ਕਾਂਗਰਸ ਕਰਜ਼ਾ ਮੁਕਤੀ ਦੀ ਅਧੂਰੀ ਸੂਚੀ ਪੇਸ਼ ਕਰ ਕੇ ਵਾਹ-ਵਾਹ ਲੁੱਟਣਾ ਚਾਹੁੰਦੀ ਹੈ : ਜਿਆਣੀ

Tuesday, Jan 09, 2018 - 12:44 AM (IST)

ਕਾਂਗਰਸ ਕਰਜ਼ਾ ਮੁਕਤੀ ਦੀ ਅਧੂਰੀ ਸੂਚੀ ਪੇਸ਼ ਕਰ ਕੇ ਵਾਹ-ਵਾਹ ਲੁੱਟਣਾ ਚਾਹੁੰਦੀ ਹੈ : ਜਿਆਣੀ

ਫਾਜ਼ਿਲਕਾ (ਨਾਗਪਾਲ, ਲੀਲਾਧਰ)—ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨ ਦਾ ਵਾਅਦਾ ਕਰ ਕੇ ਸੱਤਾ ਵਿਚ ਆਈ ਕਾਂਗਰਸ ਨੇ ਇਸ ਵਾਅਦੇ ਨੂੰ ਭੁਲਾ ਦਿੱਤਾ ਹੈ। ਕਿਸਾਨਾਂ ਦਾ ਕਰਜ਼ਾ ਮੁਆਫ਼ ਤਾਂ ਕੀ ਕਰਨਾ, ਉਲਟਾ ਉਨ੍ਹਾਂ ਦੀ ਵੇਚੀ ਫਸਲ ਦਾ ਭਾਅ ਵੀ ਨਹੀਂ ਦਿੱਤਾ ਜਾ ਰਿਹਾ। ਕਰਜ਼ਾ ਮੁਕਤੀ ਦੇ ਨਾਂ 'ਤੇ ਜੋ ਅੱਧੀ-ਅਧੂਰੀ ਸੂਚੀ ਪੇਸ਼ ਕਰਨ ਦਾ ਕਾਂਗਰਸ ਦਾਅਵਾ ਕਰ ਰਹੀ ਹੈ, ਉਸ ਵਿਚ ਯੋਗ ਪਾਤਰਾਂ ਦਾ ਨਾਂ ਸ਼ਾਮਲ ਨਹੀਂ ਹੈ, ਸਗੋਂ ਆਪਣੇ ਕੁਝ ਚਹੇਤੇ ਲੋਕਾਂ ਨੂੰ ਸ਼ਾਮਲ ਕਰ ਕੇ ਵਾਹ-ਵਾਹ ਲੁੱਟਣ ਦਾ ਜੁਗਾੜ ਕਰ ਰਹੀ ਹੈ। ਉਕਤ ਵਿਚਾਰ ਪ੍ਰਗਟ ਕਰਦਿਆਂ ਸਾਬਕਾ ਸਿਹਤ ਮੰਤਰੀ ਅਤੇ ਫਾਜ਼ਿਲਕਾ ਦੇ ਸਾਬਕਾ ਵਿਧਾਇਕ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਗੰਨਾ ਬੀਜਣ ਵਾਲੇ ਕਿਸਾਨਾਂ ਦਾ ਸਿਰਫ ਫਾਜ਼ਿਲਕਾ ਸਹਿਕਾਰੀ ਖੰਡ ਮਿੱਲ ਬੋਦੀਵਾਲਾ ਪੀਥਾ ਵੱਲ 17 ਕਰੋੜ ਰੁਪਏ ਬਕਾਇਆ ਹੈ ਜਦਕਿ ਕਾਂਗਰਸ ਸਰਕਾਰ ਵੱਲੋਂ ਕਿਸਾਨ ਕਰਜ਼ਾ ਮੁਆਫ਼ੀ ਲਈ ਜੋ ਬਜਟ ਰੱਖਿਆ ਗਿਆ ਹੈ, ਉਹ ਸਿਰਫ਼ 61 ਕਰੋੜ ਰੁਪਏ ਹੈ। ਅਜਿਹੇ ਵਿਚ ਕਿਸਾਨਾਂ ਦਾ ਕਰਜ਼ਾ ਮੁਆਫ਼ ਕਿਵੇਂ ਹੋਵੇਗਾ? ਇਸ 'ਤੇ ਸਵਾਲੀਆ ਨਿਸ਼ਾਨ ਖੜ੍ਹਾ ਹੋ ਗਿਆ ਹੈ। 
ਗੰਨਾ ਬੀਜਣ ਵਾਲੇ ਕਿਸਾਨ ਆਪਣੇ ਹੀ ਰੁਪਏ ਦੀ ਵਸੂਲੀ ਲਈ ਮਿੱਲ ਦੇ ਸਾਹਮਣੇ ਧਰਨੇ ਲਾ ਰਹੇ ਹਨ ਅਤੇ ਬੜੀ ਮੁਸ਼ਕਲ ਨਾਲ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰ ਰਹੇ ਹਨ। ਸਾਬਕਾ ਮੰਤਰੀ ਜਿਆਣੀ ਨੇ ਫਾਜ਼ਿਲਕਾ ਦੇ ਨਵੇਂ ਵਿਧਾਇਕ ਦਵਿੰਦਰ ਘੁਬਾਇਆ ਵੱਲੋਂ ਬੀਤੇ ਦਿਨੀਂ ਦਿੱਤੇ ਗਏ ਬਿਆਨ ਕਿ ਅਕਾਲੀ-ਭਾਜਪਾ ਨੇ 10 ਵਰ੍ਹਿਆਂ ਤੱਕ ਪੰਜਾਬ ਨੂੰ ਲੁੱਟਿਆ ਹੈ ਅਤੇ ਕਿਹਾ ਕਿ ਉਹ ਇਹ ਨਾ ਭੁੱਲਣ ਕਿ ਦਵਿੰਦਰ ਘੁਬਾਇਆ ਦੇ ਪਿਤਾ ਸ਼ੇਰ ਸਿੰਘ ਘੁਬਾਇਆ ਹਾਲੇ ਵੀ ਅਕਾਲੀ ਦਲ ਦੇ ਸਾਂਸਦ ਹਨ ਅਤੇ ਵਿਧਾਇਕ ਮਹੋਦਯਾ ਉਨ੍ਹਾਂ ਦੇ ਘਰ ਵਿਚ ਹੀ ਰਹਿ ਰਹੇ ਹਨ। ਕੀ ਇਹ ਸਮਝਿਆ ਜਾਣਾ ਚਾਹੀਦਾ ਹੈ ਕਿ ਕਾਂਗਰਸੀ ਵਿਧਾਇਕ ਪੰਜਾਬ ਦੇ ਲੁਟੇਰੇ ਦੇ ਘਰ ਵਿਚ ਰਹਿ ਰਿਹਾ ਹੈ? ਸਾਬਕਾ ਕੈਬਨਿਟ ਮੰਤਰੀ ਨੇ ਕਿਹਾ ਕਿ ਅਕਾਲੀ-ਭਾਜਪਾ ਨੇ ਹਮੇਸ਼ਾ ਕਿਸਾਨਾਂ ਦੇ ਦਰਦ ਨੂੰ ਸਮਝਿਆ ਅਤੇ ਪਛਾਣਿਆ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਕਿਸਾਨ ਹਿੱਤ ਦੀ ਗੱਲ ਕੀਤੀ ਹੈ। 
 


Related News