ਦੇਸ਼ ਦੀ ਸਿਆਸਤ ਕਰਵਟ ਲੈਣ ਲੱਗੀ, ਮੋਦੀ ਦਾ ਮੁਕਾਬਲਾ ਕਰਨ ’ਚ ਸਿਰਫ਼ ਕੇਜਰੀਵਾਲ ਸਮਰੱਥ: ਸੁਸ਼ੀਲ ਕੁਮਾਰ ਰਿੰਕੂ
Sunday, Apr 16, 2023 - 11:04 AM (IST)
ਜਲੰਧਰ (ਧਵਨ)–ਜਲੰਧਰ ਲੋਕ ਸਭਾ ਸੀਟ ਲਈ ਚੋਣ ਕਮਿਸ਼ਨ ਵੱਲੋਂ 10 ਮਈ ਨੂੰ ਪੋਲਿੰਗ ਕਰਵਾਈ ਜਾ ਰਹੀ ਹੈ, ਜਿਸ ਦੇ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੇ ਜਲੰਧਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਵਿਚ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਰਿੰਕੂ ਜ਼ਮੀਨੀ ਪੱਧਰ ਦੇ ਨੇਤਾ ਹਨ। ਉਨ੍ਹਾਂ ਜ਼ਮੀਨੀ ਪੱਧਰ ਤੋਂ ਹੀ ਆਪਣਾ ਸਿਆਸੀ ਕਰੀਅਰ ਸ਼ੁਰੂ ਕੀਤਾ ਸੀ। ਰਿੰਕੂ ਸਭ ਤੋਂ ਪਹਿਲਾਂ 2017 ’ਚ ਕਾਂਗਰਸ ਦੀ ਟਿਕਟ ਤੋਂ ਜਲੰਧਰ ਵੈਸਟ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ ਪਰ ਉਹ ਵਿਧਾਨ ਸਭਾ ਦੀ ਚੋਣ ਜਿੱਤ ਨਹੀਂ ਸਕੇ ਸਨ। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਿੰਕੂ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕੀਤਾ ਅਤੇ ਉਨ੍ਹਾਂ ਨੂੰ ਜਲੰਧਰ ਸੀਟ ਤੋਂ ਆਪਣੀ ਪਾਰਟੀ ਦਾ ਚਿਹਰਾ ਐਲਾਨਿਆ ਸੀ। ‘ਜਗ ਬਾਣੀ’ ਨੇ ਸੁਸ਼ੀਲ ਰਿੰਕੂ ਨਾਲ ਕਈ ਭੱਖਦੇ ਮਸਲਿਆਂ ’ਤੇ ਚਰਚਾ ਕੀਤੀ, ਜਿਸ ਦੇ ਪ੍ਰਮੁੱਖ ਅੰਸ਼ ਇਸ ਤਰ੍ਹਾਂ ਹਨ–
ਸਵਾਲ : ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਦਾ ਅਚਾਨਕ ਫ਼ੈਸਲਾ ਕਿਉਂ ਲਿਆ?
ਜਵਾਬ : ਮੈਂ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪਾਰਟੀ ਸੰਗਠਨ ਦੇ ਸੀਨੀਅਰ ਨੇਤਾ ਸੰਦੀਪ ਪਾਠਕ ਨਾਲ ਮੁਲਾਕਾਤ ਕੀਤੀ ਤਾਂ ਮੈਨੂੰ ਲੱਗਾ ਕਿ ਉਨ੍ਹਾਂ ਵਿਚ ਦੇਸ਼ ਦੀ ਸਿਆਸਤ ’ਚ ਤਬਦੀਲੀ ਲਿਆਉਣ ਦਾ ਵਿਜ਼ਨ ਹੈ। ਇਸੇ ਤਰ੍ਹਾਂ ਜਦੋਂ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਿਆਂ ਤਾਂ ਮੈਂ ਉਨ੍ਹਾਂ ਦੀ ਸਾਫ਼-ਸੁਥਰੀ ਸਿਆਸਤ ਤੋਂ ਕਾਫ਼ੀ ਪ੍ਰਭਾਵਿਤ ਹੋਇਆ। ਮੇਰਾ ਦਿਲ ਕਹਿਣ ਲੱਗਾ ਕਿ ਕਾਂਗਰਸ ਨੂੰ ਅਲਵਿਦਾ ਕਹਿਣ ਦਾ ਸਮਾਂ ਆ ਗਿਆ ਹੈ ਅਤੇ ‘ਆਪ’ ਹੀ ਪੰਜਾਬ ਅਤੇ ਦੇਸ਼ ਦੀ ਸਿਆਸਤ ਨੂੰ ਬਦਲ ਸਕਦੀ ਹੈ।
ਸਵਾਲ : ਕੀ ਤੁਹਾਨੂੰ ਕਾਂਗਰਸ ਦੀ ਸੋਚ ਹੁਣ ਚੰਗੀ ਨਹੀਂ ਲੱਗੀ ਸੀ?
ਜਵਾਬ : ਕਾਂਗਰਸ ’ਚ ਮੰਦੇ ਭਾਗੀਂ ਹੁਣ ਅਜਿਹਾ ਸਮਾਂ ਆ ਚੁੱਕਾ ਹੈ, ਜਿਸ ਵਿਚ ਜਦੋਂ ਕੋਈ ਨੇਤਾ ਸਥਾਪਤ ਹੋ ਜਾਂਦਾ ਹੈ ਤਾਂ ਉਹ ਆਪਣੇ ਤਰੀਕਿਆਂ ਨਾਲ ਪਾਰਟੀ ਨੂੰ ਚਲਾਉਣਾ ਚਾਹੁੰਦਾ ਹੈ। ਅਜਿਹੇ ਨੇਤਾ ਕਿਸੇ ਵੀ ਹੋਰ ਨੇਤਾ ਨੂੰ ਅੱਗੇ ਵਧਣ ਨਹੀਂ ਦੇਣਾ ਚਾਹੁੰਦੇ ਅਤੇ ਕਾਂਗਰਸ ’ਚ ਇਸੇ ਸੋਚ ਕਾਰਨ ਇਸ ਦਾ ਗ੍ਰਾਫ਼ ਦਿਨੋ-ਦਿਨ ਹੇਠਾਂ ਡਿੱਗ ਰਿਹਾ ਹੈ।
ਇਹ ਵੀ ਪੜ੍ਹੋ : ਬਾਬੇ ਵਾਲੇ ਚੋਲੇ 'ਚ ਕਰਦਾ ਸੀ ਕਾਲਾ ਧੰਦਾ, ਜਦੋਂ ਚੜ੍ਹਿਆ ਪੁਲਸ ਹੱਥੇ ਤਾਂ ਖੁੱਲ੍ਹ ਗਏ ਸਾਰੇ ਭੇਤ
ਸਵਾਲ : ਵਿਧਾਇਕ ਸ਼ੀਤਲ ਅੰਗੁਰਾਲ ਨਾਲ ਤੁਹਾਡੀ ਕਾਫ਼ੀ ਤਲਖੀ ਆ ਰਹੀ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਜਵਾਬ : ਸ਼ੀਤਲ ਅੰਗੁਰਾਲ ਨਾਲ ਕਦੇ ਵੀ ਨਿੱਜੀ ਤਲਖੀ ਨਹੀਂ ਰਹੀ। ਜਿੱਥੋਂ ਤਕ ਮੇਰੀ ਸੋਚ ਹੈ ਤਾਂ ਮੈਂ ਕਦੇ ਵੀ ਅਜਿਹਾ ਕੋਈ ਬਿਆਨ ਸ਼ੀਤਲ ਖ਼ਿਲਾਫ਼ ਨਹੀਂ ਦਿੱਤਾ ਅਤੇ ਜਿੱਥੋਂ ਤਕ ਮੇਰੀ ਸਮਝ ਹੈ ਸ਼ੀਤਲ ਨੇ ਵੀ ਕਦੇ ਮੇਰੇ ਖ਼ਿਲਾਫ਼ ਤਲਖੀ ਵਾਲਾ ਬਿਆਨ ਨਹੀਂ ਦਿੱਤਾ।
ਸਵਾਲ : ਕੀ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਅਤੇ ਰਮਨ ਅਰੋੜਾ ਤੋਂ ਤੁਹਾਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ?
ਜਵਾਬ : ਅਸਲ ’ਚ ਮੈਨੂੰ ਆਮ ਆਦਮੀ ਪਾਰਟੀ ’ਚ ਲਿਆਉਣ ਦਾ ਸਿਹਰਾ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਜਾਂਦਾ ਹੈ। ਇਹ ਚੋਣ ਮੇਰੀ ਨਿੱਜੀ ਚੋਣ ਨਹੀਂ ਹੈ, ਸਗੋਂ ਪੂਰੀ ਪਾਰਟੀ ਦੀ ਹੈ ਅਤੇ ਮੈਨੂੰ ਦੋਵਾਂ ਵਿਧਾਇਕਾਂ ਤੋਂ ਪੂਰਾ ਸਹਿਯੋਗ ਮਿਲ ਰਿਹਾ ਹੈ। ਸੰਗਰੂਰ ’ਚ ਜਦੋਂ ਉਪ-ਚੋਣ ਹੋਈ ਸੀ ਤਾਂ ਉਸ ਵੇਲੇ ਪਾਰਟੀ ਨੇ ਇਸ ਨੂੰ ਹਲਕੇ ਢੰਗ ਨਾਲ ਲਿਆ ਸੀ ਅਤੇ ਉਸ ਤੋਂ ਬਾਅਦ ਚੋਣ ਨਤੀਜਾ ਸਾਡੇ ਖਿਲਾਫ ਚਲਾ ਗਿਆ ਸੀ, ਜਿਸ ਤੋਂ ਬਾਅਦ ਪਾਰਟੀ ਨੇ ਕਾਫੀ ਕੁਝ ਸਿੱਖਿਆ ਅਤੇ ਇਸ ਵਾਰ ਪਾਰਟੀ ਪੂਰੀ ਮਿਹਨਤ ਤੇ ਗੰਭੀਰਤਾ ਨਾਲ ਚੋਣ ਲੜ ਰਹੀ ਹੈ ਕਿਉਂਕਿ ਇਸ ਚੋਣ ਦੇ ਨਤੀਜੇ 2024 ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਪ੍ਰਭਾਵਿਤ ਕਰਨਗੇ। ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੋਵੇਂ ਹਰ ਹਾਲਤ ’ਚ ਇਸ ਉਪ-ਚੋਣ ਨੂੰ ਜਿੱਤ ਕੇ 2024 ਦੀਆਂ ਲੋਕ ਸਭਾ ਚੋਣਾਂ ਦੇ ਦੰਗਲ ਵਿਚ ਸ਼ਾਮਲ ਹੋਣਗੇ।
ਸਵਾਲ : ਕੀ ਵਿਧਾਇਕ ਸ਼ੀਤਲ ਅੰਗੁਰਾਲ ਦਾ ਕੋਈ ਦਬਾਅ ਤਾਂ ਤੁਹਾਡੇ ’ਤੇ ਕੰਮ ਨਹੀਂ ਕੀਤਾ, ਜਿਸ ਕਾਰਨ ਤੁਸੀਂ ਕਾਂਗਰਸ ਨੂੰ ਅਲਵਿਦਾ ਕਿਹਾ ਅਤੇ ‘ਆਪ’ ਵਿਚ ਸ਼ਾਮਲ ਹੋਏ?
ਜਵਾਬ : ਅਜਿਹੀ ਕੋਈ ਗੱਲ ਨਹੀਂ। ਅਜਿਹੀਆਂ ਅਫਵਾਹਾਂ ਸਿਰਫ਼ ਕਾਂਗਰਸ ਦੇ ਕੁਝ ਨੇਤਾਵਾਂ ਵੱਲੋਂ ਫੈਲਾਈਆਂ ਜਾ ਰਹੀਆਂ ਹਨ ਕਿ ਸੁਸ਼ੀਲ ਰਿੰਕੂ ਸ਼ੀਤਲ ਦੇ ਦਬਾਅ ਕਾਰਨ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਿਆ ਹੈ, ਜਦੋਂਕਿ ਸੱਚਾਈ ਇਹ ਹੈ ਕਿ ਮੈਂ ਆਪਣੀ ਇੱਛਾ ਤੇ ਕੌਮੀ ਹਿੱਤਾਂ ਨੂੰ ਵੇਖਦਿਆਂ ‘ਆਪ’ ਵਿਚ ਸ਼ਾਮਲ ਹੋਇਆ ਹਾਂ। ਸ਼ੀਤਲ ਨਾਲ ਮੇਰੇ ਸਬੰਧ ਚੰਗੇ ਹਨ।
ਸਵਾਲ : ਕੀ ਤੁਹਾਨੂੰ ਨਹੀਂ ਲੱਗਦਾ ਕਿ ਕਾਂਗਰਸ ਨੇ ਤੁਹਾਨੂੰ ਕਾਫੀ ਕੁਝ ਦਿੱਤਾ ਸੀ ਅਤੇ ਤੁਸੀਂ ਕਾਂਗਰਸ ’ਚ ਰਹਿੰਦੇ ਹੋਏ ਹੀ ਵਿਧਾਇਕ ਵੀ ਬਣੇ ਸੀ। ਫਿਰ ਅਚਾਨਕ ‘ਆਪ’ ਵਿਚ ਤੁਹਾਡੀ ਐਂਟਰੀ ਹੋ ਗਈ। ਤੁਸੀਂ ਕੀ ਕਹਿਣਾ ਚਾਹੋਗੇ?
ਜਵਾਬ : ਇਹ ਸਹੀ ਹੈ ਕਿ ਕਾਂਗਰਸ ’ਚ ਰਹਿੰਦੇ ਹੋਏ ਮੈਂ ਪਹਿਲੀ ਵਾਰ ਵਿਧਾਇਕ ਬਣਿਆ। ਹੁਣ ਦੇਸ਼ ਦੀ ਸਿਆਸਤ ਇਕ ਵੱਡੀ ਕਰਵਟ ਲੈ ਰਹੀ ਹੈ। ਦੇਸ਼ ਵਿਚ ਜੇ ਹੁਣ ਕੇਂਦਰ ’ਚ ਨਰਿੰਦਰ ਮੋਦੀ ਤੇ ਭਾਜਪਾ ਨੂੰ ਕੋਈ ਨੇਤਾ ਸਿਆਸੀ ਤੌਰ ’ਤੇ ਟੱਕਰ ਦੇ ਸਕਦਾ ਹੈ ਤਾਂ ਉਹ ਹਨ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ। ਆਮ ਆਦਮੀ ਪਾਰਟੀ ਨੇ ਸਿਆਸਤ ਵਿਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਜੋ ਮੁਹਿੰਮ ਸ਼ੁਰੂ ਕੀਤੀ ਹੈ, ਉਹ ਸ਼ਲਾਘਾਯੋਗ ਹੈ ਅਤੇ ਜਨਤਾ ਵੀ ਉਸ ਨੂੰ ਸਮਰਥਨ ਦੇ ਰਹੀ ਹੈ। ਜ਼ਿੰਦਗੀ ’ਚ ਤਬਦੀਲੀਆਂ ਤਾਂ ਆਉਂਦੀਆਂ ਹੀ ਰਹਿੰਦੀਆਂ ਹਨ ਅਤੇ ਇਨ੍ਹਾਂ ਤਬਦੀਲੀਆਂ ਨੂੰ ਸਾਨੂੰ ਖੁੱਲ੍ਹੇ ਦਿਲ ਨਾਲ ਸਵੀਕਾਰ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : ਸ੍ਰੀ ਅਨੰਦਪੁਰ ਸਾਹਿਬ ਤੋਂ ਮੱਥਾ ਟੇਕ ਕੇ ਪਰਤ ਰਹੇ ਨੌਜਵਾਨਾਂ ਨਾਲ ਵਾਪਰਿਆ ਭਿਆਨਕ ਹਾਦਸਾ, ਇਕ ਦੀ ਮੌਤ
ਸਵਾਲ : ਰਾਣਾ ਗੁਰਜੀਤ ਸਿੰਘ ਜੋ ਕਿ ਕਾਂਗਰਸ ਦੇ ਸੀਨੀਅਰ ਨੇਤਾ ਹਨ, ਉਨ੍ਹਾਂ ਨਾਲ ਤੁਹਾਡੇ ਪਰਿਵਾਰਕ ਸਬੰਧ ਕਾਫੀ ਚੰਗੇ ਰਹੇ ਹਨ। ਕੀ ਇਹ ਸਬੰਧ ਭਵਿੱਖ ’ਚ ਵੀ ਇਸੇ ਤਰ੍ਹਾਂ ਚੰਗੇ ਬਣੇ ਰਹਿਣਗੇ?
ਜਵਾਬ : ਰਾਣਾ ਗੁਰਜੀਤ ਸਿੰਘ ਦੇ ਪਰਿਵਾਰ ਨਾਲ ਮੇਰੇ ਪਰਿਵਾਰ ਦੇ ਚੰਗੇ ਸਬੰਧ ਰਹੇ ਹਨ। ਹੁਣ ਰਾਣਾ ਗੁਰਜੀਤ ਕਾਂਗਰਸ ’ਚ ਹਨ ਅਤੇ ਮੈਂ ਆਮ ਆਦਮੀ ਪਾਰਟੀ ਵਿਚ। ਉਹ ਆਪਣਾ ਕੰਮ ਕਰ ਰਹੇ ਹਨ ਅਤੇ ਮੈਂ ਆਪਣੀ ਪਾਰਟੀ ’ਚ ਆਪਣਾ ਕੰਮ ਕਰ ਰਿਹਾ ਹਾਂ। ਚੋਣਾਂ ਵਿਚ ਅਸੀਂ ਇਕ-ਦੂਜੇ ਦੇ ਨਾਲ ਨਹੀਂ ਚੱਲ ਸਕਦੇ ਪਰ ਸਮਾਜਿਕ ਰਿਸ਼ਤੇ ਸਾਰੇ ਨੇਤਾਵਾਂ ਦੇ ਇਕ-ਦੂਜੇ ਨਾਲ ਬਣੇ ਹੀ ਰਹਿੰਦੇ ਹਨ, ਉਨ੍ਹਾਂ ਵਿਚ ਕੋਈ ਦੂਰੀ ਨਹੀਂ ਆਉਂਦੀ।
ਸਵਾਲ : ਅਜਿਹਾ ਕਿਹਾ ਜਾ ਰਿਹਾ ਹੈ ਕਿ ‘ਆਪ’ ਦੇ ਵਾਲੰਟੀਅਰ ਇਸ ਲਈ ਨਾਰਾਜ਼ ਹਨ ਕਿ ਉਹ ਦਰੀਆਂ ਵਿਛਾਉਣ ਦਾ ਕੰਮ ਤਾਂ ਕਰਦੇ ਰਹੇ, ਜਦਕਿ ਟਿਕਟਾਂ ਰਿੰਕੂ ਵਰਗੇ ਲੋਕ ਲੈ ਜਾਂਦੇ ਹਨ?
ਜਵਾਬ : ਇਸ ਗੱਲ ਵਿਚ ਕੋਈ ਸੱਚਾਈ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਦੇ ਵਾਲੰਟੀਅਰਾਂ ਨਾਲ ਮੇਰੇ ਪਹਿਲਾਂ ਵੀ ਸਮਾਜਿਕ ਰਿਸ਼ਤੇ ਕਾਫੀ ਚੰਗੇ ਰਹੇ ਹਨ। ਜਦੋਂ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਮੈਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕੀਤਾ ਤਾਂ ਸਾਰੇ ਵਾਲੰਟੀਅਰਾਂ ਨੇ ਜੀਅ-ਜਾਨ ਨਾਲ ਇਸ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਵੀ ਇਹ ਅਹਿਸਾਸ ਹੋਇਆ ਕਿ ਹੁਣ ਪਾਰਟੀ ਕਾਂਗਰਸ ਨੂੰ ਜਲੰਧਰ ’ਚ ਹਰਾਉਣ ਦੀ ਸਥਿਤੀ ’ਚ ਹੈ।
ਸਵਾਲ : ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਚੋਣ ਮੁਹਿੰਮ ਵੱਖ-ਵੱਖ ਢੰਗ ਨਾਲ ਚੱਲਦੀ ਹੈ ਅਤੇ ਦੋਵਾਂ ’ਚ ਵੱਡਾ ਫਰਕ ਹੈ। ਤੁਸੀਂ ਖੁਦ ਨੂੰ ਇਸ ਵਿਚ ਕਿਵੇਂ ਐਡਜਸਟ ਕਰ ਰਹੇ ਹੋ?
ਜਵਾਬ : ਇਹ ਸਹੀ ਹੈ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਚੋਣ ਮੁਹਿੰਮ ਵੱਖ-ਵੱਖ ਤਰੀਕੇ ਨਾਲ ਚੱਲਦੀ ਹੈ। ਕਾਂਗਰਸ ਵਿਚ ਤਾਂ ਹੁਣ ਸਿਰਫ਼ ਹਾਜ਼ਰੀ ਲਾਉਣ ਅਤੇ ਫੋਟੋਆਂ ਖਿਚਵਾਉਣ ਵਾਲੇ ਨੇਤਾ ਤੇ ਵਰਕਰ ਰਹਿ ਗਏ ਹਨ। ਅਜਿਹੇ ਲੋਕ ਫੋਟੋਆਂ ਖਿੱਚਵਾ ਕੇ ਘਰਾਂ ਨੂੰ ਚਲੇ ਜਾਂਦੇ ਹਨ। ਜ਼ਮੀਨੀ ਪੱਧਰ ’ਤੇ ਕੋਈ ਵੀ ਕਾਂਗਰਸੀ ਵਰਕਰ ਕੰਮ ਕਰਦਾ ਹੋਇਆ ਨਜ਼ਰ ਨਹੀਂ ਆਉਂਦਾ, ਜਦੋਂਕਿ ਆਮ ਆਦਮੀ ਪਾਰਟੀ ਦੇ ਵਾਲੰਟੀਅਰ ਜੀਅ-ਜਾਨ ਨਾਲ ਕੰਮ ਕਰਦੇ ਹਨ। ਉਹ ਜ਼ਮੀਨੀ ਪੱਧਰ ’ਤੇ ਕੰਮ ਕਰਦੇ ਹਨ। ਉਨ੍ਹਾਂ ਲਈ ਪਾਰਟੀ ਹੀ ਸਭ ਕੁਝ ਹੈ।
ਸਵਾਲ : ਸੀ. ਬੀ. ਆਈ. ਜਦੋਂ ਅਰਵਿੰਦ ਕੇਜਰੀਵਾਲ ਨੂੰ ਪੁੱਛਗਿੱਛ ਲਈ ਸੱਦਦੀ ਹੈ ਤਾਂ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਉਹ ਸਿਆਸੀ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ, ਜਦੋਂਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਦੋਂ ਵਿਜੀਲੈਂਸ ਬਿਊਰੋ ਸੱਦਦਾ ਹੈ ਤਾਂ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਵਿਜੀਲੈਂਸ ਬਿਊਰੋ ਆਪਣੇ ਪੱਧਰ ’ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰ ਰਿਹਾ ਹੈ। ਇਨ੍ਹਾਂ ਦੋਵਾਂ ’ਚ ਆਪਾ-ਵਿਰੋਧ ਵੇਖਣ ਨੂੰ ਮਿਲਦਾ ਹੈ।
ਜਵਾਬ : ਇਹ ਗੱਲ ਸਹੀ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸੀ. ਬੀ. ਆਈ. ਅਤੇ ਈ. ਡੀ. ਦੀ ਆਪਣੇ ਸਿਆਸੀ ਵਿਰੋਧੀ ਨੇਤਾਵਾਂ ਖ਼ਿਲਾਫ਼ ਦੁਰਵਰਤੋਂ ਕੀਤੀ ਜਾ ਰਹੀ ਹੈ। ਸਿਰਫ ਅਰਵਿੰਦ ਕੇਜਰੀਵਾਲ ਹੀ ਨਹੀਂ, ਸਗੋਂ ਦੇਸ਼ ਦੇ ਹੋਰ ਨੇਤਾਵਾਂ ਖਿਲਾਫ ਵੀ ਸੀ. ਬੀ. ਆਈ., ਇਨਕਮ ਟੈਕਸ ਤੇ ਈ. ਡੀ. ਦੀ ਦੁਰਵਰਤੋਂ ਕੀਤੀ ਗਈ ਹੈ, ਜਦੋਂਕਿ ਪੰਜਾਬ ’ਚ ਹਾਲਾਤ ਵੱਖਰੇ ਹਨ। ਪੰਜਾਬ ਵਿਜੀਲੈਂਸ ਬਿਊਰੋ ਭ੍ਰਿਸ਼ਟਾਚਾਰ ਸਬੰਧੀ ਮਿਲਣ ਵਾਲੀਆਂ ਸ਼ਿਕਾਇਤਾਂ ਦੀ ਆਪਣੇ ਪੱਧਰ ’ਤੇ ਜਾਂਚ ਕਰ ਰਿਹਾ ਹੈ। ਦੋਵਾਂ ਗੱਲਾਂ ’ਚ ਜ਼ਮੀਨ-ਆਸਮਾਨ ਦਾ ਫਰਕ ਹੈ।
ਸਵਾਲ : ਜਲੰਧਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ’ਚ ਤੁਸੀਂ ਆਪਣਾ ਮੁਕਾਬਲਾ ਕਿਸ ਪਾਰਟੀ ਦੇ ਉਮੀਦਵਾਰ ਨਾਲ ਮੰਨਦੇ ਹੋ?
ਜਵਾਬ : ਅਸਲ ’ਚ ਆਮ ਆਦਮੀ ਪਾਰਟੀ ਦਾ ਜਲੰਧਰ ਸੀਟ ’ਤੇ ਮੁਕਾਬਲਾ ਕਿਸੇ ਵੀ ਹੋਰ ਪਾਰਟੀ ਦੇ ਨਾਲ ਨਹੀਂ ਹੈ ਕਿਉਂਕਿ ਹੋਰ ਸਾਰੀਆਂ ਪਾਰਟੀਆਂ ’ਚ ਵੰਡ ਦੀ ਤਸਵੀਰ ਸਪਸ਼ਟ ਨਜ਼ਰ ਆ ਰਹੀ ਹੈ। ਮੈਂ ਆਪਣਾ ਮੁਕਾਬਲਾ ਮਿਹਨਤ ਨਾਲ ਮੰਨਦਾ ਹਾਂ ਅਤੇ ਜੇ ਅਸੀਂ ਵਾਲੰਟੀਅਰਾਂ ਦੇ ਸਹਿਯੋਗ ਨਾਲ ਸਖਤ ਮਿਹਨਤ ਕਰ ਗਏ ਤਾਂ ਚੋਣ ਨਤੀਜੇ ਇਕਪਾਸੜ ਹੋਣਗੇ।
ਸਵਾਲ : ਕੀ ਪੰਜਾਬ ’ਚ ਅੰਮ੍ਰਿਤਪਾਲ ਦੇ ਮਾਮਲੇ ’ਚ ਦੇਰੀ ਨਹੀਂ ਹੋਈ ਅਤੇ ਕੀ ਸੂਬੇ ਦੀ ਅਮਨ-ਕਾਨੂੰਨ ਦੀ ਸਥਿਤੀ ਠੀਕ ਹੈ?
ਜਵਾਬ : ਪੰਜਾਬ ਸਰਕਾਰ ਤੇ ਪੰਜਾਬ ਪੁਲਸ ਨੇ ਅੰਮ੍ਰਿਤਪਾਲ ਸਿੰਘ ਦੇ ਮਾਮਲੇ ’ਚ ਸਮੇਂ ’ਤੇ ਕਾਰਵਾਈ ਕੀਤੀ ਹੈ। ਇਹ ਮਾਮਲਾ ਮੁੱਖ ਮੰਤਰੀ ਦੇ ਅਧਿਕਾਰ ਖੇਤਰ ’ਚ ਆਉਂਦਾ ਹੈ। ਇਸ ਲਈ ਉਹੀ ਬਿਹਤਰ ਜਵਾਬ ਦੇ ਸਕਦੇ ਹਨ ਪਰ ਪੰਜਾਬ ’ਚ ਅਮਨ-ਸ਼ਾਂਤੀ ਨੂੰ ਕੋਈ ਖ਼ਤਰਾ ਨਹੀਂ। ਅਜਨਾਲਾ ’ਚ ਹੋਈ ਘਟਨਾ ਤੋਂ ਬਾਅਦ ਪੁਲਸ ਨੇ ਵੀ ਅੰਮ੍ਰਿਤਪਾਲ ਨੂੰ ਫੜਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਪੰਜਾਬ ’ਚ ਸਾਰੇ ਲੋਕਾਂ ’ਚ ਆਪਸੀ ਭਾਈਚਾਰਾ ਤੇ ਏਕਤਾ ਕਾਇਮ ਹੈ ਅਤੇ ਇਸ ਨੂੰ ਕੋਈ ਵੀ ਤਾਕਤ ਤੋੜ ਨਹੀਂ ਸਕਦੀ। ਭਗਵੰਤ ਮਾਨ ਸਰਕਾਰ ਪੰਜਾਬ ’ਚ ਅਮਨ-ਸ਼ਾਂਤੀ ਨੂੰ ਕਿਸੇ ਵੀ ਕੀਮਤ ’ਤੇ ਭੰਗ ਨਹੀਂ ਹੋਣ ਦੇਵੇਗੀ।
ਸਵਾਲ : ਪੰਜਾਬ ’ਚ ਸਰਕਾਰ ਨਸ਼ਿਆਂ ’ਤੇ ਕਿੰਨੀ ਰੋਕ ਲਾਉਣ ’ਚ ਕਾਮਯਾਬ ਹੋਈ ਹੈ? ਤੁਹਾਡਾ ਇਸ ਬਾਰੇ ਕੀ ਵਿਚਾਰ ਹੈ?
ਜਵਾਬ : ਇਹ ਸਹੀ ਹੈ ਕਿ ਨਸ਼ਿਆਂ ’ਤੇ ਪੂਰੀ ਤਰ੍ਹਾਂ ਰੋਕ ਨਹੀਂ ਲੱਗੀ ਪਰ ਫਿਰ ਵੀ ਪੰਜਾਬ ’ਚ ਨਸ਼ਾ ਪਹਿਲਾਂ ਦੇ ਮੁਕਾਬਲੇ ਘੱਟ ਹੋਇਆ ਹੈ। ਚਿੱਟਾ ਇਸ ਵੇਲੇ ਵੀ ਵਿਕ ਰਿਹਾ ਹੈ। ਨਸ਼ੇ ਵਾਲੇ ਪਦਾਰਥ ਪਾਕਿਸਤਾਨ ਤੋਂ ਆ ਰਹੇ ਹਨ ਅਤੇ ਪੰਜਾਬ ਸਮੇਤ ਰਾਜਸਥਾਨ ਤੇ ਗੁਜਰਾਤ ’ਚ ਵੀ ਇਹ ਪਦਾਰਥ ਸਰਹੱਦ ਪਾਰ ਤੋਂ ਪਹੁੰਚ ਰਹੇ ਹਨ। ਭਗਵੰਤ ਮਾਨ ਨੇ ਇਹ ਮਾਮਲਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਹਮਣੇ ਉਠਾਇਆ ਹੋਇਆ ਹੈ ਅਤੇ ਜਲਦੀ ਹੀ ਦੋਵਾਂ ਸਰਕਾਰਾਂ ਦੀਆਂ ਏਜੰਸੀਆਂ ਮਿਲ ਕੇ ਨਸ਼ਿਆਂ ਤੇ ਚਿੱਟੇ ’ਤੇ ਪੂਰੀ ਤਰ੍ਹਾਂ ਰੋਕ ਲਾਉਣ ’ਚ ਕਾਮਯਾਬ ਹੋਣਗੀਆਂ।
ਸਵਾਲ : ਜਲੰਧਰ ਲਈ ਤੁਸੀਂ ਪੰਜਾਬ ਸਰਕਾਰ, ਖਾਸ ਤੌਰ ’ਤੇ ਮੁੱਖ ਮੰਤਰੀ ਤੋਂ ਕੀ ਮੰਗ ਕਰੋਗੇ?
ਜਵਾਬ : ਜਲੰਧਰ ਦੇ ਕਈ ਮਸਲੇ ਹਨ ਪਰ ਸਭ ਤੋਂ ਅਹਿਮ ਮਸਲਾ ਆਦਮਪੁਰ ’ਚ ਏਅਰਪੋਰਟ ਬਣਾਉਣ ਦਾ ਕੰਮ ਜਲਦ ਤੋਂ ਜਲਦ ਪੂਰਾ ਕਰਵਾਉਣਾ ਹੈ ਤਾਂ ਜੋ ਵੱਧ ਤੋਂ ਵੱਧ ਗਿਣਤੀ ’ਚ ਘਰੇਲੂ ਉਡਾਣਾਂ ਚੱਲ ਸਕਣ। ਇਹ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਹਮਣੇ ਉਠਾਇਆ ਜਾਵੇਗਾ। ਇਸੇ ਤਰ੍ਹਾਂ ਮੈਂ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਕੋਲ ਇਹ ਵੀ ਮੰਗ ਕਰਾਂਗਾ ਕਿ ਉਹ ਪੰਜਾਬ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦਿਵਾਉਣ ਲਈ ਜਲੰਧਰ ’ਚ ਨਵੀਂ ਇੰਡਸਟ੍ਰੀ ਸਥਾਪਤ ਕਰਨ। ਅਸਲ ’ਚ ਜਲੰਧਰ ਵਿਚ ਵੱਡੀ ਇੰਡਸਟ੍ਰੀ ਸਥਾਪਤ ਹੋਣੀ ਚਾਹੀਦੀ ਹੈ ਤਾਂ ਜੋ ਰੋਜ਼ਗਾਰ ਦੇ ਮੌਕੇ ਪੈਦਾ ਹੋ ਸਕਣ। ਇਸੇ ਤਰ੍ਹਾਂ ਰੇਲਵੇ ਸਟੇਸ਼ਨ ਤੇ ਪ੍ਰਵਾਸੀ ਪੰਜਾਬੀਆਂ ਦੇ ਵੀ ਮਸਲੇ ਹਨ ਜਿਨ੍ਹਾਂ ਨੂੰ ਸਰਕਾਰ ਕੋਲੋਂ ਹੱਲ ਕਰਵਾਇਆ ਜਾਵੇਗਾ। ਜਲੰਧਰ ਲਈ ਕੇਂਦਰ ਸਰਕਾਰ ਤੋਂ ਵਿਸ਼ੇਸ਼ ਪੈਕੇਜ ਦੀ ਮੰਗ ਕਰਾਂਗਾ ਜਿਸ ਨਾਲ ਜਲੰਧਰ ਨੂੰ ਵਿਸ਼ਵ ਨਕਸ਼ੇ ’ਤੇ ਅੱਗੇ ਲਿਜਾਇਆ ਜਾ ਸਕੇ। ਆਮ ਆਦਮੀ ਪਾਰਟੀ ’ਚ ਹੀ ਜ਼ਮੀਨੀ ਨੇਤਾਵਾਂ ਨੂੰ ਅੱਗੇ ਵਧਣ ਦਾ ਮੌਕਾ ਮਿਲਦਾ ਹੈ ਅਤੇ ਇਹੀ ਪਾਰਟੀ ਪੰਜਾਬ ਨੂੰ ਅੱਗੇ ਲਿਜਾਣ ਚ ਕਾਮਯਾਬ ਹੋਵੇਗੀ।
ਇਹ ਵੀ ਪੜ੍ਹੋ : ਹੁਣ ਅੰਮ੍ਰਿਤਪਾਲ ਦੇ ਮਾਮਲੇ 'ਚ NIA ਤੇ ਪੰਜਾਬ ਪੁਲਸ ਨੇ ਕਪੂਰਥਲਾ ਤੋਂ ਵਕੀਲ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਵਜ੍ਹਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।