ਪੰਜਾਬੀਆਂ ਤੇ ਸਰਕਾਰ ਲਈ ਵੱਡੀ ਚੁਣੌਤੀ ਬਣ ਸਕਦੈ ਸਵਾਈਨ ਫਲੂ
Sunday, Sep 03, 2017 - 02:10 AM (IST)

ਨੂਰਪੁਰਬੇਦੀ, (ਸ਼ਮਸ਼ੇਰ)- ਸਵਾਈਨ ਫਲੂ ਦੀ ਪੰਜਾਬ 'ਚ ਦਸਤਕ ਦੇ ਮੱਦੇਨਜ਼ਰ ਭਾਵੇਂ ਸੂਬਾ ਸਰਕਾਰ ਨੇ ਇਸ ਦੀ ਰੋਕਥਾਮ ਲਈ ਵੱਡੇ ਪੱਧਰ 'ਤੇ ਯਤਨ ਕੀਤੇ ਹਨ ਪਰ ਇਨ੍ਹਾਂ ਦੇ ਬਾਵਜੂਦ ਇਸ ਬੀਮਾਰੀ ਦਾ ਪਸਾਰਾ ਵੱਡੇ ਪੱਧਰ 'ਤੇ ਹੋਇਆ ਹੈ। ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ ਮੁਕਾਬਲੇ ਲੁਧਿਆਣਾ ਇਸ ਦਾ ਵਧੇਰੇ ਸ਼ਿਕਾਰ ਹੋਇਆ ਹੈ। ਬਰਸਾਤੀ ਮੌਸਮ 'ਚ ਜੀਵਾਣੂ ਲੱਗਣ ਨਾਲ ਪੈਦਾ ਹੋਣ ਵਾਲੀ ਇਹ ਬੀਮਾਰੀ ਮਨੁੱਖਤਾ ਲਈ ਜਿਥੇ ਵੱਡੇ ਖਤਰੇ ਦਾ ਰੂਪ ਅਖਤਿਆਰ ਕਰ ਚੁੱਕੀ ਹੈ, ਉਥੇ ਹੀ ਸਰਕਾਰ ਲਈ ਇਸ 'ਤੇ ਕਾਬੂ ਪਾਉਣਾ ਵੱਡੀ ਚੁਣੌਤੀ ਬਣਿਆ ਹੋਇਆ ਹੈ। ਸਵਾਈਨ ਫਲੂ ਤੋਂ ਬਚਾਅ ਲਈ ਪੰਜਾਬ ਸਰਕਾਰ ਵੱਲੋਂ ਬੱਚਿਆਂ ਨੂੰ ਦਵਾਈ ਪਿਲਾਉਣ ਦੀ ਜੋ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ, ਉਸ ਦਵਾਈ ਦੀ ਮਿਆਦ ਅਗਸਤ ਮਹੀਨੇ ਦੇ ਨਾਲ ਹੀ ਖਤਮ ਹੋ ਗਈ ਹੈ, ਜਿਸ ਕਾਰਨ ਇਹ ਬੀਮਾਰੀ ਅਗਲੇ ਦਿਨਾਂ 'ਚ ਵੱਡੀ ਚੁਣੌਤੀ ਦੇ ਰੂਪ 'ਚ ਸਾਹਮਣੇ ਆਉਣ ਦੀ ਸੰਭਾਵਨਾ ਹੈ।
20ਵੀਂ ਸਦੀ 'ਚ ਇਸ ਦੇ ਜੀਵਾਣੂ ਸਿਰਫ ਸੂਰ 'ਚ ਪੈਦਾ ਹੋਏ ਸਨ- 20ਵੀਂ ਸਦੀ 'ਚ ਸ਼ੁਰੂਆਤੀ ਦੌਰ ਮੌਕੇ ਸਵਾਈਨ ਫਲੂ ਦੇ ਜੀਵਾਣੂ ਸਿਰਫ ਸੂਰ 'ਚ ਹੀ ਪੈਦਾ ਹੋਏ ਤੇ ਬਾਅਦ 'ਚ ਇਹ ਪ੍ਰਭਾਵ ਮਨੁੱਖਾਂ 'ਚ ਆਇਆ। ਇਸ ਬੀਮਾਰੀ ਨਾਲ ਸੰਬੰਧਤ ਮਰੀਜ਼ਾਂ ਦੀ ਗਿਣਤੀ ਘੱਟ ਹੋਣ ਕਾਰਨ ਭਾਵੇਂ ਇਸ ਵੱਲ ਸਰਕਾਰਾਂ ਨੇ ਬਣਦਾ ਧਿਆਨ ਨਹੀਂ ਦਿੱਤਾ ਪਰ 2013 'ਚ ਭਾਰਤ 'ਚ ਇਸ ਬੀਮਾਰੀ ਦੇ ਸ਼ਿਕਾਰ ਹੋਏ ਸੈਂਕੜੇ ਲੋਕਾਂ ਦੀ ਖਬਰ ਨੇ ਤਹਿਲਕਾ ਮਚਾ ਦਿੱਤਾ। ਸਵਾਈਨ ਫਲੂ ਸੰਬੰਧੀ ਵਿਸ਼ਵ ਸਿਹਤ ਸੰਗਠਨ ਤੇ ਹੋਰ ਸੰਸਥਾਵਾਂ ਨੇ ਖੋਜਾਂ ਕੀਤੀਆਂ, ਜਿਨ੍ਹਾਂ ਤੋਂ ਇਹ ਪੱਖ ਸਾਹਮਣੇ ਆਇਆ ਕਿ ਇਹ ਬੀਮਾਰੀ ਸੂਰਾਂ ਰਾਹੀਂ ਮਨੁੱਖ 'ਚ ਆਈ ਹੈ। ਅਸਲ 'ਚ 'ਸਵਾਈਨ' ਸ਼ਬਦ ਦਾ ਅਰਥ 'ਸੂਰ' ਤੇ 'ਫਲੂ' ਦਾ ਅਰਥ ਜ਼ੁਕਾਮ ਹੈ। ਵਿਸ਼ਵ ਸਿਹਤ ਸੰਗਠਨ ਨੇ ਵਾਇਰਲ ਨਾਲ ਪੀੜਤ ਮਰੀਜ਼ਾਂ ਦੀ ਸ਼ਨਾਖਤ ਲਈ ਉਨ੍ਹਾਂ ਨੂੰ ਤਿੰਨ ਸ਼੍ਰੇਣੀਆਂ 'ਚ ਤਕਸੀਮ ਕੀਤਾ ਹੋਇਆ ਹੈ, ਜਿਸ ਤਹਿਤ ਹਾਲ ਵਿਚ ਹੀ ਇਸ ਬੀਮਾਰੀ ਦੇ ਸ਼ਿਕਾਰ ਹੋਏ ਮਰੀਜ਼ਾਂ ਨੂੰ ਪਹਿਲੀ, ਮਹਾਮਾਰੀ ਦੌਰਾਨ ਸ਼ਿਕਾਰ ਹੋਏ ਮਰੀਜ਼ਾਂ ਨੂੰ ਦੂਜੀ ਤੇ ਇਸ ਦੇ ਲੱਛਣਾਂ ਦੀ ਲਪੇਟ 'ਚ ਆਏ ਮਰੀਜ਼ਾਂ ਨੂੰ ਤੀਜੀ ਸ਼੍ਰੇਣੀ 'ਚ ਸ਼ਾਮਲ ਕੀਤਾ ਗਿਆ ਹੈ।