ਆਪਣੇ ਵਿਧਾਨ ਸਭਾ ਹਲਕਿਆਂ ਵਿਚ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ। 5-5 ਪਾਰਟੀ ਵਰਕਰਾਂ ਦੀਆਂ ਟੀਮਾਂ ਡੋਰ-ਟੂ-ਡੋਰ ਜਾ ਕੇ ਪ੍ਰਚਾਰ ਕਰਨ ਲੱਗ ਪਈਆਂ ਹਨ। ਦੂਜੇ ਪਾਸੇ ਆਮ ਆਦਮੀ ਪਾਰਟੀ ਤੋਂ ਟਿਕਟ ਨਾ ਮਿਲਣ ਕਾਰਨ ਬਗਾਵਤ ਦਾ ਰੁਖ਼ ਅਪਣਾਉਣ ਵਾਲੇ ਟਕਸਾਲੀ ਆਗੂ ਪਾਰਟੀ ਛੱਡ ਕੇ ਜਾ ਚੁੱਕੇ ਹਨ ਅਤੇ ਪਾਰਟੀ ਖ਼ਿਲਾਫ਼ ਪ੍ਰਚਾਰ ਵਿਚ ਜੁਟ ਗਏ ਹਨ। ਟਕਸਾਲੀ ਆਗੂਆਂ ਵੱਲੋਂ ਪੈਰਾਸ਼ੂਟ ਉਮੀਦਵਾਰਾਂ ਦਾ ਵਿਰੋਧ ਕੀਤੇ ਜਾਣ ਤੇ ‘ਆਪ’ ਖ਼ਿਲਾਫ਼ ਪ੍ਰਚਾਰ ਦਾ ਅਸਰ ਬਾਕੀ ਵਿਧਾਨ ਸਭਾ ਸੀਟਾਂ ’ਤੇ ਵੀ ਹੌਲੀ-ਹੌਲੀ ਪੈਣਾ ਸ਼ੁਰੂ ਹੋ ਗਿਆ ਹੈ।

ਨਾਰਥ ਵਿਚ ਜੋਗਿੰਦਰਪਾਲ ਸ਼ਰਮਾ ਨੇ ਖੋਲ੍ਹਿਆ ਮੋਰਚਾ
ਆਮ ਆਦਮੀ ਪਾਰਟੀ ਦੀ ਟਿਕਟ ਨਾ ਮਿਲਣ ਤੋਂ ਨਾਰਾਜ਼ ਹੋ ਕੇ ਕਾਂਗਰਸ ਵਿਚ ਸ਼ਾਮਲ ਹੋਏ ਜੋਗਿੰਦਰਪਾਲ ਸ਼ਰਮਾ ਹੁਣ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਨੂੰ ਭੰਡਣ ਲੱਗੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜੀ ਪਾਰਟੀ ਆਪਣੇ ਆਗੂਆਂ ਅਤੇ ਵਰਕਰਾਂ ਨੂੰ ਧੋਖਾ ਦੇ ਕੇ ਪੈਰਾਸ਼ੂਟ ਜ਼ਰੀਏ ਚੋਣ ਮੈਦਾਨ ਵਿਚ ਉਮੀਦਵਾਰ ਉਤਾਰ ਸਕਦੀ ਹੈ, ਉਸ ਪਾਰਟੀ ਤੋਂ ਆਮ ਜਨਤਾ ਦੇ ਭਲੇ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਭਾਜਪਾ ਹਾਈਕਮਾਨ ਨੇ ਪੁਰਾਣੇ ਉਮੀਦਵਾਰਾਂ ’ਤੇ ਹੀ ਜਤਾਇਆ ਭਰੋਸਾ, ਛਾਉਣੀ ਸੀਟ ’ਤੇ ਫਸਿਆ ਪੇਚ

ਡਾ. ਮਾਲੀ ‘ਆਪ’ ਨੂੰ ਦੱਸ ਰਹੇ ਈਸਟ ਇੰਡੀਆ ਕੰਪਨੀ 
ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਢਾ ਦਾ ਖੁੱਲ੍ਹੇਆਮ ਵਿਰੋਧ ਕਰਨ ਅਤੇ ਸਿਰ ’ਤੇ ਕਾਲਾ ਕੱਪੜਾ ਬੰਨ੍ਹ ਕੇ ਸਮਰਥਕਾਂ ਸਮੇਤ ਪ੍ਰੈੱਸ ਕਲੱਬ ਦੇ ਬਾਹਰ ਪ੍ਰਦਰਸ਼ਨ ਕਰਨ ਕਾਰਨ ਡਾ. ਸ਼ਿਵਦਿਆਲ ਮਾਲੀ ਨੂੰ ਪਾਰਟੀ ਵਿਚੋਂ ਕੱਢਿਆ ਜਾ ਚੁੱਕਾ ਹੈ। ਜਲੰਧਰ ਵੈਸਟ ਤੋਂ ਪੈਰਾਸ਼ੂਟ ਉਮੀਦਵਾਰ ਉਤਾਰੇ ਜਾਣ ਕਾਰਨ ‘ਆਪ’ ਦੇ ਰਾਸ਼ਟਰੀ ਕਨਵੀਨਰ ਸਮੇਤ ਪਾਰਟੀ ਦੇ ਸੀਨੀਅਰ ਆਗੂਆਂ ਦਾ ਵਿਰੋਧ ਕਰਨ ਵਾਲੇ ਡਾ. ਮਾਲੀ ਆਮ ਆਦਮੀ ਪਾਰਟੀ ਨੂੰ ਈਸਟ ਇੰਡੀਆ ਕੰਪਨੀ ਦੱਸ ਰਹੇ ਹਨ। ‘ਆਪ’ ਦੇ ਸੀਨਅਰ ਆਗੂ ਦਰਸ਼ਨ ਭਗਤ ਵੀ ਭਾਜਪਾ ਵਿਚ ਜਾ ਚੁੱਕੇ ਹਨ। ਇਨ੍ਹਾਂ ਦੋਵਾਂ ਦੇ ਪਾਰਟੀ ਵਿਚੋਂ ਬਾਹਰ ਚਲੇ ਜਾਣ ਕਾਰਨ ਵੈਸਟ ਹਲਕੇ ਵਿਚ ਕੋਈ ਪ੍ਰਭਾਵਸ਼ਾਲੀ ਆਗੂ ਨਹੀਂ ਬਚਿਆ, ਜਿਹੜਾ ਇਸ ਹਲਕੇ ਤੋਂ ਪਾਰਟੀ ਦੀ ਜਿੱਤ ਯਕੀਨੀ ਕਰ ਸਕੇ।

ਡਾ. ਸੰਜੀਵ ਸ਼ਰਮਾ ਨੇ ਧਾਰੀ  
ਟਿਕਟ ਨਾ ਮਿਲਣ ਤੋਂ ਨਾਰਾਜ਼ ਹੋ ਕੇ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇਣ ਵਾਲੇ ਡਾ. ਸੰਜੀਵ ਸ਼ਰਮਾ ਆਪਣੇ ਸਮਰਥਕ ਵਾਰਡ ਪ੍ਰਧਾਨਾਂ, ਜਿਨ੍ਹਾਂ ਨੇ ਉਨ੍ਹਾਂ ਨਾਲ ਹੀ ਪਾਰਟੀ ਤੋਂ ਅਸਤੀਫ਼ਾ ਦਿੱਤਾ ਸੀ, ਕਿਸ ਪਾਰਟੀ ਵਿਚ ਜਾਣਗੇ ਜਾਂ ਕਿਸ ਪਾਰਟੀ ਨੂੰ ਸਮਰਥਨ ਦੇਣਗੇ, ਬਾਰੇ ਫਿਲਹਾਲ ਚੁੱਪ ਧਾਰਨ ਕੀਤੀ ਹੋਈ ਹੈ। ਉਨ੍ਹਾਂ ਦਾ ਬਸ ਇੰਨਾ ਹੀ ਕਹਿਣਾ ਹੈ ਕਿ ਜਿਸ ਪਾਰਟੀ ਵਿਚ ਉਨ੍ਹਾਂ ਨੂੰ ਮਾਣ-ਸਨਮਾਨ ਮਿਲੇਗਾ, ਉਸ ਵਿਚ ਉਹ ਜਾ ਸਕਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਹਾਈਕਮਾਨ ਇੰਨਾ ਵੱਡਾ ਧੋਖਾ ਕਰ ਸਕਦੀ ਹੈ, ਇਹ ਉਨ੍ਹਾਂ ਸੋਚਿਆ ਤੱਕ ਨਹੀਂ ਸੀ।

ਇਹ ਵੀ ਪੜ੍ਹੋ: ਮਾਹਿਲਪੁਰ 'ਚ ਵਾਪਰਿਆ ਦਰਦਨਾਕ ਹਾਦਸਾ, ਬੱਸ ਚਾਲਕ ਤੇ ਕੰਡਕਟਰ ਦੀ ਮੌਤ

ਸੋਢੀ ਦੇ ਕੱਟੜ ਸਮਰਥਕ ਮਨੋਜ ਪੁੰਜ ਵੀ ਨਿਰਾਸ਼ 
ਜਲੰਧਰ ਕੈਂਟ ਵਿਧਾਨ ਸਭਾ ਹਲਕੇ ਤੋਂ ਮਨੋਜ ਪੁੰਜ, ਜਿਹੜੇ ਕਿ ਸੈਂਟਰਲ ਵਿਧਾਨ ਸਭਾ ਹਲਕੇ ਤੋਂ ਟਿਕਟ ਮਿਲਣ ਦੇ ਆਸਵੰਦ ਸਨ ਅਤੇ ਕੈਂਟ ਹਲਕੇ ਦੇ ਉਮੀਦਵਾਰ ਸੁਰਿੰਦਰ ਸਿੰਘ ਸੋਢੀ ਦੇ ਕੱਟੜ ਸਮਰਥਕ ਹਨ ਅਤੇ ਉਨ੍ਹਾਂ ਆਪਣੀ ਨੌਕਰੀ ਛੱਡ ਕੇ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿਨ-ਰਾਤ ਇਕ ਕੀਤਾ ਹੋਇਆ ਸੀ, ਉਹ ਵੀ ਨਿਰਾਸ਼ ਚਲੇ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜੀ ਪਾਰਟੀ ਆਪਣੇ ਆਗੂਆਂ ਅਤੇ ਵਰਕਰਾਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕਰਦੀ, ਉਹ ਲੋਕਾਂ ਦੀ ਉਮੀਦਾਂ ’ਤੇ ਖਰੀ ਉਤਰੇਗੀ, ਇਹ ਸੋਚਣਾ ਵੀ ਗਲਤ ਹੈ।

ਇਨ੍ਹਾਂ ਹਲਕਿਆਂ ’ਚ ਡਿੱਗਣ ਲੱਗਾ ਪਾਰਟੀ ਦੀ ਪ੍ਰਸਿੱਸੀ ਦਾ ਗ੍ਰਾਫ਼ 
ਜ਼ਿਲ੍ਹਾ ਜਲੰਧਰ ਦੀਆਂ 3 ਸ਼ਹਿਰੀ ਸੀਟਾਂ ਨਾਰਥ, ਵੈਸਟ ਤੇ ਸੈਂਟਰਲ ਵਿਧਾਨ ਸਭਾ ਹਲਕਿਆਂ ਵਿਚ ਭਾਰਤੀ ਜਨਤਾ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜਲੰਧਰ ਕੈਂਟ ਵਿਧਾਨ ਸਭਾ ਹਲਕੇ ਤੋਂ ਭਾਜਪਾ ਵੱਲੋਂ ਕਿਸ ਨੂੰ ਉਮੀਦਵਾਰ ਬਣਾਇਆ ਜਾਂਦਾ ਹੈ, ਫਿਲਹਾਲ 2-4 ਦਿਨਾਂ ਵਿਚ ਸਪੱਸ਼ਟ ਹੋ ਜਾਵੇਗਾ ਪਰ ਜਿੱਥੋਂ ਤੱਕ ਇਸ ਵਿਧਾਨ ਸਭਾ ਹਲਕੇ ਵਿਚ ਪਾਰਟੀਆਂ ਦੀ ਸਥਿਤੀ ਦੀ ਗੱਲ ਹੈ ਤਾਂ ਆਮ ਆਦਮੀ ਪਾਰਟੀ ਨੂੰ ਇਸ ਹਲਕੇ ਵਿਚ ਬਹੁਤ ਜ਼ਿਆਦਾ ਮਿਹਨਤ ਦੀ ਲੋੜ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਜਿਹੜੀ ਕਿ ਟਿਕਟਾਂ ਦੀ ਵੰਡ ਤੋਂ ਪਹਿਲਾਂ ਕੈਂਟ ਵਿਧਾਨ ਸਭਾ ਹਲਕੇ ਅਤੇ ਜਲੰਧਰ ਵੈਸਟ ਹਲਕੇ ਵਿਚ ਵਧੀਆ ਪੁਜ਼ੀਸ਼ਨ’ਤੇ ਚੱਲ ਰਹੀ ਸੀ, ਦੀ ਪ੍ਰਸਿੱਧੀ ਦਾ ਗ੍ਰਾਫ਼ ਹੇਠਾਂ ਡਿੱਗਣ ਲੱਗਾ ਹੈ।

ਇਹ ਵੀ ਪੜ੍ਹੋ: ਬੇਅੰਤ ਕੌਰ ਮਾਮਲੇ 'ਚ ਗ੍ਰਿਫ਼ਤਾਰ ਨੌਜਵਾਨ ਨੇ ਚਾੜ੍ਹਿਆ ਚੰਨ੍ਹ, ਕੀਤਾ ਇਹ ਕਾਰਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News