ਰਾਜਾ ਵੜਿੰਗ ਨਾਲ ਬੇਰੀ ਵੈਸਟ ਹਲਕੇ ’ਚ ਕਰਦੇ ਰਹੇ ਡੈਮੇਜ ਕੰਟਰੋਲ, ਸੁਸ਼ੀਲ ਰਿੰਕੂ ਲਾ ਗਏ ਸੈਂਟਰਲ ਹਲਕੇ ’ਚ ਸੰਨ੍ਹ

Tuesday, Apr 11, 2023 - 04:20 PM (IST)

ਰਾਜਾ ਵੜਿੰਗ ਨਾਲ ਬੇਰੀ ਵੈਸਟ ਹਲਕੇ ’ਚ ਕਰਦੇ ਰਹੇ ਡੈਮੇਜ ਕੰਟਰੋਲ, ਸੁਸ਼ੀਲ ਰਿੰਕੂ ਲਾ ਗਏ ਸੈਂਟਰਲ ਹਲਕੇ ’ਚ ਸੰਨ੍ਹ

ਜਲੰਧਰ  (ਚੋਪੜਾ) : ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਜਿਸ ਤਰ੍ਹਾਂ ਨਾਲ ਸਿਆਸੀ ਚਿਹਰਿਆਂ ’ਚ ਦਲ ਬਦਲਣ ਦੀ ਹੋੜ ਲੱਗੀ ਹੋਈ ਹੈ, ਉਸ ਨਾਲ ਜਨਤਾ ਵਿਚਕਾਰ ਜ਼ਿਮਨੀ ਚੋਣ ਨੂੰ ਲੈ ਕੇ ਸਥਿਤੀ ਰੌਚਕ ਬਣ ਰਹੀ ਹੈ ਅਤੇ ਰੋਜ਼ਾਨਾ ਚੱਲ ਰਹੀ ਚੁੱਕ-ਥੱਲ ਦਾ ਆਮ ਲੋਕ ਖੂਬ ਚਟਖਾਰੇ ਲੈ ਕੇ ਮਜ਼ਾ ਲੈ ਰਹੇ ਹਨ। ਇਸੇ ਕੜੀ ਅਧੀਨ ਪਿਛਲੇ 2 ਦਿਨਾਂ ਤੋਂ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਰਾਜਿੰਦਰ ਬੇਰੀ, ਜਿਹੜੇ ਕਿ ਸੂਬਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨਾਲ ਵੈਸਟ ਵਿਧਾਨ ਸਭਾ ਹਲਕੇ ਵਿਚ ਡੈਮੇਜ ਕੰਟਰੋਲ ਕਰਨ ਲਈ ਗਲੀ-ਗਲੀ ਘੁੰਮ ਕੇ ਸਾਬਕਾ ਕੌਂਸਲਰਾਂ, ਕਾਂਗਰਸੀ ਆਗੂਆਂ ਨਾਲ ਮੁਲਾਕਾਤ ਕਰਨ ਵਿਚ ਜੁਟੇ ਰਹੇ। ਉਥੇ ਹੀ ਹਲਕੇ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਰਹੇ ਅਤੇ ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਸਿਆਸੀ ਸੂਝ-ਬੂਝ ਦਿਖਾਉਂਦਿਆਂ ਰਾਜਿੰਦਰ ਬੇਰੀ ਨਾਲ ਸਬੰਧਤ ਸੈਂਟਰਲ ਵਿਧਾਨ ਸਭਾ ਹਲਕੇ ਵਿਚ ਸੰਨ੍ਹ ਲਾ ਕੇ ਕਾਂਗਰਸ ਦੇ 2 ਸਾਬਕਾ ਕੌਂਸਲਰਾਂ ਨੂੰ ਆਪਣੇ ਖੇਮੇ ’ਚ ਜੋੜਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹਾਜ਼ਰੀ ਵਿਚ ‘ਆਪ’ ’ਚ ਸ਼ਾਮਲ ਕਰਵਾ ਲਿਆ।

ਇਹ ਵੀ ਪੜ੍ਹੋ :  ਵਿੱਤ ਮੰਤਰੀ ਚੀਮਾ ਵਲੋਂ ਅੰਕੜਿਆਂ ’ਤੇ ਆਧਾਰਤ ਕਿਤਾਬ ‘ਪੰਜਾਬ ਸਟੇਟ ਐਟ ਏ ਗਲਾਂਸ 2022’ ਜਾਰੀ

ਸੁਸ਼ੀਲ ਰਿੰਕੂ ਨੇ ਸੈਂਟਰਲ ਵਿਧਾਨ ਸਭਾ ਹਲਕੇ ਤੋਂ ਸਬੰਧਤ ਸਾਬਕਾ ਕੌਂਸਲਰ ਰਾਧਿਕਾ ਪਾਠਕ, ਉਨ੍ਹਾਂ ਦੇ ਸਪੁੱਤਰ ਕਰਣ ਪਾਠਕ, ਸਾਬਕਾ ਕੌਂਸਲਰ ਬੱਬੀ ਚੱਢਾ ਨੂੰ ‘ਆਪ’ ਵਿਚ ਜੁਆਇਨ ਕਰਵਾਇਆ, ਹਾਲਾਂਕਿ ਸੁਸ਼ੀਲ ਰਿੰਕੂ ਨੇ ਘੱਟ ਗਿਣਤੀ ਸੈੱਲ ਪੰਜਾਬ ਦੇ ਮੈਂਬਰ ਨਾਸਿਰ ਸਲਮਾਨੀ, ਭਾਜਪਾ ਆਗੂ ਮੇਜਰ ਸਿੰਘ, ਕਾਂਗਰਸੀ ਆਗੂ ਹਰਜਿੰਦਰ ਸਿੰਘ ਲਾਡਾ, ਰਾਜੇਸ਼ ਅਗਨੀਹੋਤਰੀ ਭੋਲਾ ਸਮੇਤ ਕਈ ਸਾਬਕਾ ਕੌਂਸਲਰਾਂ ਨੂੰ ਆਮ ਆਦਮੀ ਪਾਰਟੀ ਵਿਚ ਲਿਆਉਣ ਵਿਚ ਸਫਲਤਾ ਹਾਸਲ ਕੀਤੀ ਹੈ ਪਰ ਰਾਜਿੰਦਰ ਬੇਰੀ ਦੇ ਖੇਮੇ ’ਚ ਸੰਨ੍ਹ ਲਾ ਕੇ ਉਨ੍ਹਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਸਿਰਫ ਵੈਸਟ ਹਲਕੇ ਵਿਚ ਹੀ ਨਹੀਂ, ਸਗੋਂ ਜਲੰਧਰ ਸੰਸਦੀ ਹਲਕੇ ਦੇ ਹੋਰਨਾਂ ਹਲਕਿਆਂ ਵਿਚ ਵੀ ਆਪਣੀ ਖਾਸੀ ਪੈਠ ਰੱਖਦੇ ਹਨ। ਉਥੇ ਹੀ, ਜ਼ਿਲ੍ਹਾ ਕਾਂਗਰਸ ਪ੍ਰਧਾਨ ਦੇ ਖੁਦ ਦੇ ਹਲਕੇ ਵਿਚ ਸਾਬਕਾ ਕੌਂਸਲਰਾਂ ਦੀ ਕਾਂਗਰਸ ਤੋਂ ਨਾਰਾਜ਼ਗੀ ਪਾਰਟੀ ਲਈ ਖਤਰਨਾਕ ਸਾਬਿਤ ਹੋ ਸਕਦੀ ਹੈ। ਸੂਤਰਾਂ ਦੀ ਮੰਨੀਏ ਤਾਂ ਸੁਸ਼ੀਲ ਰਿੰਕੂ ਦੇ ਸਮਰਥਨ ਵਿਚ ਕਾਂਗਰਸ, ਭਾਜਪਾ ਸਮੇਤ ਹੋਰਨਾਂ ਸਿਆਸੀ ਪਾਰਟੀਆਂ ਦੇ ਕਈ ਵੱਡੇ ਆਗੂ ਆਉਣ ਵਾਲੇ ਦਿਨਾਂ ’ਚ ਆਪਣੀਆਂ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਕਈ ਵੱਡੇ ਧਮਾਕੇ ਕਰਨੇ ਜਾਰੀ ਰੱਖਣਗੇ। ਦੂਜੇ ਪਾਸੇ ਅੱਜ ਵੀ ਰਾਜਾ ਵੜਿੰਗ ਵੈਸਟ ਹਲਕੇ ਦੇ ਕਈ ਸਾਬਕਾ ਕੌਂਸਲਰਾਂ ਦੇ ਘਰਾਂ ’ਚ ਗਏ ਅਤੇ ਉਥੇ ਵਰਕਰਾਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਦੀ ਜਿੱਤ ਦਾ ਰਾਹ ਮਜ਼ਬੂਤ ਕਰਨ ਲਈ ਜੁਟ ਜਾਣ ਦਾ ਸੱਦਾ ਦਿੱਤਾ।

ਇਹ ਵੀ ਪੜ੍ਹੋ :  ਆਜ਼ਾਦ ਦੀ ਆਤਮਕਥਾ ’ਤੇ ਕਸ਼ਮੀਰ ’ਚ ਸਿਆਸੀ ਹੰਗਾਮਾ, ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੇ ਦੋਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Anuradha

Content Editor

Related News