ਰਾਜਪਾਲ ਨੇ ਪੰਜਾਬ ਦੇ ਨਵੇਂ ਲੋਕਪਾਲ ਤੇ ਸੂਚਨਾ ਕਮਿਸ਼ਨਰ ਨੂੰ ਚੁਕਾਈ ਸਹੁੰ
Tuesday, Oct 08, 2019 - 08:12 PM (IST)
ਚੰਡੀਗੜ੍ਹ,(ਸ਼ਰਮਾ): ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੇ ਅੱਜ ਜਸਟਿਸ (ਸੇਵਾ ਮੁਕਤ) ਵਿਨੋਦ ਕੁਮਾਰ ਸ਼ਰਮਾ ਨੂੰ ਪੰਜਾਬ ਦੇ ਲੋਕਪਾਲ ਤੇ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਅਜੈ ਕੁਮਾਰ ਸ਼ਰਮਾ ਨੂੰ ਪੰਜਾਬ ਦੇ ਨਵੇਂ ਸੂਚਨਾ ਕਮਿਸ਼ਨਰ ਵਜੋਂ ਸਹੁੰ ਚੁਕਾਈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਾਸ ਤੌਰ 'ਤੇ ਹਾਜ਼ਰ ਸਨ। ਇਹ ਸਹੁੰ ਚੁੱਕ ਸਮਾਗਮ ਪੰਜਾਬ ਰਾਜ ਭਵਨ ਆਯੋਜਿਤ ਕੀਤਾ ਗਿਆ। ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਰਾਜਪਾਲ ਤੋਂ ਪ੍ਰਵਾਨਗੀ ਲੈ ਕੇ ਇਸ ਸਹੁੰ ਚੁੱਕ ਸਮਾਗਮ ਦੀ ਕਾਰਵਾਈ ਸ਼ੁਰੂ ਕੀਤੀ।
ਜ਼ਿਕਰਯੋਗ ਹੈ ਕਿ ਜਸਟਿਸ ਵਿਨੋਦ ਕੁਮਾਰ ਸ਼ਰਮਾ ਨੇ ਸਾਲ 2006 ਤੋਂ 2010 ਤੱਕ ਪੰਜਾਬ ਤੇ ਹਰਿਆਣਾ 'ਚ ਬਤੌਰ ਜੱਜ ਸੇਵਾ ਨਿਭਾਈ ਸੀ। ਇਸ ਤੋਂ ਬਾਅਦ ਉਨ੍ਹਾਂ ਸਾਲ 2010 ਤੋਂ 2013 ਤੱਕ ਹਾਈ ਕੋਰਟ ਮਦਰਾਸ ਵਿਖੇ ਪਰਮਾਨੈਂਟ ਜੱਜ ਵਜੋਂ ਸੇਵਾ ਨਿਭਾਈ ਸੀ। ਸਾਲ 2013 'ਚ ਉਨ੍ਹਾਂ ਨੂੰ ਸੁਪਰੀਮ ਕੋਰਟ ਨੇ ਸੀਨੀਅਰ ਐਡਵੋਕੇਟ ਦੇ ਅਹੁਦੇ ਨਾਲ ਨਵਾਜ਼ਿਆ ਸੀ। ਲੈਫਟੀਨੈਂਟ ਜਨਰਲ (ਸੇਵਾ ਮੁਕਤ) ਅਜੈ ਕੁਮਾਰ ਸ਼ਰਮਾ ਨੇ ਫੌਜ 'ਚ 38 ਸਾਲ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਈਆਂ। ਉਨ੍ਹਾਂ ਨੇ ਉਤਰ-ਪੂਰਬ 'ਚ ਇਨਫੈਨਟਰੀ ਬ੍ਰਿਗੇਡ ਦੀ ਅਗਵਾਈ ਕੀਤੀ ਅਤੇ ਸੰਯੁਕਤ ਰਾਸ਼ਟਰ ਦੇ ਹਿੱਸੇ ਵਜੋਂ ਡੀ. ਆਰ. ਕਾਂਗੋ 'ਚ ਮਲਟੀ ਨੈਸ਼ਨਲ ਬ੍ਰਿਗੇਡ ਦੀ ਵੀ ਬੜੇ ਗੌਰਵਮਈ ਢੰਗ ਨਾਲ ਅਗਵਾਈ ਕੀਤੀ। ਲੈਫਟੀਨੈਂਟ ਜਨਰਲ (ਸੇਵਾ ਮੁਕਤ) ਅਜੈ ਕੁਮਾਰ ਸ਼ਰਮਾ ਨੇ ਸਾਲ 2005 'ਚ ਕਾਰਜਸ਼ੀਲ ਹੋਏ ਰਾਈਟ ਟੂ ਇਨਫਰਮੇਸ਼ਨ ਐਕਟ ਨੂੰ ਫੌਜ 'ਚ ਲਾਗੂ ਕਰਵਾਉਣ 'ਚ ਅਹਿਮ ਭੂਮਿਕਾ ਨਿਭਾਈ।