ਪੰਜਾਬ ਪੁਲਸ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੀ ਘਟਾਈ ਸੁਰੱਖਿਆ

Sunday, Oct 29, 2017 - 03:30 PM (IST)

ਸ੍ਰੀ ਆਨੰਦਪੁਰ ਸਾਹਿਬ— ਸੂਬੇ 'ਚ ਸੱਤਾ ਪਰਿਵਰਤਨ ਤੋਂ ਬਾਅਦ ਤਖਤ ਸਾਹਿਬਾਨ ਦੇ ਜਥੇਦਾਰਾਂ ਦੀ ਸੁਰੱਖਿਆ ਛੱਤਰੀ ਦੀ ਸਮੀਖਿਆ ਕਰਦੇ ਹੋਏ ਪੰਜਾਬ ਪੁਲਸ ਨੇ ਸਭ ਤੋਂ ਪਹਿਲਾ ਝਟਕਾ ਦਿੰਦੇ ਹੋਏ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੀ ਤਾਇਨਾਤ ਸੁਰੱਖਿਆ ਅਮਲੇ ਦੀ ਗਿਣਤੀ ਘਟਾ ਕੇ ਸਿਰਫ ਦੋ ਕਰ ਦਿੱਤੀ ਹੈ। ਪੰਜਾਬ ਪੁਲਸ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਨਾਲ ਸੁਰੱਖਿਆ ਅਮਲੇ ਦੇ ਸਿਰਫ ਦੋ ਹੀ ਮੁਲਾਜ਼ਮ ਤਾਇਨਾਤ ਕੀਤੇ ਹਨ ਜਦਕਿ ਇਸ ਤਖਤ ਦੇ ਪੁਰਾਣੇ ਜਥੇਦਾਰ ਨਾਲ ਜਿੱਥੇ ਦੋ ਪਾਇਲਟ ਜਿਪਸੀਆਂ ਜਾਂ ਜੀਪਾਂ ਚਲਦੀਆਂ ਸਨ, ਉਥੇ ਕਰੀਬ ਇਕ ਦਰਜਨ ਸੁਰੱਖਿਆ ਮੁਲਾਜ਼ਮਾਂ ਦਾ ਦਸਤਾ ਵੀ ਤਾਇਨਾਤ ਹੁੰਦਾ ਸੀ। 
ਸੂਤਰਾਂ ਮੁਤਾਬਕ ਗਿਆਨੀ ਗੁਰਬਚਨ ਸਿੰਘ ਸਮੇਤ ਤਖਤ ਦਮਦਮਾ ਸਾਹਿਬ ਦੇ ਨਵੇਂ ਜਥੇਦਾਰ ਨਾਲ ਪਹਿਲਾਂ ਵਾਲੀ ਤਰਜ਼ 'ਤੇ ਹੀ ਸੁਰੱਖਿਆ ਅਮਲਾ ਤਾਇਨਾਤ ਕੀਤਾ ਹੋਇਆ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਨੇ ਆਪਣੇ ਵੱਲੋਂ ਜਥੇਦਾਰ ਨਾਲ ਮੁਲਾਜ਼ਮਾਂ ਦਾ ਇਕ ਦਸਤਾ ਜ਼ਰੂਰ ਲਗਾਇਆ ਹੋਇਆ ਹੈ। ਇਸ ਬਾਰੇ ਗਿਆਨੀ ਰਘੁਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਵਾਰ ਪੰਜਾਬ ਪੁਲਸ ਡੀ. ਜੀ. ਪੀ. ਨੂੰ ਈਮੇਲ ਰਾਹੀਂ ਅਤੇ ਜ਼ਿਲਾ ਪੁਲਸ ਮੁਖੀ ਡੀ. ਐੱਸ. ਪੀ. ਅਤੇ ਐੱਸ. ਐੱਚ. ਓ. ਸ੍ਰੀ ਆਨੰਦਪੁਰ ਸਾਹਿਬ ਨੂੰ ਲਿਖਤੀ ਬੇਨਤੀ ਕੀਤੀ ਹੈ ਪਰ ਪੁਲਸ ਪ੍ਰਸ਼ਾਸਨ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ। ਸ੍ਰੀ ਆਨੰਦਪੁਰ ਸਾਹਿਬ ਦੇ ਡੀ. ਐੱਸ. ਪੀ. ਰਮਿੰਦਰ ਸਿੰਘ ਕਾਹਲੋਂ ਨੇ ਕਿਹਾ ਕਿ ਪੁਰਾਣੇ ਜਥੇਦਾਰ ਕੋਲ ਵੱਧ ਸੁਰੱਖਿਆ ਇਸ ਕਰਕੇ ਸੀ ਕਿਉਂਕਿ ਉਸ ਵੇਲੇ ਡੇਰਾ ਵਿਵਾਦ ਚੱਲ ਰਿਹਾ ਸੀ ਜਦਕਿ ਹੁਣ ਅਜਿਹੀ ਕੋਈ ਗੱਲ ਨਹੀਂ ਹੈ। ਇਸ ਲਈ ਸੁਰੱਖਿਆ ਘਟਾ ਕੇ ਸਿਰਫ 2 ਮੁਲਾਜ਼ਮਾਂ ਤੱਕ ਹੀ ਕਰ ਦਿੱਤੀ ਗਈ ਹੈ।


Related News