ਕਾਂਗਰਸ ''ਚ ਖਿੱਚੋਤਾਣ! ਪਾਰਟੀ ''ਚੋਂ ਮੁਅੱਤਲ ਕੀਤੇ ਗਏ ਸਿੱਧੂ ਧੜੇ ਦੇ ਆਗੂਆਂ ਨੇ ਰਾਜਾ ਵੜਿੰਗ ਨੂੰ ਪੁੱਛੇ ਤਿੱਖੇ ਸਵਾਲ

01/28/2024 6:36:17 AM

ਮੋਗਾ: ਕਾਂਗਰਸ ਪਾਰਟੀ ਵੱਲੋਂ ਮੋਗਾ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਸਾਬਕਾ ਵਿਧਾਇਕ ਮਹੇਸ਼ ਇੰਦਰ ਸਿੰਘ ਮੇਸ਼ੀ ਅਤੇ ਉਨ੍ਹਾਂ ਦੇ ਪੁੱਤਰ ਧਰਮਪਾਲ ਸਿੰਘ ਡੀਪੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਿਰਦੇਸ਼ਾਂ 'ਤੇ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਮਹੇਸ਼ ਇੰਦਰ ਸਿੰਘ ਅਤੇ ਧਰਮਪਾਲ ਸਿੰਘ ਨੂੰ ਕਾਂਗਰਸ ਪਾਰਟੀ 'ਚੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਮਗਰੋਂ ਦੋਹਾਂ ਆਗੂਆਂ ਨੇ ਪਾਰਟੀ ਪ੍ਰਧਾਨ ਰਾਜਾ ਵੜਿੰਗ ਨੂੰ ਤਿੱਖੇ ਸਵਾਲ ਪੁੱਛੇ ਹਨ। 

ਇਹ ਖ਼ਬਰ ਵੀ ਪੜ੍ਹੋ - ਸਿੱਧੂ ਧੜੇ ਦੇ ਆਗੂਆਂ ਖ਼ਿਲਾਫ਼ ਕਾਰਵਾਈ ਮਗਰੋਂ ਮਾਲਵਿਕਾ ਸੂਦ ਦਾ ਬਿਆਨ, ਕਿਹਾ- "ਬਾਕੀਆਂ ਨੂੰ ਵੀ ਮਿਲੇਗਾ ਸਬਕ"

'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਧਰਮਪਾਲ ਸਿੰਘ ਡੀਪੀ ਨੇ ਕਿਹਾ ਕਿ ਜੇ ਪਹਿਲਾਂ ਉਨ੍ਹਾਂ ਖ਼ਿਲਾਫ਼ ਸ਼ਿਕਾਇਤਾਂ ਸੀ ਤਾਂ ਤਾਂ ਉਸ ਵੇਲੇ ਹੀ ਉਨ੍ਹਾਂ ਵਿਰੁੱਧ ਕਾਰਵਾਈ ਕਰਦੇ। ਰੈਲੀ ਤੋਂ ਬਾਅਦ ਹੀ ਇਹ ਗੱਲ ਚੇਤੇ ਕਿਉਂ ਆਈ। ਡੀਪੀ ਨੇ ਕਿਹਾ ਕਿ ਹਿਮਾਚਲ ਚੋਣਾਂ ਵਿਚ ਕਾਂਗਰਸ ਨੇ ਮੈਨੂੰ ਕਾਂਗੜੇ ਜ਼ਿਲ੍ਹੇ ਦਾ ਆਜ਼ਬਰਵਰ ਬਣਾਇਆ। ਭਾਰਤ ਜੋੜੇ ਯਾਤਰਾ ਵਿਚ ਮੈਨੂੰ ਕੋਆਰਡੀਨੇਟਰ ਬਣਾਇਆ। ਫਿਰੋਜ਼ਪੁਰ ਤੇ ਮੋਗਾ 'ਚ ਦਿੱਤੇ ਗਏ ਧਰਨਿਆਂ 'ਚ ਮੇਰੀ ਡਿਊਟੀ ਲਗਾਈ ਗਈ। ਜੇ ਮੈਂ ਪਾਰਟੀ ਵਿਰੋਧੀ ਗਤੀਵਿਧੀਆਂ ਹੀ ਕਰ ਰਿਹਾ ਸੀ ਤਾਂ ਮੈਨੂੰ ਜ਼ਿੰਮੇਵਾਰੀਆਂ ਕਿਉਂ ਦਿੱਤੀਆਂ ਜਾ ਰਹੀਆਂ ਸਨ। ਡੀਪੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਸੰਵਿਧਾਨ ਮੁਤਾਬਕ ਇਹ ਅਨੁਸ਼ਾਸਨੀ ਕਮੇਟੀ ਨੂੰ ਮੇਰਾ ਕੇਸ ਭੇਜਦੇ, ਮੇਰੇ ਤੋਂ ਜਵਾਬ ਤਲਬੀ ਕੀਤੀ ਜਾਂਦੀ ਤਾਂ ਮੈਂ ਆਪਣਾ ਪੱਖ ਰੱਖਦਾ। ਇਹ ਤਾਨਸ਼ਾਹੀ ਰਵੱਈਆ ਹੈ ਕਿ ਇਕ ਬੰਦੇ ਨੇ ਇਹ ਫ਼ੈਸਲਾ ਲੈ ਲਿਆ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਵਿਚ ਅਨੁਸ਼ਾਸਨੀ ਕਮੇਟੀ ਤਾਂ ਕਾਰਵਾਈ ਕਰ ਸਕਦੀ ਹੈ, ਪਰ ਇਸ ਤਰ੍ਹਾਂ ਇਕਤਰਫ਼ਾ ਫ਼ੈਸਲਾ ਨਹੀਂ ਲਿਆ ਜਾ ਸਕਦਾ। ਜੇਕਰ ਮੇਰੇ ਖ਼ਿਲਾਫ਼ ਸ਼ਿਕਾਇਤਾਂ ਸੀ ਤਾਂ ਚੋਣਾਂ ਤੋਂ 2 ਸਾਲ ਬਾਅਦ ਇਹ ਕਾਰਵਾਈ ਕਿਉਂ ਹੋਈ। ਇਸ ਰੈਲੀ ਤੋਂ ਬਾਅਦ ਪਤਾ ਲੱਗਿਆ ਕਿ ਮੈਂ ਪਾਰਟੀ ਵਿਰੋਧੀ ਗਤੀਵਿਧੀਆਂ ਕੀਤੀਆਂ? 

ਕਿਹਾ, ਨਵਜੋਤ ਸਿੰਘ ਸਿੱਧੂ ਨਾਲ ਕਰਾਂਗਾ ਗੱਲ

ਨਵਜੋਤ ਸਿੰਘ ਸਿੱਧੂ ਨਾਲ ਗੱਲਬਾਤ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਆਪਸ ਵਿਚ ਅਕਸਰ ਹੀ ਗੱਲਬਾਤ ਹੁੰਦੀ ਰਹਿੰਦੀ ਹੈ ਤੇ ਉਹ ਇਸ ਮਸਲੇ 'ਤੇ ਵੀ ਉਨ੍ਹਾਂ ਨਾਲ ਗੱਲ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਮੋਗੇ ਵਿਚ ਕਦੀ ਵੀ ਕਾਂਗਰਸ ਦਾ ਇੰਨਾ ਵੱਡਾ ਇਕੱਠ ਨਹੀਂ ਹੋਇਆ, ਜਿੰਨਾ ਉਸ ਰੈਲੀ ਵਿਚ ਹੋਇਆ ਸੀ। ਇਸ ਗੱਲ ਲਈ ਮੇਰੀ ਪਿੱਠ ਥਾਪੜਣ ਦੀ ਬਜਾਏ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਹੈ। ਜੇ ਮੈਂ ਕਾਂਗਰਸ ਦਾ ਪ੍ਰਚਾਰ ਕਰਨ ਲਈ, ਕਾਂਗਰਸ ਦੀਆਂ ਨੀਤੀਆਂ ਲੋਕਾਂ ਤਕ ਪਹੁੰਚਾਉਣ ਲਈ ਹਜ਼ਾਰਾਂ ਲੋਕਾਂ ਨੂੰ ਉੱਥੇ ਇਕੱਠਾ ਕਰ ਦਿੱਤਾ ਤਾਂ ਪ੍ਰਧਾਨ ਨੇ ਮੈਨੂੰ ਸ਼ਾਬਾਸ਼ੀ ਦੇਣ ਦੀ ਬਜਾਏ ਪਾਰਟੀ ਵਿਚੋਂ ਮੁਅੱਤਲ ਕਰ ਦਿੱਤਾ। ਜੇਕਰ ਰੈਲੀ ਦੀ ਹੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਵੀ ਤਿੰਨ ਰੈਲੀਆਂ ਹੋ ਚੁੱਕੀਆਂ ਸਨ। ਨਵਜੋਤ ਸਿੰਘ ਸਿੱਧੂ ਇਸ ਰੈਲੀ ਬਾਰੇ ਕਈ ਦਿਨ ਪਹਿਲਾਂ ਐਲਾਨ ਕਰ ਚੁੱਕੇ ਸਨ। ਜੇ ਰੈਲੀ ਜਾਇਜ਼ ਨਹੀਂ ਸੀ ਤਾਂ ਮੈਨੂੰ ਪਹਿਲਾਂ ਹਦਾਇਤਾਂ ਜਾਰੀ ਕਰ ਕੇ ਇਸ ਬਾਰੇ ਦੱਸਦੇ ਤਾਂ ਮੈਂ ਪਾਰਟੀ ਦਾ ਸਿਪਾਹੀ ਹੋਣ ਦੇ ਨਾਤੇ ਉਨ੍ਹਾਂ ਹਦਾਇਤਾਂ ਦੀ ਪਾਲਣਾ ਕਰਦਾ। ਰੈਲੀ ਖ਼ਤਮ ਹੋਣ ਤੋਂ 2 ਘੰਟੇ ਬਾਅਦ ਮੈਨੂੰ ਨੋਿਟਸ ਜਾਰੀ ਕੀਤਾ ਗਿਆ। ਇਹ ਨਿੱਜੀ ਕਿੜ ਕੱਢਣ ਵਾਲਾ ਮਸਲਾ ਨਹੀਂ ਤਾਂ ਹੋਰ ਕੀ ਹੈ। 

ਇਹ ਖ਼ਬਰ ਵੀ ਪੜ੍ਹੋ - ਭਾਨਾ ਸਿੱਧੂ 'ਤੇ ਹੋਇਆ ਇਕ ਹੋਰ ਪਰਚਾ, ਅਬੋਹਰ ਥਾਣੇ 'ਚ ਦਰਜ ਹੋਈ FIR (ਵੀਡੀਓ)

ਪਾਰਟੀ ਹਾਈਕਮਾਨ ਕੋਲ ਰੱਖਾਂਗਾ ਸਾਰੀਆਂ ਗੱਲਾਂ: ਡੀਪੀ

ਮੇਰੇ ਕੋਲ ਬਹੁਤ ਗੱਲਾਂ ਨੇ ਪਰ ਮੈਂ ਉਹ ਜਨਤਕ ਨਹੀਂ ਕਰਨਾ ਚਾਹੁੰਦਾ, ਮੈਂ ਸਭ ਕੁਝ ਹਾਈਕਮਾਨ ਨੂੰ ਦੱਸਾਂਗਾ। ਉਨ੍ਹਾਂ ਕਿਹਾ ਕਿ ਕਾਂਗਰਸ ਲੋਕਤੰਤਰਿਕ ਪਾਰਟੀ ਹੈ, ਇਸ ਤੋਂ ਉੱਪਰ ਬਹੁਤ ਅਹੁਦੇਦਾਰ ਬੈਠੇ ਹਨ, ਮੈਂ ਉਨ੍ਹਾਂ ਦੇ ਨੋਟਿਸ ਵਿਚ ਤਮਾਮ ਗੱਲਾਂ ਲਿਆਵਾਂਗਾ। ਕਾਂਗਰਸ ਕਿਸੇ ਇਕ ਵਿਅਕਤੀ ਵਿਸ਼ੇਸ਼ ਦੀ ਪਾਰਟੀ ਨਹੀਂ, ਕਾਂਗਰਸ ਇੱਕੋ ਜਿਹੀ ਵਿਚਾਰਧਾਰਾ ਰੱਖਣ ਵਾਲੇ ਲੋਕਾਂ ਦਾ ਸਮੂਹ ਹੈ ਤੇ ਮੈਂ ਕਾਂਗਰਸ ਦੀ ਚੜ੍ਹਦੀ ਕਲਾ ਲਈ ਕੰਮ ਕਰਦਾ ਰਿਹਾ ਹਾਂ। ਇਹ ਮੈਨੂੰ ਕਾਂਗਰਸ ਵਿਚੋਂ ਕੱਢ ਸਕਦੇ ਹਨ ਪਰ ਮੇਰੇ ਅੰਦਰੋਂ ਕਾਂਗਰਸ ਨਹੀਂ ਕੱਢ ਸਕਦੇ। 

ਇਹ 'ਵਨ ਮੈਨ ਸ਼ੋਅ' ਹੈ: ਮਹੇਸ਼ ਇੰਦਰ ਸਿੰਘ 

ਦੂਜੇ ਪਾਸੇ ਮਹੇਸ਼ ਇੰਦਰ ਸਿੰਘ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਬਠਿੰਡਾ ਵਿਚ 2 ਰੈਲੀਆਂ ਕੀਤੀਆਂ। ਤੀਜੀ ਰੈਲੀ ਹੁਸ਼ਿਆਰਪੁਰ ਵਿਚ ਕੀਤੀ। ਮੋਗਾ ਰੈਲੀ ਦਾ ਐਲਾਨ ਵੀ ਅਸੀਂ ਨਹੀਂ ਸਗੋਂ ਨਵਜੋਤ ਸਿੰਘ ਸਿੱਧੂ ਨੇ ਕੀਤਾ ਸੀ। ਉਨ੍ਹਾਂ ਨੇ ਸਾਨੂੰ ਪਿਓ-ਪੁੱਤ ਨੂੰ ਕਿਹਾ ਕਿ ਤੁਸੀਂ ਇਸ ਰੈਲੀ ਦਾ ਪ੍ਰਬੰਧ ਕਰਨਾ ਹੈ। ਅਸੀਂ ਆਪਣੇ ਸਤਿਕਾਰਯੋਗ ਸਾਬਕਾ ਪ੍ਰਧਾਨ ਦਾ ਹੁਕਮ ਮੰਨ ਕੇ ਰੈਲੀ ਦਾ ਪ੍ਰਬੰਧ ਕੀਤਾ। ਉਨ੍ਹਾਂ ਸਵਾਲ ਕੀਤਾ ਕਿ ਤੁਸੀਂ ਸਾਨੂੰ ਤਾਂ ਮੁਅੱਤਲ ਕਰ ਦਿੱਤਾ ਪਰ ਨਵਜੋਤ ਸਿੰਘ ਸਿੱਧੂ ਤੇ ਲਾਲ ਸਿੰਘ ਖ਼ਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਹੋਈ। ਰਾਜਾ ਵੜਿੰਗ ਬਤੌਰ ਪ੍ਰਧਾਨ ਸਿੱਧੂ ਦੀਆਂ ਰੈਲੀਆਂ ਨੂੰ ਰੋਕ ਦੇਣ। ਨਵਜੋਤ ਸਿੰਘ ਸਿੱਧੂ ਵੱਲੋਂ ਤਾਂ 1 ਫ਼ਰਵਰੀ ਨੂੰ ਬਾਘਾਪੁਰਾਣਾ ਵਿਚ ਇਕ ਹੋਰ ਰੈਲੀ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - 'ਆਪ' ਨੇ ਖਿੱਚੀ ਲੋਕਸਭਾ ਚੋਣਾਂ ਦੀ ਤਿਆਰੀ, ਪੰਜਾਬ 'ਚ ਵੱਡੇ ਪੱਧਰ 'ਤੇ ਕੀਤੀ ਅਹੁਦੇਦਾਰਾਂ ਦੀ ਨਿਯੁਕਤੀ, ਪੜ੍ਹੋ List

ਮੋਗਾ ਰੈਲੀ ਨੂੰ ਸਫ਼ਲ ਦੱਸਦਿਆਂ ਮਹੇਸ਼ ਇੰਦਰ ਸਿੰਘ ਨੇ ਕਿਹਾ ਕਿ ਇਹ ਆਪ ਇੰਨਾ ਇਕੱਠ ਕਰ ਕੇ ਦਿਖਾ ਦੇਣ। ਸਾਨੂੰ ਸ਼ਾਬਾਸ਼ੀ ਦੇਣ ਦੀ ਬਜਾਏ ਸਜ਼ਾ ਦੇ ਰਹੇ ਹਨ। ਉਨ੍ਹਾਂ ਮਾਲਵਿਕਾ ਸੂਦ ਬਾਰੇ ਬੋਲਦਿਆਂ ਕਿਹਾ ਕਿ ਇਹ ਗੱਲ ਇਨ੍ਹਾਂ ਨੂੰ 2 ਸਾਲ ਬਾਅਦ ਕਿਉਂ ਯਾਦ ਆਈ। ਸਾਰੇ ਮਾਲਵੇ 'ਚੋਂ ਕਾਂਗਰਸ ਸਿਰਫ਼ ਤਿੰਨ ਸੀਟਾਂ ਜਿੱਤੀ। ਜਿਹੜੀਆਂ 64 ਸੀਟਾਂ ਕਾਂਗਰਸ ਹਾਰੀ ਉਹ ਕਿਸਨੇ ਹਰਾਈਆਂ। ਮਾਲਵਿਕਾ ਸੂਦ ਤਾਂ ਆਪਣੇ ਵਾਰਡ ਵਿਚੋਂ ਵੀ ਹਾਰ ਗਈ ਸੀ। ਉਨ੍ਹਾਂ ਨੇ ਵੀ ਅਨੁਸ਼ਾਸਨੀ ਕਮੇਟੀ ਬਣਾਏ ਜਾਣ ਦੀ ਵਕਾਲਤ ਕਰਦਿਆਂ ਕਿਹਾ ਕਿ ਮੈਂ ਅਪੀਲ ਕੀਤੀ ਸੀ ਕਿ ਸਾਨੂੰ ਬੁਲਾ ਕੇ ਸਾਡਾ ਪੱਖ ਵੀ ਸੁਣਿਆ ਜਾਵੇ, ਪਰ ਸਾਨੂੰ ਸੁਣਿਆ ਹੀ ਨਹੀਂ ਗਿਆ। ਕੋਈ ਅਨੁਸ਼ਾਸਨੀ ਕਮੇਟੀ ਨਹੀਂ ਬਣੀ, ਇਹ 'ਵਨ ਮੈਨ ਸ਼ੋਅ' ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News