ਤਖਤ ਐਕਸਪ੍ਰੈੱਸ ਸਿੱਖ ਸ਼ਰਧਾਲੂਆਂ ਲਈ ਵਰਦਾਨ : ਹਰਸਿਮਰਤ
Saturday, Dec 08, 2018 - 08:45 AM (IST)
ਚੰਡੀਗਡ਼੍ਹ, (ਅਸ਼ਵਨੀ)—ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਿੱਖ ਸ਼ਰਧਾਲੂਆਂ ਨੂੰ ਸਾਰੇ ਤਖ਼ਤਾਂ ਦੀ ਯਾਤਰਾ ਕਰਵਾਉਣ ਵਾਲੀ ਰੇਲ ਗੱਡੀ ਸ਼ੁਰੂ ਕਰਨ ਦਾ ਐਲਾਨ ਕਰਕੇ ਕੇਂਦਰ ਸਰਕਾਰ ਨੇ ਸਿੱਖਾਂ ਨੂੰ ਥੋਡ਼੍ਹੇ ਹੀ ਸਮੇਂ ਵਿਚ ਦੋ ਵੱਡੇ ਤੋਹਫੇ ਦੇ ਦਿੱਤੇ ਹਨ। ਪਹਿਲਾ ਤੋਹਫਾ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ, ਜਿੱਥੇ ਸਿੱਖਾਂ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਦੇਵੇਗਾ, ਉਥੇ ਦੂਜਾ ਤੋਹਫਾ ‘ਪੰਜ ਤਖ਼ਤ ਐਕਸਪ੍ਰੈੱਸ’ ਰੇਲ ਗੱਡੀ ਸਿੱਖਾਂ ਦੀ ਇਕੋ ਵਾਰ ਸਾਰੇ ਤਖ਼ਤਾਂ ਦੇ ਦਰਸ਼ਨਾਂ ਦੀ ਤਾਂਘ ਨੂੰ ਪੂਰਾ ਕਰੇਗੀ।
ਇੱਥੇ ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਅਤੇ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਕੀਤੇ ਲਗਾਤਾਰ ਯਤਨਾਂ ਮਗਰੋਂ ਕੇਂਦਰੀ ਰੇਲਵੇ ਮੰਤਰੀ ਪਿਯੂਸ਼ ਗੋਇਲ ਨੇ ਸਿੱਖ ਭਾਈਚਾਰੇ ਦੀ ਸਿੱਖ ਪੰਥ ਦੇ ਸਾਰੇ ਪਵਿੱਤਰ ਤਖ਼ਤਾਂ ਦੇ ਦਰਸ਼ਨ ਕਰਾਉਣ ਵਾਲੀ ਐਕਸਪ੍ਰੈੱਸ ਰੇਲ ਗੱਡੀ ਸ਼ੁਰੂ ਕਰਨ ਦੀ ਚਿਰੋਕਣੀ ਮੰਗ ਨੂੰ ਹਰੀ ਝੰਡੀ ਦੇ ਦਿੱਤੀ ਹੈ। ਐਕਸਪ੍ਰੈੱਸ ਰੇਲਗੱਡੀ ਇਹ ਪਵਿੱਤਰ ਯਾਤਰਾ 14 ਜਨਵਰੀ 2019 ਤੋਂ ਸ਼ੁਰੂ ਕਰੇਗੀ।
ਹਰਸਿਮਰਤ ਨੇ ਕਿਹਾ ਕਿ ਉਨ੍ਹਾਂ ਨੇ ਰੇਲਵੇ ਮੰਤਰੀ ਨੂੰ ਸ਼ਰਧਾਲੂਆਂ ਦੀ ਇਸ ਯਾਤਰਾ ਨੂੰ ਅਰਾਮਦਾਇਕ ਅਤੇ ਕਫਾਇਤੀ ਬਣਾਉਣ ਦੀ ਅਪੀਲ ਕੀਤੀ ਸੀ। ਇਹ ਰੇਲਗੱਡੀ ਪੂਰੀ ਤਰ੍ਹਾਂ ਏਅਰਕੰਡੀਸ਼ਨਡ ਹੋਵੇਗੀ, ਜਿਸ ਦਾ ਕਿਰਾਇਆ 15,750 ਰੁਪਏ ਹੋਵੇਗਾ।
