ਜ਼ਿਲੇ ''ਚ ਮਿਲਿਆ ਸਵਾਈਨ ਫਲੂ ਨਾਲ ਪੀੜਤ ਪਹਿਲਾ ਮਰੀਜ਼

Monday, Oct 02, 2017 - 11:52 AM (IST)

ਜ਼ਿਲੇ ''ਚ ਮਿਲਿਆ ਸਵਾਈਨ ਫਲੂ ਨਾਲ ਪੀੜਤ ਪਹਿਲਾ ਮਰੀਜ਼

ਤਰਨਤਾਰਨ (ਰਮਨ, ਰਾਜੂ) - ਜ਼ਿਲੇ ਦੇ ਇਕ ਵਿਅਕਤੀ ਨੂੰ ਸਵਾਈਨ ਫਲੂ ਦਾ ਸ਼ਿਕਾਰ ਹੋਣ ਸਬੰਧੀ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਆਪਣੀ ਕਮਰ ਕੱਸ ਕੇ ਸਬੰਧਿਤ ਮਰੀਜ਼ ਦੇ ਆਸ-ਪਾਸ ਦੇ ਇਲਾਕਿਆਂ ਵਿਚ ਜਾਗਰੂਕਤਾ ਕੈਂਪ ਅਤੇ ਦਵਾਈਆਂ ਵੰਡੀਆਂ ਜਾ ਰਹੀਆਂ ਹਨ।
ਜਾਣਕਾਰੀ ਅਨੁਸਾਰ ਪਿੰਡ ਬਾਠ ਦਾ ਵਸਨੀਕ ਹਰਜਿੰਦਰ ਸਿੰਘ ਜੋ ਬੀਤੇ ਦਿਨੀਂ ਕਿਸੇ ਧਾਰਮਿਕ ਸਥਾਨ 'ਤੇ ਗਿਆ ਹੋਇਆ ਸੀ, ਨੂੰ ਪਿਛਲੇ ਕਰੀਬ 10 ਦਿਨ ਪਹਿਲਾਂ ਜ਼ੁਕਾਮ, ਬੁਖਾਰ ਆਦਿ ਦੀ ਸ਼ਿਕਾਇਤ ਹੋਣੀ ਸ਼ੁਰੂ ਹੋਈ। ਇਸ ਤੋਂ ਬਾਅਦ ਉਸ ਦੀ ਸਿਹਤ ਜ਼ਿਆਦਾ ਖਰਾਬ ਹੋਣ ਕਾਰਨ ਉਸ ਨੂੰ ਗੁਰੂ ਨਾਨਕ ਦੇਵ ਮਲਟੀ ਸਪੈਸ਼ਲਿਟੀ ਹਸਪਤਾਲ ਵਿਚ ਐਮਰਜੈਂਸੀ ਦੌਰਾਨ ਬੁੱਧਵਾਰ ਰਾਤ ਨੂੰ ਦਾਖਲ ਕਰਵਾਇਆ ਗਿਆ, ਜਿੱਥੇ ਈ. ਐੱਨ. ਟੀ. ਮਾਹਿਰ ਡਾਕਟਰਾਂ ਨੂੰ ਸਵਾਈਨ ਫਲ਼ੂ ਦੇ ਲੱਛਣ ਸਾਹਮਣੇ ਆਉਣ 'ਤੇ ਉਨ੍ਹਾਂ ਨੇ ਸਿਵਲ ਸਰਜਨ ਨਾਲ ਸੰਪਰਕ ਕੀਤਾ। ਇਸ ਦੌਰਾਨ ਸਿਵਲ ਸਰਜਨ ਡਾ. ਸ਼ਮਸ਼ੇਰ ਸਿੰਘ ਵੱਲੋਂ ਜ਼ਿਲਾ ਐਪੀਡੋਮੋਲੋਜਿਸਟ ਅਫਸਰ ਡਾ. ਆਭਾ ਸ਼ਰਮਾ ਦੀ ਅਗਵਾਈ ਵਿਚ ਬਣਾਈ ਟੀਮ ਨੂੰ ਮੌਕੇ 'ਤੇ ਭੇਜਿਆ ਗਿਆ। 
ਟੀਮ ਵੱਲੋਂ ਮਰੀਜ਼ ਦਾ ਵੀ. ਟੀ. ਐੱਮ. (ਵਾਇਰਸ ਟਰਾਂਸਫਰ ਮੀਡੀਅਮ) ਕਿੱਟ ਰਾਹੀ ਸੈਂਪਲ ਚੰਡੀਗੜ੍ਹ ਪੀ. ਜੀ. ਆਈ. ਦੇ ਵਾਈਰੋਲੋਜੀ ਵਿਭਾਗ ਵਿਖੇ ਵੀਰਵਾਰ ਨੂੰ ਤੁਰੰਤ ਭੇਜਿਆ ਗਿਆ, ਜਿਸ ਦੀ ਰਿਪੋਰਟ ਸ਼ੁੱਕਰਵਾਰ ਆਉਣ 'ਤੇ ਪਤਾ ਲੱਗਾ ਕਿ ਹਰਜਿੰਦਰ ਸਿੰਘ ਨੂੰ ਸਵਾਈਨ ਫਲ਼ੂ ਪਾਜ਼ੀਟਿਵ ਆਇਆ ਹੈ। ਇਸ ਬੀਮਾਰੀ ਦੇ ਸ਼ਿਕਾਰ ਹੋਏ ਇਸ ਮਰੀਜ਼ ਨੂੰ ਸਾਹ ਦੀ ਜ਼ਿਆਦਾ ਮੁਸ਼ਕਿਲ ਆਉਣ 'ਤੇ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਹੈ। 
ਮਰੀਜ਼ ਦੀ ਹਾਲਤ ਠੀਕ ਹੋਣ ਦੀ ਪੂਰੀ ਆਸ : ਸਿਵਲ ਸਰਜਨ
ਇਸ ਸਬੰਧੀ ਡਾ. ਸ਼ਮਸ਼ੇਰ ਸਿੰਘ ਦਾ ਕਹਿਣਾ ਹੈ ਕਿ ਹਰਜਿੰਦਰ ਸਿੰਘ ਜ਼ਿਲੇ ਦਾ ਪਹਿਲਾ ਸਵਾਈਨ ਫਲ਼ੂ ਨਾਲ ਪੀੜਤ ਮਰੀਜ਼ ਮਿਲਿਆ ਹੈ, ਜਿਸ ਦੀ ਹਾਲਤ ਸੀ-ਕੈਟਾਗਰੀ ਵਿਚ ਮੰਨੀ ਜਾ ਰਹੀ ਹੈ। ਸਿਵਲ ਹਸਪਤਾਲ ਵਿਚ ਵੈਂਟੀਲੇਟਰ ਦੀ ਸਹੂਲਤ ਨਾ ਹੋਣ ਕਾਰਨ ਅਤੇ ਮਰੀਜ਼ ਦੀ ਆਪਣੀ ਸਹਿਮਤੀ ਕਾਰਨ ਉਹ ਫੋਰਟਿਸ ਵਿਚ ਸ਼ਿਫਟ ਹੋ ਗਿਆ ਹੈ, ਜਿਸ ਦਾ ਇਲਾਜ ਕੀਤਾ ਜਾ ਰਿਹਾ ਹੈ । ਮਰੀਜ਼ ਦੀ ਹਾਲਤ ਠੀਕ ਹੋਣ ਦੀ ਪੂਰੀ ਆਸ ਮੰਨੀ ਜਾ ਰਹੀ ਹੈ। 
ਕੀ ਕਹਿੰਦੇ ਹਨ ਜ਼ਿਲਾ ਐਪੀਡੋਮੋਲੋਜਿਸਟ ਅਫਸਰ
ਜ਼ਿਲਾ ਐਪੀਡੋਮੋਲੋਜਿਸਟ ਅਫਸਰ ਡਾ. ਆਭਾ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਮਰੀਜ਼ ਦੇ ਸਮੂਹ ਮੈਂਬਰਾਂ (11) ਸਮੇਤ ਬੱਚਿਆਂ ਨੂੰ ਅੋਸਲਟੈਮੀਵਿਰ ਨਾਮਕ ਦਵਾਈ ਦੀਆਂ ਗੋਲੀਆਂ ਖੁਆ ਦਿੱਤੀਆਂ ਗਈਆਂ ਹਨ। ਇਸ ਘਰ ਦੇ ਆਸ-ਪਾਸ ਸਪਰੇਅ ਆਦਿ ਕਰਵਾ ਦਿੱਤੀ ਗਈ ਹੈ ।


Related News