ਸਵੱਛ ਭਾਰਤ ਦਾ ਸੰਦੇਸ਼ ਦੇ ਕੇ ਵਾਪਸ ਜਾ ਰਹੇ ਨੌਜਵਾਨ ਦਾ ਸਨਮਾਨ
Wednesday, Oct 04, 2017 - 10:50 AM (IST)
ਸਾਦਿਕ (ਪਰਮਜੀਤ)- ਪਿੰਡ ਸਾਧਾਂਵਾਲਾ ਅਤੇ ਪੱਖੀ ਖੁਰਦ ਨਿਵਾਸੀਆਂ ਵੱਲੋਂ ਸਤਨਾਮ ਸਿੰਘ ਅਤੇ ਰਵਿੰਦਰ ਸਿੰਘ ਜਿੰਨਾਂ ਨੇ ਮੋਟਰ ਸਾਈਕਲ ਤੇ ਭਾਰਤ ਦੇ 11 ਰਾਜਾਂ ਰਾਜਸਥਾਨ, ਗੁਜਰਾਤ, ਦਮਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ , ਪੰਜਾਬ ਤੇ ਚੰਡੀਗੜ੍ਹ ਆਦਿ ਦਾ ਸਵੱਛ ਭਾਰਤ ਦਾ ਸੰਦੇਸ਼ ਦਿੱਤਾ, ਦਾ ਵਾਪਸ ਪਹੁੰਚਣ 'ਤੇ ਨਿੱਘਾ ਸਵਾਗਤ ਕਰਨ ਦੀ ਸੂਚਨਾ ਮਿਲੀ ਹੈ। ਇਸ ਮੌਕੇ ਉਕਤ ਨੌਜਵਾਨਾਂ ਨੇ ਦੱਸਿਆ ਕਿ ਇਸ ਦੌਰੇ ਦਾ ਮੁੱਖ ਮੰਤਵ ਰਾਸ਼ਟਰੀ ਏਕਤਾ, ਜਾਤ ਪਾਤ ਦਾ ਵਿਰੋਧ ਖਤਮ ਕਰਨਾ, ਸਮਾਜਿਕ ਬੁਰਾਈਆਂ ਦਾ ਖਾਤਮਾ, ਇੱਛਾ ਸ਼ਕਤੀ ਨੂੰ ਮਜ਼ਬੂਤ, ਭਾਈਚਾਰਕ ਸਾਂਝ ਦਾ ਸੰਦੇਸ਼ ਹਰ ਸੂਬੇ 'ਚ ਪਹੁੰਚਾਉਣਾ ਸੀ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਗੰਧਲੇ ਹੋ ਰਹੇ ਵਾਤਾਵਰਣ ਨੂੰ ਬਚਾਈਏ, ਰਲ ਮਿਲ ਕੇ ਰਹੀਏ। ਉਨਾਂ ਦੱਸਿਆ ਕਿ ਉਹ 1997 ਵਿਚ ਸਾਈਕਲ ਤੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ 117 ਦਿਨ ਦਾ ਸਫਰ ਕਰਕੇ ਏਕਤਾ ਦਾ ਸੰਦੇਸ਼ ਦੇ ਕੇ ਆਇਆ, ਫਿਰ 2007 ਵਿਚ ਤਿੰਨ ਸਾਥੀਆਂ ਨਾਲ ਐਂਟੀ ਡਰੱਗਜ਼ ਸਬੰਧੀ ਭਾਰਤ ਦਾ ਟੂਰ ਲਗਾ ਚੁੱਕਾ ਹੈ। ਐਸ. ਐਸ. ਫੌਜੀ ਐਜੂਕੇਸ਼ਨ ਐਂਡ ਵੈਲਫੇਅਰ ਸੁਸਾਇਟੀ ਸਾਧਾਂਵਾਲਾ ਤੇ ਪਿੰਡ ਵਾਸੀਆਂ ਨੇ ਨੌਜਵਾਨਾਂ ਦਾ ਹੌਸਲਾ ਅਫਜਾਈ ਕੀਤੀ ਤੇ ਆਸ ਕੀਤੀ ਕਿ ਹੋਰ ਨੌਜਵਾਨ ਵੀ ਸੇਧ ਲੈਣ ਤੇ ਦ੍ਰਿੜ ਇਰਾਦੇ ਨਾਲ ਦੇਸ਼ ਦੀ ਏਕਤਾ ਵਿਚ ਜੁਟ ਜਾਣ। ਇਸ ਮੌਕੇ ਸੁਖਚਰਨ ਸਿੰਘ, ਇਕਬਾਲ ਸਿੰਘ, ਸਾਹਬ ਸਿੰਘ ਮੌਜੂਦ ਸਨ।
