ਸਿੱਧੂ ਦੇ ਦੋਸ਼ਾਂ ''ਤੇ ਸਪੱਸ਼ਟੀਕਰਨ ਦੇਣ ਕੈਪਟਨ ਅਮਰਿੰਦਰ ਸਿੰਘ : ਜਿਆਣੀ

04/19/2021 9:46:18 AM

ਪਟਿਆਲਾ (ਰਾਜੇਸ਼ ਪੰਜੌਲਾ) : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ, ਸੀਨੀਅਰ ਭਾਜਪਾ ਆਗੂ ਤੇ ਪਾਰਟੀ ਦੇ ਕਿਸਾਨ ਚਿਹਰਾ ਮੰਨੇ ਜਾਣ ਵਾਲੇ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ’ਤੇ ਕਾਂਗਰਸ ਦੇ ਹੀ ਮੌਜੂਦਾ ਵਿਧਾਇਕ ਤੇ ਸਾਬਕਾ ਮੰਤਰੀ ਰਹੇ ਨਵਜੋਤ ਸਿੰਘ ਸਿੱਧੂ ਨੇ ਧੋਖੇਬਾਜ ਹੋਣ ਦਾ ਦੋਸ਼ ਲਾਇਆ ਹੈ। ਸਿੱਧੂ ਨੇ ਆਪਣੀ ਪ੍ਰੈੱਸ ਕਾਨਫਰੰਸ ਦੌਰਾਨ ਸਪੱਸ਼ਟ ਕਿਹਾ ਕਿ 2017 ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸੀ, ਸਰਕਾਰ ਉਨ੍ਹਾਂ ਤੋਂ ਭੱਜ ਗਈ, ਜਿਸ ਕਾਰਣ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।

ਇਸ ਤੋਂ ਇਲਾਵਾ ਸਿੱਧੂ ਨੇ ਆਪਣੀ ਹੀ ਸਰਕਾਰ ’ਤੇ ਹੋਰ ਕਈ ਗੰਭੀਰ ਦੋਸ਼ ਲਾਏ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਨ੍ਹਾਂ ਦੋਸ਼ਾਂ ਬਾਰੇ ਪੰਜਾਬ ਦੀ ਜਨਤਾ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਜਿਆਣੀ ਇੱਥੇ ਪੰਜਾਬ ਭਾਜਪਾ ਦੇ ਬੁਲਾਰੇ ਭੂਪੇਸ਼ ਅਗਰਵਾਲ ਦੀ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀ। ਇਸ ਦੌਰਾਨ ਉਨ੍ਹਾਂ ਭੂਪੇਸ਼ ਅਗਰਵਾਲ ਨੂੰ ਜ਼ਿਲ੍ਹਾ ਭਾਜਪਾ ਦਿਹਾਤੀ ਦੇ ਪ੍ਰਧਾਨ ਨਿਯੁਕਤ ਹੋਣ ’ਤੇ ਵਧਾਈ ਦਿੰਦਿਆਂ ਕਿਹਾ ਕਿ 2022 ’ਚ ਭਾਜਪਾ ਪੰਜਾਬ ਵਿਚ ਸਰਕਾਰ ਬਣਾਏਗੀ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਗ੍ਰਾਫ ਤੇਜ਼ੀ ਨਾਲ ਡਿੱਗ ਰਿਹਾ ਹੈ। ਕਣਕ ਦਾ ਸੀਜ਼ਨ ਚੱਲ ਰਿਹਾ ਹੈ, ਪੰਜਾਬ ਦਾ ਕਿਸਾਨ ਮੰਡੀਆਂ ’ਚ ਪਰੇਸ਼ਾਨ ਹੋ ਰਿਹਾ ਹੈ।

ਭਾਰਤ ਸਰਕਾਰ ਨੇ 10 ਦਿਨ ਪਹਿਲਾਂ ਕਣਕ ਖਰੀਦਣ ਲਈ ਪੰਜਾਬ ਨੂੰ ਪੈਸੇ ਭੇਜ ਦਿੱਤੇ ਪਰ ਪੰਜਾਬ ਸਰਕਾਰ ਨੇ ਸਹੀ ਸਮੇਂ ’ਤੇ ਬਾਰਦਾਨਾ ਨਹੀਂ ਖਰੀਦਿਆ, ਜਿਸ ਕਾਰਣ ਮੰਡੀਆਂ ’ਚ ਕਣਕ ਦੇ ਢੇਰ ਲੱਗੇ ਹੋਏ ਹਨ। ਕਣਕ ਦੀ ਖਰੀਦ ਕਰਨ ’ਚ ਕੈਪਟਨ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ। ਕੈਪਟਨ ਸਰਕਾਰ ਕਿਸਾਨਾਂ ਨਾਲ ਠੱਗੀ ਕਰ ਰਹੀ ਹੈ। ਸੂਬਾ ਸਰਕਾਰ ਹਮੇਸ਼ਾ ਹੀ ਸੀਜ਼ਨ ਤੋਂ ਪਹਿਲਾਂ ਖਰੀਦ ਦੇ ਪ੍ਰਬੰਧ ਕਰਦੀ ਹੈ ਪਰ ਕੈਪਟਨ ਅਮਰਿੰਦਰ ਸਿੰਘ ਕਿਉਂਕਿ ਆਪਣੇ ਦਫ਼ਤਰ ਹੀ ਨਹੀਂ ਜਾਂਦੇ ਅਤੇ ਸਿਸਵਾਂ ਫਾਰਮ ’ਚ ਆਰਾਮ ਫਰਮਾਉਂਦੇ ਰਹਿੰਦੇ ਹਨ, ਜਿਸ ਦਾ ਖਾਮਿਆਜ਼ਾ ਪੰਜਾਬ ਦੇ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ।
 


Babita

Content Editor

Related News