ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਮਾਮਲੇ ’ਚ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਕਮੇਟੀ ਨੂੰ 25 ਤਕ ਦਾ ਅਲਟੀਮੇਟਮ
Friday, Sep 24, 2021 - 11:05 AM (IST)

ਸ੍ਰੀ ਅਨੰਦਪੁਰ ਸਾਹਿਬ (ਜ.ਬ.)- ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਮਾਮਲੇ ’ਤੇ ਹੈੱਡ ਗ੍ਰੰਥੀ ਅਤੇ ਮੈਨੇਜਰ ਦੇ ਤਬਾਦਲੇ ਤੋਂ ਬਾਅਦ ਵੀ ਸੰਗਤਾਂ ਦਾ ਰੋਹ ਠੰਢਾ ਨਹੀਂ ਹੋ ਰਿਹਾ, ਜਿਸ ਕਰਕੇ ਬੇਅਦਬੀ ਮਾਮਲੇ ’ਤੇ ਬਣੀ ਕਿਰਤੀ ਸਿੱਖ ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਹੈ ਕਿ ਜੇਕਰ ਸ਼੍ਰੋਮਣੀ ਕਮੇਟੀ ਨੇ 25 ਸਤੰਬਰ ਤੱਕ ਪ੍ਰਬੰਧਕਾਂ ਦੇ ਅਸਤੀਫ਼ੇ ਨਾ ਲਏ ਤਾਂ 26 ਸਤੰਬਰ ਨੂੰ ਇਕ ਵੱਡਾ ਇਕੱਠ ਕਰਕੇ ਸੰਗਤ ਦੀ ਰਾਏ ਨਾਲ ਕੋਈ ਅਗਲਾ ਸਖ਼ਤ ’ਤੇ ਵੱਡਾ ਐਕਸ਼ਨ ਲਿਆ ਜਾਵੇਗਾ।
ਇਹ ਵੀ ਪੜ੍ਹੋ : ਸੁਨੀਲ ਜਾਖੜ ਨੂੰ ਲੈ ਕੇ ਦਿੱਲੀ ’ਚ ਬੈਠਕਾਂ, ਮਿਲ ਸਕਦੀ ਹੈ ਇਹ ਵੱਡੀ ਜ਼ਿੰਮੇਵਾਰੀ
ਵੀਰਵਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਦਸਮੇਸ਼ ਦੀਵਾਨ ਹਾਲ ਵਿਚ ਇਕੱਤਰ ਹੋਈਆਂ ਸੰਗਤਾਂ ਦੌਰਾਨ ਸੰਘਰਸ ਕਮੇਟੀ ਦੇ ਆਗੂ ਬਾਬਾ ਸਾਹਿਬ ਸਿੰਘ ਡੇਰਾ ਬਾਬਾ ਸ਼੍ਰੀਚੰਦ ਜੀ ਨਵੀਂ ਆਬਾਦੀ, ਬਾਬਾ ਸਤਨਾਮ ਸਿੰਘ ਗੁਰਦੁਆਰਾ 34 ਸਿੰਘ ਸ਼ਹੀਦਾਂ, ਬਾਬਾ ਸੁੱਚਾ ਸਿੰਘ ਕਲਮਾ, ਅਮਨਦੀਪ ਸਿੰਘ ਅਬਿਆਣਾ, ਜਸਵਿੰਦਰ ਸਿੰਘ ਲਾਡੀ, ਸੰਤੋਖ ਸਿੰਘ ਬੱਬਰ, ਹਰਪ੍ਰੀਤ ਸਿੰਘ ਅਤੇ ਜਵਾਹਰ ਸਿੰਘ ਨੇ ਕਿਹਾ ਕਿ ਬੀਤੇ ਕੱਲ੍ਹ ਸ਼੍ਰੋਮਣੀ ਕਮੇਟੀ ਦੇ ਸਕੱਤਰਾਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ 25 ਸਤੰਬਰ ਤੱਕ ਸ਼੍ਰੋਮਣੀ ਕਮੇਟੀ ਦੀ ਜਾਂਚ ਕਮੇਟੀ ਵੱਲੋਂ ਬੇਅਦਬੀ ਘਟਨਾ ਦੀ ਪੜਤਾਲ ਕਰਕੇ ਪ੍ਰਬੰਧਕੀ ਪੱਧਰ ’ਤੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪਲਾਂ 'ਚ ਉਜੜਿਆ ਪਰਿਵਾਰ, ਭੋਗਪੁਰ ਨੇੜੇ ਵਾਪਰੇ ਦਰਦਨਾਕ ਹਾਦਸੇ 'ਚ ਪਿਤਾ-ਪੁੱਤਰ ਸਣੇ ਪੁੱਤਰੀ ਦੀ ਮੌਤ
ਉਨ੍ਹਾਂ ਕਿਹਾ ਕਿ ਸੰਗਤ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ, ਹੈੱਡ ਗ੍ਰੰਥੀ, ਮੈਨੇਜਰ ਅਤੇ ਦੋਵੇਂ ਲੋਕਲ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਅਸਤੀਫ਼ੇ ਜਾਂ ਬਰਖਾਸਤੀ ਤੋਂ ਘੱਟ ਕੋਈ ਕਾਰਵਾਈ ਮਨਜ਼ੂਰ ਨਹੀਂ ਹੋਵੇਗੀ। ਜੇਕਰ ਸ਼੍ਰੋਮਣੀ ਕਮੇਟੀ ਨੇ ਅਜਿਹਾ ਨਾ ਕੀਤਾ ਤਾਂ 26 ਸਤੰਬਰ ਨੂੰ ਸਿੱਖ ਜਥੇਬੰਦੀਆਂ ਨਾਲ ਮਿਲ ਕੇ ਵੱਡਾ ਇਕੱਠ ਕੀਤਾ ਜਾਵੇਗਾ ਅਤੇ ਸੰਗਤਾਂ ਦੀ ਰਾਏ ਲੈ ਕੇ ਬੇਅਦਬੀ ਦੇ ਇਨਸਾਫ਼ ਲਈ ਵੱਡਾ ਅਤੇ ਠੋਸ ਐਕਸ਼ਨ ਲੈਣ ਲਈ ਮਜਬੂਰ ਹੋਣਾ ਪਵੇਗਾ, ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਜ਼ਿੰਮੇਵਾਰ ਸ਼੍ਰੋਮਣੀ ਕਮੇਟੀ ਹੋਵੇਗੀ। ਉਨ੍ਹਾਂ ਨੇ ਮੋਰਚਾ ਜਾਰੀ ਰੱਖਣ ਦਾ ਐਲਾਨ ਕੀਤਾ। ਇਸੇ ਦੌਰਾਨ ਇਥੇ ਪੁੱਜੇ ਦਮਦਮੀ ਟਕਸਾਲ ਅਜਨਾਲਾ ਦੇ ਮੁਖੀ ਭਾਈ ਅਮਰੀਕ ਸਿੰਘ ਅਜਨਾਲਾ ਨੇ ਵੀ ਕਿਰਤੀ ਸਿੱਖ ਸੰਘਰਸ਼ ਕਮੇਟੀ ਦੇ ਐਲਾਨ ਦਾ ਸਮਰਥਨ ਕਰਦਿਆਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਦੀ ਘਟਨਾ ਲਈ ਸਥਾਨਕ ਪ੍ਰਬੰਧਕਾਂ ਨੂੰ ਜ਼ਿੰਮੇਵਾਰ ਕਰਾਰ ਦਿੱਤਾ।
ਇਹ ਵੀ ਪੜ੍ਹੋ : ਜਦੋਂ ਸਟੇਜ ’ਤੇ ਚੜ੍ਹ PTU ਦੇ ਵਿਦਿਆਰਥੀਆਂ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਾਇਆ ਭੰਗੜਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।