ਸੁਖਬੀਰ ’ਚ ਦਿਸ ਰਹੇ ਗੰਭੀਰ ਬੀਮਾਰੀ ਤੋਂ ਪੀੜਤ ਹੋਣ ਦੇ ਲੱਛਣ : ਬੀਰ ਦਵਿੰਦਰ

Thursday, Oct 01, 2020 - 12:25 AM (IST)

ਸੁਖਬੀਰ ’ਚ ਦਿਸ ਰਹੇ ਗੰਭੀਰ ਬੀਮਾਰੀ ਤੋਂ ਪੀੜਤ ਹੋਣ ਦੇ ਲੱਛਣ : ਬੀਰ ਦਵਿੰਦਰ

ਚੰਡੀਗੜ੍ਹ, (ਰਮਨਜੀਤ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਦਿੱਗਜ ਨੇਤਾ ਸੁਖਦੇਵ ਸਿੰਘ ਢੀਂਡਸਾ ਖਿਲਾਫ ਇਸਤੇਮਾਲ ਕੀਤੇ ਗਏ ਸ਼ਬਦਾਂ ਨੂੰ ਪੰਜਾਬ ਵਿਧਾਨਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਅਤਿ ਅਣਉਚਿਤ ਅਤੇ ਉਤੇਜਕ ਬਿਆਨ ਕਰਾਰ ਦਿੱਤਾ ਹੈ। ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਕਿਸੇ ਗੰਭੀਰ ਬੀਮਾਰੀ ਤੋਂ ਪੀੜਤ ਹਨ ਅਤੇ ਕਿਸੇ ਤਜ਼ਰਬੇਕਾਰ ਰਾਜਨੇਤਾ ਤੋਂ ਅਜਿਹੇ ਸ਼ਬਦਾਂ ਦੀ ਉਮੀਦ ਨਹੀਂ ਕੀਤੀ ਜਾ ਸਕਦੀ, ਬਸ਼ਰਤੇ ਉਹ ਕਿਸੇ ਗੰਭੀਰ ਬੀਮਾਰੀ ਤੋਂ ਪੀੜਤ ਨਾ ਹੋਵੇ।

ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਰਾਜਸਭਾ ਦੇ ਮੈਂਬਰ ਹਨ ਅਤੇ ਸ਼੍ਰੋਮਣੀ ਅਕਾਲੀ ਦਲ (ਲੋਕਤੰਤਰਿਕ) ਦੇ ਪ੍ਰਧਾਨ ਹਨ ਅਤੇ ਸਭ ਤੋਂ ਵੱਡੀ ਗੱਲ ਉਹ ਅਕਾਲੀ ਰਾਜਨੀਤੀ ਵਿਚ ਸੁਖਬੀਰ ਬਾਦਲ ਤੋਂ ਕਈ ਸਾਲ ਪਹਿਲਾਂ ਤੋਂ ਸਥਾਪਿਤ ਹਨ। ਸੁਖਬੀਰ ’ਚ ਪੁਰਾਣੇ ਵਿਅਕਤੀਵਾਦ, ਅਸਥਿਰ ਭਾਵਨਾਵਾਂ ਦੇ ਨਾਲ ਘੁਲਿਆ-ਮਿਲਿਆ ਅਤੇ ਆਪਣੀ ਹੀ ਖਰਾਬ ਹੋਈ ਆਤਮ-ਛਵੀ ਦੇ ਨਾਲ ਅਵਿਸ਼ਵਾਸ ਮੌਜੂਦ ਹੈ। ਅਜਿਹੀ ਸ਼ਖਸੀਅਤ ਵਾਲੇ ਲੋਕ ਅਕਸਰ ਹੀ ਆਪਣਾ ਸਟੈਂਡ ਬਦਲਦੇ ਰਹਿੰਦੇ ਹਨ, ਜਿਵੇਂ ਕਿ ਸੁਖਬੀਰ ਸਿੰਘ ਬਾਦਲ ਵਲੋਂ ਖੇਤੀ ਬਿੱਲਾਂ ਬਾਰੇ ਆਪਣੇ ਪਹਿਲਾਂ ਦੇ ਬਿਆਨਾਂ ਤੋਂ ਯੂ-ਟਰਨ ਲੈਂਦੇ ਹੋਏ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਚਾਰ ਮਹਨਿਆਂ ਤਕ ਜਿਨ੍ਹਾਂ ਖੇਤੀ ਬਿੱਲਾਂ ਦੀ ਸੁਖਬੀਰ ਸ਼ਲਾਘਾ ਕਰਦੇ ਰਹੇ, ਹੁਣ ਉਨ੍ਹਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਅਜਿਹੇ ਲੋਕਾਂ ਨੂੰ ਹਮਦਰਦੀ, ਮੁਆਫੀ ਦੀ ਜ਼ਰੂਰਤ ਹੈ ਕਿਉਂਕਿ ਅਸਲ ਵਿਚ ਅਜਿਹੇ ਲੋਕ ਐੱਚ.ਪੀ.ਡੀ. ਬੀਮਾਰੀ ਤੋਂ ਗ੍ਰਸਤ ਹੁੰਦੇ ਹਨ।


author

Bharat Thapa

Content Editor

Related News