ਕੌਂਸਲਰ ਤੋਂ ਸਿਆਸੀ ਕਰੀਅਰ ਸ਼ੁਰੂ ਕਰਕੇ ਸੰਸਦ ਤਕ ਪਹੁੰਚੇ ਸੁਸ਼ੀਲ ਕੁਮਾਰ ਰਿੰਕੂ, ਪਿਤਾ ਤੋਂ ਮਿਲੀ ਸੀ ਸਿਆਸੀ ਗੁੜਤੀ
Friday, Jul 21, 2023 - 04:10 PM (IST)
ਜਲੰਧਰ (ਧਵਨ)– ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਵੀਰਵਾਰ ਰਸਮੀ ਤੌਰ ’ਤੇ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕ ਲਈ ਹੈ। ਉਨ੍ਹਾਂ ਆਪਣਾ ਸਿਆਸੀ ਕਰੀਅਰ 2006 ਵਿਚ ਕੌਂਸਲਰ ਅਹੁਦੇ ਲਈ ਜ਼ਿਮਨੀ ਚੋਣ ਤੋਂ ਸ਼ੁਰੂ ਕੀਤਾ ਸੀ। 2006 ਵਿਚ ਰਿੰਕੂ ਦੇ ਪਿਤਾ ਸਵ. ਰਾਮ ਲਾਲ ਦਾ ਦਿਹਾਂਤ ਹੋ ਗਿਆ ਸੀ। ਸਵ. ਰਾਮ ਲਾਲ ਵੀ 2 ਵਾਰ ਕੌਂਸਲਰ ਰਹੇ ਅਤੇ ਜਨਤਾ ਨਾਲ ਉਹ ਵੀ ਕਾਫ਼ੀ ਘੁਲੇ-ਮਿਲੇ ਰਹਿੰਦੇ ਸਨ।
ਸਵ. ਰਾਮ ਲਾਲ 1997 ਵਿਚ ਪਹਿਲੀ ਵਾਰ 2002 ਵਿਚ ਦੂਜੀ ਵਾਰ ਕੌਂਸਲਰ ਚੁਣੇ ਗਏ ਸਨ। ਉਹ ਆਪਣਾ ਦੂਜਾ ਕਾਰਜਕਾਲ ਪੂਰਾ ਨਹੀਂ ਕਰ ਸਕੇ ਸਨ, ਜਿਹੜਾ 2007 ਵਿਚ ਸਮਾਪਤ ਹੋਣਾ ਸੀ ਕਿਉਂਕਿ 2006 ਵਿਚ ਹੀ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। ਸਵ. ਰਾਮ ਲਾਲ ਦੇ ਦਿਹਾਂਤ ਤੋਂ ਬਾਅਦ ਕੌਂਸਲਰ ਅਹੁਦੇ ਲਈ ਜ਼ਿਮਨੀ ਚੋਣ ਕਰਵਾਈ ਗਈ। ਇਸ ਵਿਚ ਕਾਂਗਰਸ ਨੇ ਸੁਸ਼ੀਲ ਰਿੰਕੂ ਨੂੰ ਟਿਕਟ ਦਿੱਤੀ ਸੀ, ਜਿਸ ਵਿਚ ਉਹ ਜੇਤੂ ਰਹੇ।
ਇਹ ਵੀ ਪੜ੍ਹੋ- ਪੰਜਾਬ 'ਚ ਪਏ ਭਾਰੀ ਮੀਂਹ ਦੇ ਚੱਲਦਿਆਂ ਕਿਸਾਨਾਂ ਨੂੰ ਇਹ ਵੱਡੀ ਰਾਹਤ ਦੇ ਸਕਦੀ ਹੈ ਮਾਨ ਸਰਕਾਰ
2007 ਵਿਚ ਕੌਂਸਲਰ ਅਹੁਦੇ ਦੀ ਚੋਣ ਵਿਚ ਸੁਸ਼ੀਲ ਰਿੰਕੂ ਦਾ ਵਾਰਡ ਮਹਿਲਾ ਰਿਜ਼ਰਵਡ ਹੋ ਗਿਆ ਸੀ ਅਤੇ ਉਨ੍ਹਾਂ ਆਪਣੀ ਪਤਨੀ ਸੁਨੀਤਾ ਰਿੰਕੂ ਨੂੰ ਇਸ ਅਹੁਦੇ ’ਤੇ ਚੋਣ ਲੜਾਈ, ਜਿਸ ਵਿਚ ਉਹ ਜੇਤੂ ਰਹੇ। 2007 ਵਿਚ ਭਾਵੇਂ ਸੂਬੇ ਵਿਚ ਅਕਾਲੀ ਸਰਕਾਰ ਸੀ ਪਰ ਇਸ ਦੇ ਬਾਵਜੂਦ ਰਿੰਕੂ ਆਪਣੇ ਵਾਰਡ ਤੋਂ ਆਪਣੀ ਪਤਨੀ ਨੂੰ ਜਿਤਾਉਣ ਵਿਚ ਸਫ਼ਲ ਰਹੇ। 2012 ਵਿਚ ਰਿੰਕੂ ਦਾ ਵਾਰਡ ਮਹਿਲਾ ਤੋਂ ਬਦਲ ਕੇ ਜਨਰਲ (ਦਲਿਤ) ਹੋ ਗਿਆ, ਜਿਸ ਵਿਚ ਰਿੰਕੂ ਦੋਬਾਰਾ ਚੋਣ ਮੈਦਾਨ ਵਿਚ ਉਤਰੇ ਅਤੇ ਜੇਤੂ ਰਹੇ। 2012 ਵਿਚ ਦੋਬਾਰਾ ਅਕਾਲੀ ਸਰਕਾਰ ਸੱਤਾ ਵਿਚ ਆ ਗਈ ਸੀ। ਇਸ ਦੇ ਬਾਵਜੂਦ ਰਿੰਕੂ ਦੀ ਪਕੜ ਜਨਤਾ ਵਿਚ ਬਣੀ ਹੋਈ ਸੀ।
ਉਨ੍ਹਾਂ ਦੀ ਪਕੜ ਨੂੰ ਦੇਖਦਿਆਂ ਕਾਂਗਰਸ ਨੇ 2017 ਦੀਆਂ ਵਿਧਾਨ ਸਭਾ ਵਿਚ ਰਿੰਕੂ ਨੂੰ ਐੱਮ. ਐੱਲ. ਏ. ਦੀ ਟਿਕਟ ਦਿੱਤੀ, ਜਿਸ ਵਿਚ ਉਹ ਭਾਜਪਾ ਉਮੀਦਾਵਰ ਮਹਿੰਦਰ ਭਗਤ ਨੂੰ 17600 ਵੋਟਾਂ ਦੇ ਫਰਕ ਨਾਲ ਹਰਾਉਣ ਵਿਚ ਸਫਲ ਹੋਏ ਪਰ 2022 ਵਿਚ ਉਹ ਲਗਭਗ 4000 ਦੇ ਵੋਟਾਂ ਦੇ ਅੰਤਰ ਨਾਲ ਹਾਰ ਗਏ। 2023 ਵਿਚ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਲੋਕ ਸਭਾ ਦੀ ਜ਼ਿਮਨੀ ਚੋਣ ਜਿੱਤਣ ਵਾਲੇ ਸੁਸ਼ੀਲ ਰਿੰਕੂ ਆਖਿਰ ਦੇਸ਼ ਦੇ ਸਰਵਉੱਚ ਸਦਨ ਲੋਕ ਸਭਾ ਵਿਚ ਪਹੁੰਚਣ ਵਿਚ ਕਾਮਯਾਬ ਹੋਏ। ਦਿਲਚਸਪ ਗੱਲ ਇਹ ਹੈ ਕਿ ਸੁਸ਼ੀਲ ਰਿੰਕੂ ਨੇ 2006 ਵਿਚ ਜ਼ਿਮਨੀ ਚੋਣ ਤੋਂ ਹੀ ਕੌਂਸਲਰ ਅਹੁਦੇ ਦੀ ਚੋਣ ਲੜ ਕੇ ਸਿਆਸੀ ਕਰੀਅਰ ਸ਼ੁਰੂ ਕੀਤਾ ਅਤੇ ਹੁਣ ਵੀ ਜਲੰਧਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਜਿੱਤ ਕੇ ਉਹ ਸੰਸਦ ਵਿਚ ਪਹੁੰਚੇ ਹਨ। ਸੁਸ਼ੀਲ ਰਿੰਕੂ ਨੇ ਕਿਹਾ ਕਿ ਸਿਆਸਤ ਦੀ ਗੁੜਤੀ ਉਨ੍ਹਾਂ ਨੂੰ ਵਿਰਾਸਤ ਵਿਚ ਉਨ੍ਹਾਂ ਦੇ ਪਿਤਾ ਜੀ ਤੋਂ ਹਾਸਲ ਹੋਈ ਸੀ ਅਤੇ ਪਿਤਾ ਨੇ ਉਨ੍ਹਾਂ ਨੂੰ ਜਿਹੜਾ ਜਨਤਾ ਦੀ ਸੇਵਾ ਕਰਨ ਦਾ ਰਾਹ ਵਿਖਾਇਆ ਸੀ, ਉਸ ’ਤੇ ਉਹ ਅਮਲ ਕਰਦੇ ਰਹਿਣਗੇ।
ਇਹ ਵੀ ਪੜ੍ਹੋ- ਸੁਲਤਾਨਪੁਰ ਲੋਧੀ ਵਿਖੇ ਚਾਚੇ ਦੀ ਪ੍ਰੇਮਿਕਾ ਵੱਲੋਂ ਬੱਚੇ ਨੂੰ ਕਤਲ ਕਰਨ ਦੇ ਮਾਮਲੇ 'ਚ ਸਾਹਮਣੇ ਆਈ ਇਹ ਗੱਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ