ਇਕ ਹਜ਼ਾਰ ਰੁਪਏ ਪਿੱਛੇ ਲਗਾਈ ਸਤਲੁੱਜ ਵਿਚ ਚੁੱਭੀ, ਪੁੱਜਾ ਮੌਤ ਦੇ ਮੂੰਹ ’ਚ
Friday, Dec 10, 2021 - 04:55 PM (IST)
ਫਿਰੋਜ਼ਪੁਰ (ਖੁੱਲਰ) : ਇਕ ਵਿਅਕਤੀ ਨੂੰ ਪੈਸਿਆਂ ਦਾ ਲਾਲਚ ਦੇ ਕੇ ਸਤਲੁੱਜ ਵਿਚ ਚੁੱਭੀ ਲਾਉਣ ’ਤੇ ਵਿਅਕਤੀ ਦੀ ਦਰਿਆ ਵਿਚ ਡੁੱਬਣ ਨਾਲ ਮੌਤ ਹੋ ਗਈ। ਇਸ ਸਬੰਧ ਵਿਚ ਥਾਣਾ ਮਮਦੋਟ ਦੀ ਪੁਲਸ ਨੇ ਇਕ ਵਿਅਕਤੀ ਖ਼ਿਲਾਫ਼ 304-ਏ ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਬਲਜੀਤ ਸਿੰਘ ਪੁੱਤਰ ਹਰਮੇਸ਼ ਸਿੰਘ ਵਾਸੀ ਪਿੰਡ ਹਾਜ਼ੀ ਬੇਟੂ ਨੇ ਦੱਸਿਆ ਕਿ ਸੁਰਜੀਤ ਸਿੰਘ (30 ਸਾਲ) ਪੁੱਤਰ ਬਹਾਲ ਸਿੰਘ ਵਾਸੀ ਗੰਧੂ ਕਿਲਚਾ ਜੋ ਉਸ ਦਾ ਸਕਾ ਸਾਂਢੂੰ ਲੱਗਦਾ ਹੈ ਤੇ ਕਰੀਬ ਢਾਈ ਮਹੀਨੇ ਤੋਂ ਉਹ ਸਮੇਤ ਪਰਿਵਾਰ ਸੁਰਜੀਤ ਸਿੰਘ ਕੋਲ ਰਹਿ ਰਿਹਾ ਹੈ। ਦੋਸ਼ੀ ਛਿੰਦਰ ਸਿੰਘ ਉਰਫ ਛਿੰਦਾ ਪੁੱਤਰ ਝੰਡਾ ਸਿੰਘ ਵਾਸੀ ਪਿੰਡ ਗੰਧੂ ਕਿਲਚਾ ਉਤਾੜ ਜੋ ਸੁਰਜੀਤ ਸਿੰਘ ਦੇ ਘਰ ਮੋਟਰਸਾਈਕਲ ’ਤੇ ਆਇਆ ਤੇ ਕਹਿਣ ਲੱਗਾ ਕਿ ਡੀਟੀ ਮੱਲ ਚੌਂਕੀ ਨੇੜੇ ਦਰਿਆ ਵਿਚ ਬੀ. ਐੱਸ. ਐੱਫ. ਵੱਲੋਂ ਟਰਾਇਲ ਕੀਤਾ ਜਾਣਾ ਹੈ, ਜਿਸ ਵਿਚ ਇਕ ਚੁੱਭੀ ਦਾ ਹਜ਼ਾਰ ਰੁਪਇਆ ਮਿਲੇਗਾ।
ਉਹ ਉਸ ਦੇ ਸਾਂਢੂੰ ਸੁਰਜੀਤ ਸਿੰਘ ਨੂੰ ਪੈਸਿਆਂ ਦਾ ਲਾਲਚ ਦੇ ਕੇ ਆਪਣੇ ਨਾਲ ਲੈ ਗਿਆ, ਜਿਸ ਨਾਲ ਸੁਰਜੀਤ ਸਿੰਘ ਦੀ ਸਤਲੁੱਜ ਦਰਿਆ ਵਿਚ ਡੁੱਬਣ ਕਰਕੇ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਸੁਖਚੈਨ ਸਿੰਘ ਨੇ ਦੱਸਿਆ ਕਿ ਪੁਲਸ ਨੇ ਉਕਤ ਮੁਲਜ਼ਮ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।