ਸਵੱਛਤਾ ਸਰਵੇਖਣ 2020 ਦੇ ਨਤੀਜਿਆਂ 'ਚ ਜਲੰਧਰ ਕੈਂਟ ਨੇ ਮਾਰੀ ਬਾਜ਼ੀ

Thursday, Aug 20, 2020 - 05:07 PM (IST)

ਜਲੰਧਰ— ਕੇਂਦਰ ਦੀ ਸਰਕਾਰ ਵੱਲੋਂ ਕਰਵਾਏ ਗਏ ਸਵੱਛਤਾ ਸਰਵੇਖਣ ਦੇ ਨਤੀਜਿਆਂ ਦਾ ਐਲਾਨ ਅੱਜ ਕਰ ਦਿੱਤਾ ਗਿਆ ਹੈ। ਇਨ੍ਹਾਂ ਨਤੀਜਿਆਂ 'ਚ ਇੰਦੌਰ ਨੇ ਸਭ ਤੋਂ ਪਹਿਲੇ ਨੰਬਰ 'ਤੇ ਬਾਜ਼ੀ ਮਾਰੀ ਹੈ, ਜਿਸ ਨੇ ਲਗਾਤਾਰ ਚੌਥੀ ਵਾਰ ਭਾਰਤ ਦੇ ਸਭ ਤੋਂ ਸਾਫ-ਸੁਥਰੇ ਸ਼ਹਿਰ ਵਜੋ ਆਪਣੀ ਪਛਾਣ ਬਣਾਈ ਹੈ।

PunjabKesari

ਸਾਫ਼-ਸਫ਼ਾਈ ਨੂੰ ਲੈ ਕੇ ਜਲੰਧਰ ਦੀ ਰੈਂਕਿੰਗ 'ਚ ਵੀ ਹੋਇਆ ਸੁਧਾਰ
ਉਥੇ ਹੀ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਜਲੰਧਰ ਸ਼ਹਿਰ ਦੀ ਤਾਂ ਪੰਜਾਬ ਦੇ ਬਾਕੀ ਸ਼ਹਿਰਾਂ ਸਮੇਤ ਸਵੱਛਤਾ ਸਰਵੇਖਣ ਨੂੰ ਲੈ ਕੇ ਕਾਗਜ਼ਾਂ 'ਚ ਜਲੰਧਰ ਦੀ ਰੈਂਕਿੰਗ 'ਚ ਥੋੜ੍ਹਾ ਸੁਧਾਰ ਹੋਇਆ ਹੈ। ਸਭ ਤੋਂ ਜ਼ਿਆਦਾ ਸਾਫ਼ ਕੈਂਟ ਏਰੀਆ 'ਚ ਜਲੰਧਰ ਨੇ ਬਾਜ਼ੀ ਮਾਰੀ ਹੈ। ਸਵੱਛਤਾ ਸਰਵੇਖਣ 'ਚ ਜਲੰਧਰ ਦੀ ਰੈਂਕਿੰਗ 119 ਮੰਨੀ ਗਈ ਹੈ। ਜਲੰਧਰ ਨੂੰ ਲੈ ਕੇ ਜੇਕਰ ਪਿਛਲੇ ਚਾਰ ਸਾਲਾਂ ਦੀ ਗੱਲ ਕੀਤੀ ਜਾਵੇ ਤਾਂ 2017 'ਚ ਜਲੰਧਰ 234, 2018 'ਚ 215, 2019 'ਚ 166 ਅਤੇ 2020 'ਚ 119 ਨੰਬਰ 'ਤੇ ਪਹੁੰਚਿਆ ਹੈ।

PunjabKesari

ਜਲੰਧਰ ਕੈਂਟ ਨੂੰ ਮਿਲਿਆ ਪਹਿਲੇ ਸਥਾਨ ਦਾ ਮਾਣ
ਉਥੇ ਹੀ ਛਾਉਣੀ ਸ਼ਹਿਰਾਂ 'ਚ ਜਲੰਧਰ ਛਾਉਣੀ ਨੂੰ ਪਹਿਲੇ ਸਥਾਨ ਦਾ ਮਾਣ ਹਾਸਲ ਹੋਇਆ ਹੈ। ਕੇਂਦਰੀ ਆਵਾਸ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਪੁਰੀ ਨੇ ਇਕ ਸਮਾਰੋਹ ਦੌਰਾਨ ਸਵੱਛ ਸਰਵੇਖਣ ਪੁਰਸਕਾਰ 2020 ਦਾ ਐਲਾਨ ਕੀਤਾ ਹੈ। ਹਰਦੀਪ ਪੁਰੀ ਨੇ ਜੇਤੂ ਸ਼ਹਿਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਨਾਲ ਸਥਾਨਕ ਲੋਕਾਂ ਦੇ ਸਾਫ਼-ਸਫ਼ਾਈ ਪ੍ਰਤੀ ਸਮਰਪਣ ਦਾ ਸੰਕੇਤ ਮਿਲਦਾ ਹੈ।

ਜ਼ਿਕਰਯੋਗ ਹੈ ਕਿ ਪੁਰੀ ਨੇ ਦੱਸਿਆ ਕਿ ਦੇਸ਼ 'ਚ ਸਵੱਛਤਾ ਪ੍ਰਤੀ ਜਾਗਰੂਕਤਾ 'ਚ ਸੁਧਾਰ ਹੋਇਆ ਹੈ ਅਤੇ ਸਵੱਛ ਭਾਰਤ ਅਭਿਆਨ ਦਾ ਅਸਰ ਪੂਰੇ ਦੇਸ਼ 'ਚ ਦਿਖਾਈ ਦੇ ਰਿਹਾ ਹੈ।
ਦੱਸ ਦੇਈਏ ਕਿ ਸਵੱਛਤਾ ਸਰਵੇਖਣ 'ਚ ਲਗਾਤਾਰ ਚੌਥੇ ਸਾਲ ਇੰਦੌਰ ਪਹਿਲੇ ਸਥਾਨ 'ਤੇ ਬਣਿਆ ਰਿਹਾ, ਉੱਥੇ ਹੀ ਉਦਯੋਗਿਕ ਸ਼ਹਿਰ ਸੂਰਤ ਨੂੰ ਦੂਜਾ ਅਤੇ ਨਵੀ ਮੁੰਬਈ ਨੂੰ ਤੀਜਾ ਸਥਾਨ ਮਿਲਿਆ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਨਸੀ ਨੂੰ ਗੰਗਾ ਨਦੀ ਦੇ ਕਿਨਾਰੇ ਸਭ ਤੋਂ ਸਾਫ਼ ਸ਼ਹਿਰ ਐਲਾਨ ਕੀਤਾ।


shivani attri

Content Editor

Related News