ਜੀ. ਐੱਮ. ਸੀ. ਐੈੱਚ. ਦੀ ਮਹਿਲਾ ਡਾਕਟਰ ''ਚ ਵੀ ਸਵਾਈਨ ਫਲੂ ਦੀ ਪੁਸ਼ਟੀ
Sunday, Aug 13, 2017 - 10:47 AM (IST)
ਚੰਡੀਗੜ੍ਹ(ਪਾਲ)-ਪੀ. ਜੀ. ਆਈ. ਡਾਕਟਰਾਂ ਦੇ ਬਾਅਦ ਹੁਣ ਜੀ. ਐੈੱਮ. ਸੀ. ਐੈੱਚ. ਦੇ ਡਾਕਟਰ 'ਚ ਵੀ ਸਵਾਈਨ ਫਲੂ ਦੀ ਪੁਸ਼ਟੀ ਹੋਈ ਹੈ। ਸ਼ਨੀਵਾਰ ਨੂੰ ਸਿਹਤ ਵਿਭਾਗ ਨੇ ਦੋ ਹੋਰ ਨਵੇਂ ਮਰੀਜ਼ ਕਨਫਰਮ ਕੀਤੇ ਹਨ, ਜਿਨ੍ਹਾਂ 'ਚ ਜੀ. ਐੈੱਮ. ਸੀ. ਐੈੱਚ. ਦੀ ਇਕ 27 ਸਾਲਾ ਡਾਕਟਰ ਵੀ ਸ਼ਾਮਲ ਹੈ।
ਡਾਕਟਰ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕੀਤਾ ਗਿਆ ਹੈ। ਇਸਦੇ ਨਾਲ ਹੀ 52 ਸਾਲਾ ਇਕ ਮਰਦ ਵੀ ਐੈੱਚ 1 ਐੈੱਨ 1 ਵਾਇਰਸ ਦੀ ਲਪੇਟ 'ਚ ਆਇਆ ਹੈ। ਮਰੀਜ਼ ਸੈਕਟਰ-30 ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਅਜੇ ਤਕ ਸ਼ਹਿਰ 'ਚ ਸਵਾਈਨ ਫਲੂ ਮਰੀਜ਼ਾਂ ਦੀ ਕੁਲ ਗਿਣਤੀ 30 ਹੋ ਚੁੱਕੀ ਹੈ। ਇਨ੍ਹਾਂ 'ਚੋਂ 9 ਡਾਕਟਰ, ਨਰਸ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਵਾਈਨ ਫਲੂ ਹੋ ਚੁੱਕਾ ਹੈ। ਪੀ. ਜੀ. ਆਈ. 'ਚ ਹੁਣ ਤਕ 3 ਨਰਸਾਂ ਤੇ ਉਨ੍ਹਾਂ ਦੇ ਦੋ ਬੱਚਿਆਂ ਦੇ ਨਾਲ ਹੀ 3 ਡਾਕਟਰਾਂ ਨੂੰ ਸਵਾਈਨ ਫਲੂ ਹੋ ਚੁੱਕਾ ਹੈ।
ਹਾਲਾਂਕਿ ਜੀ. ਐੈੱਮ. ਸੀ. ਐੈੱਚ. 'ਚ ਡਾਕਟਰ ਦੇ ਸਵਾਈਨ ਫਲੂ ਦਾ ਇਹ ਪਹਿਲਾ ਕੇਸ ਹੈ। ਪਿਛਲੇ 5 ਦਿਨਾਂ ਤੋਂ ਜੀ. ਐੈੱਮ. ਸੀ. ਐੈੱਚ. 'ਚ ਡਾਕਟਰਾਂ ਨੂੰ ਸਵਾਈਨ ਫਲੂ ਤੋਂ ਬਚਾਉਣ ਵਾਲੀਆਂ ਕਿੱਟਾਂ ਵੀ ਖਤਮ ਹੋ ਚੁੱਕੀਆਂ ਹਨ। ਹੈਲਥ ਵਿਭਾਗ ਦੀ ਮੰਨੀਏ ਤਾਂ ਉਹ ਕਿੱਟਾਂ ਦੀ ਕਮੀ ਨੂੰ ਛੇਤੀ ਪੂਰਾ ਕਰ ਦੇਣਗੇ ਪਰ ਮਰੀਜ਼ਾਂ ਦੀ ਗਿਣਤੀ ਬਹੁਤ ਵਧ ਜਾਣ ਦੇ ਬਾਵਜੂਦ ਨਾ ਸਿਰਫ ਮਰੀਜ਼ਾਂ ਦੀਆਂ ਕਿੱਟਾਂ, ਸਗੋਂ ਉਨ੍ਹਾਂ ਦਾ ਇਲਾਜ ਕਰ ਰਹੇ ਡਾਕਟਰਾਂ ਦੀ ਜਾਨ ਨਾਲ ਵੀ ਲਾਪ੍ਰਵਾਹੀ ਵਰਤੀ ਜਾ ਰਹੀ ਹੈ। ਪੀ. ਜੀ. ਆਈ. 'ਚ ਡਾਕਟਰਾਂ ਨੂੰ ਸਵਾਈਨ ਫਲੂ ਹੋਣ ਦੇ ਬਾਅਦ ਪ੍ਰਸ਼ਾਸਨ ਪੂਰਾ ਧਿਆਨ ਦੇ ਰਿਹਾ ਹੈ ਕਿ ਮਰੀਜ਼ਾਂ ਦੇ ਨਾਲ ਡਾਕਟਰਾਂ ਨੂੰ ਸਮੇਂ ਤੋਂ ਪਹਿਲਾਂ ਹੀ ਵੈਕਸੀਨ ਦੇ ਦਿੱਤੀ ਜਾਏ, ਤਾਂ ਜੋ ਉਹ ਐੈੱਚ. 1 ਐੈੱਨ. 1 ਵਾਇਰਸ ਦੀ ਲਪੇਟ 'ਚ ਨਾ ਆਉਣ। ਇਸਦੇ ਲਈ ਹੈਲਥ ਵਿਭਾਗ ਨੇ ਸਾਰੇ ਗੌਰਮਿੰਟ ਤੇ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਨਿਰਦੇਸ਼ ਦਿੱਤੇ ਹੋਏ ਹਨ। ਇਸਦੇ ਬਾਵਜੂਦ ਜੀ. ਐੈੱਮ. ਸੀ. ਐੈੱਚ. 'ਚ ਦਵਾਈਆਂ ਦੇ ਸਟਾਕ 'ਤੇ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।
ਕੁੱਲ ਗਿਣਤੀ ਹੋਈ 30
ਸ਼ਹਿਰ 'ਚ ਸਵਾਈਨ ਫਲੂ ਮਰੀਜ਼ਾਂ ਦੀ ਕੁਲ ਗਿਣਤੀ 30 ਤਕ ਪਹੁੰਚ ਚੁੱਕੀ ਹੈ। ਮਲੇਰੀਆ ਵਿਭਾਗ ਦੇ ਨੋਡਲ ਅਫਸਰ ਡਾ. ਗੌਰਵ ਅਗਰਵਾਲ ਦੀ ਮੰਨੀਏ ਤਾਂ ਕੁਝ ਦਿਨ ਪਹਿਲਾਂ ਪੀ. ਜੀ. ਆਈ. 'ਚ ਦੋ ਨਵਜੰਮੇ ਬੱਚਿਆਂ 'ਚ ਸਵਾਈਨ ਫਲੂ ਦੀ ਪੁਸ਼ਟੀ ਹੋਈ ਸੀ ਪਰ ਜਾਂਚ ਵਿਚ ਪਾਇਆ ਗਿਆ ਕਿ ਉਨ੍ਹਾਂ 'ਚੋਂ ਇਕ ਬੱਚਾ ਬਾਹਰੀ ਸੂਬੇ ਦਾ ਹੈ। ਫਿਲਹਾਲ ਸ਼ਹਿਰ 'ਚ ਕੁਲ ਮਰੀਜ਼ਾਂ ਦੀ ਗਿਣਤੀ 30 ਹੈ, ਜਦੋਂਕਿ ਹੁਣ ਤਕ ਇਸ ਵਾਇਰਸ ਨਾਲ 5 ਮੌਤਾਂ ਹੋ ਚੁੱਕੀਆਂ ਹਨ।
ਪੀ. ਜੀ. ਆਈ. ਦੇ ਸਵਾਈਨ ਫਲੂ ਵਾਰਡ 'ਚ ਬਣਾਇਆ ਵੱਖਰਾ ਵਾਰਡ
ਸਵਾਈਨ ਫਲੂ ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਵੇਖਦੇ ਹੋਏ ਪੀ. ਜੀ. ਆਈ. ਨਹਿਰੂ ਹਸਪਤਾਲ ਦੇ ਸੀ. ਡੀ. ਵਾਰਡ 'ਚ ਮਰੀਜ਼ਾਂ ਲਈ ਵਾਰਡ 'ਚ ਇਕ ਹੋਰ ਵਾਰਡ ਬਣਾਇਆ ਗਿਆ ਹੈ। ਸੀ. ਡੀ. ਵਾਰਡ 'ਚ 13 ਬੈੱਡਾਂ ਦਾ ਪ੍ਰਬੰਧ ਕੀਤਾ ਗਿਆ ਹੈ। 5 ਬੈੱਡ ਹੋਰ ਵਧਾਏ ਗਏ ਹਨ। ਇਸ ਤੋਂ ਪਹਿਲਾਂ ਐਡਵਾਂਸ ਪੈਡੀਐਟ੍ਰਿਕ ਵਿਭਾਗ 'ਚ ਬੱਚਿਆਂ ਲਈ ਵੀ ਵੱਖਰਾ ਸੀ. ਡੀ. ਵਾਰਡ ਬਣਾਇਆ ਗਿਆ ਹੈ। ਇਸ 'ਚ ਦੋ ਬੱਚਿਆਂ ਨੂੰ ਭਰਤੀ ਕੀਤਾ ਗਿਆ ਹੈ, ਜਿਨ੍ਹਾਂ ਦੀ ਪੁਸ਼ਟੀ ਵੀਰਵਾਰ ਨੂੰ ਹੋਈ ਸੀ।
