ਮੁਅੱਤਲ ਪੁਲਸ ਮੁਲਾਜ਼ਮ ਕਰਨ ਲੱਗਾ ਵੱਡੇ ਪੱਧਰ ’ਤੇ ਸ਼ਰਾਬ ਦਾ ਨਾਜਾਇਜ਼ ਧੰਦਾ!

Tuesday, Jul 31, 2018 - 06:43 AM (IST)

ਜਲੰਧਰ, (ਬੁਲੰਦ)- ਸ਼ਹਿਰ ’ਚ ਨਾਜਾਇਜ਼ ਸ਼ਰਾਬ ਦਾ ਧੰਦਾ ਦਿਨ-ਬ-ਦਿਨ ਜ਼ੋਰ ਫੜਦਾ ਜਾ  ਰਿਹਾ ਹੈ। ਕਮਿਸ਼ਨਰੇਟ ਪੁਲਸ ਵਲੋਂ ਭਾਵੇਂ ਲਗਾਤਾਰ ਸ਼ਰਾਬ ਤੇ ਨਸ਼ਾ ਸਮੱਗਲਰਾਂ ’ਤੇ ਸ਼ਿਕੰਜਾ  ਕੱਸਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਇਸ ਦੇ ਬਾਵਜੂਦ ਸ਼ਹਿਰ ਦੇ ਕੋਨੇ-ਕੋਨੇ ’ਚ ਸ਼ਰਾਬ ਦਾ ਨਾਜਾਇਜ਼ ਕਾਰੋਬਾਰ ਦਿਨ ਪ੍ਰਤੀ ਦਿਨ ਵਧ ਰਿਹਾ ਹੈ। ਇਸ ਸ਼ਰਾਬ ਸਮੱਗਲਿੰਗ  ’ਚ  ਇਕ ਨਵਾਂ ਨਾਂ ਜੋ ਲਗਾਤਾਰ ਉਭਰ ਕੇ ਸਾਹਣੇ ਆ ਰਿਹਾ ਹੈ, ਉਹ ਹੋਰ ਕਿਸੇ ਦਾ ਨਹੀਂ ਸਗੋਂ  ਇਕ ਪੁਲਸ ਮੁਲਾਜ਼ਮ ਦਾ ਹੀ ਹੈ। ਇਸ ਪੁਲਸ ਮੁਲਾਜ਼ਮ ਨੇ ਇਲਾਕੇ ਦੇ ਪੁਰਾਣੇ ਸਾਰੇ ਸਮੱਗਲਰਾਂ  ਨੂੰ ਪਿੱਛੇ ਛੱਡ ਸ਼ਰਾਬ ਦੇ ਨਾਜਾਇਜ਼ ਕਾਰੋਬਾਰ ’ਚ ਆਪਣੇ ਪੈਰ ਜਮਾ ਲਏ ਹਨ।
ਕਮਿਸ਼ਨਰ ਨੇ ਕੀਤਾ ਸੀ ਮੁਅੱਤਲ
ਮਾਮਲੇ  ਬਾਰੇ ਜਾਣਕਾਰਾਂ ਦੀ ਮੰਨੀਏ ਤਾਂ ਉਕਤ ਪੁਲਸ ਮੁਲਾਜ਼ਮ ਨੂੰ ਸ਼ਰਾਬ ਸਮੱਗਲਿੰਗ ਦੇ ਮਾਮਲੇ  ’ਚ ਆਪਣੇ ਵਿਭਾਗ ਦੇ ਹੀ ਅਧਿਕਾਰੀਆਂ ਨੇ ਰੰਗੇ ਹੱਥ ਫੜ ਲਿਆ ਸੀ, ਜਿਸ ਤੋਂ ਬਾਅਦ ਉਸ ’ਤੇ  ਕੇਸ ਵੀ ਦਰਜ ਕੀਤਾ ਗਿਆ ਸੀ ਪਰ ਪੁਲਸ ਕਮਿਸ਼ਨਰ ਨੇ ਸਾਰੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ  ਤੇ ਉਕਤ ਪੁਲਸ ਮੁਲਾਜ਼ਮ  ਨੂੰ ਮੁਅੱਤਲ ਕਰ ਦਿੱਤਾ ਪਰ ਇਸ ਤੋਂ ਬਾਅਦ ਸੁਧਰਨ ਦੀ ਜਗ੍ਹਾ  ਉਹ ਹੋਰ  ਇਸ ਕੰਮ ’ਚ ਉਲਝ ਗਿਆ। 
ਜਾਣਕਾਰਾਂ ਦੀ ਮੰਨੀਏ ਤਾਂ ਪਹਿਲਾਂ ਉਕਤ ਕਰਮਚਾਰੀ ਰੋਜ਼ਾਨਾ  8-10 ਪੇਟੀਆਂ ਨਾਜਾਇਜ਼ ਸ਼ਰਾਬ ਦੀ ਹੀ ਵੇਚਦਾ ਸੀ  ਪਰ ਹੁਣ ਤਾਂ ਸ਼ਰੇਆਮ ਸ਼ਰਾਬ ਸਮੱਗਲਿੰਗ ਨੂੰ ਹੀ  ਆਪਣਾ ਪੱਕਾ ਕੰਮ ਬਣਾ ਲਿਆ ਹੈ ਤੇ ਰੋਜ਼ਾਨਾ 50 ਪੇਟੀਆਂ ਦੇ ਕਰੀਬ  ਸ਼ਰਾਬ ਇਧਰ ਤੋਂ ਓਧਰ  ਕਰ ਕੇ ਮੋਟੀ ਕਮਾਈ ਕਰ ਰਿਹਾ ਹੈ। ਇੰਨਾ ਹੀ ਨਹੀਂ, ਉਸ ਨੇ ਤਾਂ ਸਾਥੀ ਸਮੱਗਲਰਾਂ ਨੂੰ ਸਾਫ  ਕਹਿ ਦਿੱਤਾ ਕਿ ਮੈਂ ਤਾਂ  ਐਵੇਂ ਹੀ ਇੰਨੇ ਸਾਲ ਪੁਲਸ ’ਚ ਬਰਬਾਦ ਕਰ ਦਿੱਤੇ, ਇੰਨਾ ਪੈਸਾ ਤਾਂ ਮੈਂ ਪਿਛਲੇ 10 ਸਾਲਾਂ ’ਚ ਨਹੀਂ ਕਮਾਇਆ ਜਿੰਨਾ ਸ਼ਰਾਬ ਸਮੱਗਲਿੰਗ ਕਰ ਕੇ 1 ਸਾਲ ’ਚ  ਕਮਾ ਲਿਆ।
ਸਾਡੀ ਹੈ ਪੂਰੀ ਨਜ਼ਰ, ਜ਼ਮਾਨਤ  ’ਤੇ ਛੁੱਟ ਕੇ ਮੁਲਜ਼ਮ ਦੁਬਾਰਾ ਕਰਨ ਲੱਗਦੇ ਹਨ ਧੰਦਾ : ਏ. ਸੀ. ਪੀ.
ਮਾਮਲੇ  ਬਾਰੇ ਏ. ਸੀ. ਪੀ. ਨਾਰਥ ਨਵਨੀਤ ਸਿੰਘ ਮਾਹਲ ਦਾ ਕਹਿਣਾ ਹੈ ਕਿ ਉਕਤ ਸ਼ਰਾਬ ਸਮੱਗਲਰ ਤੇ  ਉਸ ਦੇ ਵਰਗੇ ਹੋਰ ਸ਼ਰਾਬ ਸਮੱਗਲਰਾਂ ’ਤੇ ਪੁਲਸ ਦੀ ਤਿੱਖੀ ਨਜ਼ਰ ਹੈ। ਉਨ੍ਹਾਂ ਨੇ ਕਿਹਾ ਕਿ  ਅਜਿਹੇ ਸਮੱਗਲਰਾਂ ’ਤੇ ਪੁਲਸ  ਵਲੋਂ ਸ਼ਿਕੰਜਾ ਕੱਸਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ  ਐਕਸਾਈਜ਼ ਵਿਭਾਗ ਦਾ ਕਾਨੂੰਨ ਲਚਕਦਾਰ ਹੋਣ ਕਾਰਨ ਸ਼ਰਾਬ ਸਮੱਗਲਰ ਨੂੰ ਅਜੇ ਗ੍ਰਿਫਤਾਰ  ਕਰ ਕੇ ਅਸੀਂ ਆਪਣੇ ਆਫਿਸ ’ਚ ਨਹੀਂ ਪਹੁੰਚਦੇ ਕਿ ਉਹ ਜ਼ਮਾਨਤ ’ਤੇ ਛੁੱਟ ਕੇ ਦੁਬਾਰਾ ਇਸੇ  ਧੰਦੇ ’ਚ ਲੱਗ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕਾਨੂੰਨ ਸਖਤ ਹੋਵੇ ਤਾਂ ਇਸ  ਮਾਮਲੇ ’ਚ ਹੋਰ ਸਖਤ ਕਦਮ ਚੁੱਕੇ ਜਾ ਸਕਦੇ ਹਨ।
ਪੁਲਸ ਦੇਖ ਰਹੀ ਹੈ ਤਮਾਸ਼ਾ ਤੇ ਕੁਝ ਮੁਲਾਜ਼ਮ ਜੇਬ ਗਰਮ ਕਰਨ ’ਚ ਲੱਗੇ
ਮਾਮਲੇ  ਬਾਰੇ ਇਲਾਕੇ ਦੇ ਸ਼ਰਾਬ ਨਾਲ ਜੁੜੇ ਜਾਣਕਾਰਾਂ ਦੀ ਮੰਨੀਏ ਤਾਂ ਅਸਲ ’ਚ ਇਲਾਕੇ ’ਚ ਅੱਧਾ  ਦਰਜਨ ਦੇ ਕਰੀਬ ਸ਼ਰਾਬ ਸਮੱਗਲਰ ਐਕਟਿਵ  ਹਨ, ਜੋ ਵੱਡੇ ਪੈਮਾਨੇ ’ਤੇ ਸ਼ਰਾਬ ਦੂਜੇ ਸੂਬਿਆਂ  ਤੋਂ ਲਿਆ ਕੇ ਸ਼ਹਿਰ ’ਚ ਸਪਲਾਈ ਕਰਦੇ ਹਨ ਪਰ ਪੁਲਸ ਨਾਲ ਜੋ ਸੈਟਿੰਗ ਉਕਤ ਮੁਅੱਤਲ ਪੁਲਸ  ਮੁਲਾਜ਼ਮ ਤੋਂ ਸ਼ਰਾਬ ਸਮੱਗਲਰ ਬਣੇ ਵਿਅਕਤੀ ਨੇ ਕੀਤੀ ਹੈ ਉਹ ਕੋਈ ਨਹੀਂ ਕਰ ਸਕਿਆ।  ਜਾਣਕਾਰਾਂ ਦੀ ਮੰਨੀਏ ਤਾਂ ਉਕਤ ਸਮੱਗਲਰ ਦੀ ਇਲਾਕੇ ਦੇ ਕਈ ਪੁਲਸ ਕਰਮਚਾਰੀਆਂ ਨਾਲ ਵਧੀਆ  ਸੈਟਿੰਗ ਕਾਰਨ ਉਸ ਦਾ ਕੰਮ ਲਗਾਤਾਰ ਵਧ ਰਿਹਾ ਹੈ ਤੇ ਇਸ ਨਾਲ ਸਰਕਾਰ ਨੂੰ ਭਾਰੀ ਮਾਲੀਏ  ਦਾ ਚੂਨਾ ਲਾਇਆ ਜਾ ਰਿਹਾ ਹੈ।
 


Related News