ਬਹਿਬਲ ਕਲਾਂ ਕਾਂਡ ਦੇ ਮੁੱਖ ਗਵਾਹ ਸੁਰਜੀਤ ਦਾ ਹੋਇਆ ਅੰਤਿਮ ਸੰਸਕਾਰ
Tuesday, Jan 21, 2020 - 03:35 PM (IST)
ਜੈਤੋ (ਸਤਵਿੰਦਰ-ਨਰਿੰਦਰ) - 12 ਅਕਤੂਬਰ 2015 ਨੂੰ ਬਰਗਾੜੀ ਵਿਖੇ ਵਾਪਰੇ ਬੇਅਦਬੀ ਕਾਂਡ ਮਗਰੋਂ ਬਹਿਬਲ ਕਲਾਂ ਵਿਖੇ ਢਾਹੇ ਪੁਲਸੀਆਂ ਅੱਤਿਆਚਾਰ ਵਾਲੀ ਵਾਰਦਾਤ ਦੇ ਮੁੱਖ ਗਵਾਹ ਸੁਰਜੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਮਿ੍ਤਕ ਦਾ ਅੰਤਿਮ ਸੰਸਕਾਰ ਬੀਤੇ ਦਿਨ ਉਨ੍ਹਾਂ ਦੇ ਪਰਿਵਾਰ ਵਲੋਂ ਕਰ ਦਿੱਤਾ ਗਿਆ, ਜਿਸ ’ਚ ਕੋਈ ਵੀ ਸਿਆਸੀ ਆਗੂ ਮੌਜੂਦ ਨਹੀਂ ਹੋਇਆ। ਦੂਜੇ ਪਾਸੇ ਮ੍ਰਿਤਕ ਦੇ ਪਰਿਵਾਰ ਨੇ ਇਸ ਨੂੰ ਅਤਿ ਦੁਖਦਾਇਕ ਦੱਸਦਿਆ ਖਦਸ਼ਾ ਪ੍ਰਗਟ ਕੀਤਾ ਕਿ ਕਿਤੇ ਉਨ੍ਹਾਂ ਦੇ ਵਿਰੋਧੀ ਬਾਕੀ ਬਚਦੇ ਪਰਿਵਾਰ ਦਾ ਜਾਨੀ ਨੁਕਸਾਨ ਨਾ ਕਰ ਦੇਣ। ਮ੍ਰਿਤਕ ਸੁਰਜੀਤ ਸਿੰਘ ਦੀ ਪਤਨੀ ਜਸਵੀਰ ਕੌਰ ਨੇ ਵੱਖ-ਵੱਖ ਟੀ. ਵੀ. ਚੈਨਲਾਂ ਦੇ ਪੱਤਰਕਾਰਾਂ ਸਾਹਮਣੇ ਦੋਸ਼ ਲਾਇਆ ਕਿ ਬਿਜਲੀ ਵਿਭਾਗ ਵਲੋਂ ਨਾਜਾਇਜ਼ ਤੰਗ-ਪ੍ਰੇਸ਼ਾਨ ਕਰਨ ਕਰਕੇ ਸੁਰਜੀਤ ਹਮੇਸ਼ਾ ਪ੍ਰੇਸ਼ਾਨ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਨਾ ਹੀ ਤਤਕਾਲੀਨ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਕਿਸੇ ਆਗੂ, ਨਾ ਪੁਲਸ ਪ੍ਰਸ਼ਾਸਨ, ਨਾ ਬਰਗਾੜੀ ਵਿਖੇ ਲੱਗੇ ਮੋਰਚੇ ਦੌਰਾਨ ਬੇਨਤੀਆਂ ਕਰਨ ਦੇ ਬਾਵਜੂਦ ਕਿਸੇ ਪੰਥਕ ਆਗੂ ਅਤੇ ਨਾ ਕਾਂਗਰਸੀ ਆਗੂਆਂ ਵਲੋਂ ਕੋਈ ਸੁਣਵਾਈ ਕੀਤੀ ਗਈ।
ਉਨ੍ਹਾਂ ਦੋਸ਼ ਲਾਇਆ ਕਿ ਸੁਰਜੀਤ ਸਿੰਘ ਨੇ ਆਪਣੀ ਜਾਨ ਜੋਖਮ ’ਚ ਪਾ ਕੇ ਸਾਰੇ ਜਾਂਚ ਕਮਿਸ਼ਨਾਂ ਅਤੇ ਅਦਾਲਤਾਂ ’ਚ ਗਵਾਹੀਆਂ ਦਿੱਤੀਆਂ ਪਰ ਕਿਸੇ ਸਿੱਖ ਸੰਸਥਾ, ਪੰਥਕ ਜਥੇਬੰਦੀ ਜਾਂ ਜਥੇਦਾਰਾਂ ਨੇ ਉਸਨੂੰ ਸਹਿਯੋਗ ਦੇਣ ਦੀ ਜ਼ਰੂਰਤ ਨਹੀਂ ਸਮਝੀ। ਹੁਣ ਉਹ ਬੇਅਦਬੀ ਤੇ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿਵਾਉਣ ਲਈ ਯਤਨਸ਼ੀਲ ਰਹਿਣਗੇ। ਉਨ੍ਹਾਂ ਇਸ ਸਬੰਧੀ ਜਸਟਿਸ ਰਣਜੀਤ ਸਿੰਘ ਨਾਲ ਫੋਨ ’ਤੇ ਗੱਲਬਾਤ ਸਾਂਝੀ ਕੀਤੀ, ਕਿਉਂਕਿ ਹੁਣ ਉਨ੍ਹਾਂ ਨੂੰ ਸਿਰਫ ਜਸਟਿਸ ਰਣਜੀਤ ਸਿੰਘ ’ਤੇ ਹੀ ਭਰੋਸਾ ਹੈ ਕਿ ਉਹ ਪੀੜਤ ਪਰਿਵਾਰ ਦੀ ਸਾਰ ਲੈਣਗੇ। ਹੋਰਨਾਂ ਸਾਰਿਆਂ ਤੋਂ ਉਨ੍ਹਾਂ ਦਾ ਭਰੋਸਾ ਟੁੱਟ ਗਿਆ ਹੈ। ਉਨ੍ਹਾਂ ਪਿੰਡ ਦੇ ਇਕ ਕਾਂਗਰਸੀ ਆਗੂ ਦਾ ਨਾਂ ਲੈਂਦਿਆਂ ਆਖਿਆ ਕਿ ਉਸਦੀ ਸ਼ਹਿ ’ਤੇ ਬਿਜਲੀ ਅਧਿਕਾਰੀ ਅਤੇ ਪੁਲਸ ਪ੍ਰਸ਼ਾਸਨ ਸੁਰਜੀਤ ਸਿੰਘ ਨੂੰ ਤੰਗ-ਪ੍ਰੇਸ਼ਾਨ ਕਰਦਾ ਰਿਹਾ, ਜਿਸ ਕਾਰਨ ਸੁਰਜੀਤ ਦੀ ਮੌਤ ਹੋਈ ਹੈ।
ਅੰਤਿਮ ਸੰਸਕਾਰ ਮੌਕੇ ਹੈਰਾਨੀ ਪ੍ਰਗਟਾਉਂਦੇ ਸੁਰਜੀਤ ਦੀ ਪਤਨੀ ਅਤੇ ਹੋਰ ਰਿਸ਼ਤੇਦਾਰਾਂ ਨੇ ਕਿਹਾ ਕਿ ਬੇਅਦਬੀ ਕਾਂਡ ਦਾ ਮੁੱਖ ਗਵਾਹ ਹੋਣ ਦੇ ਬਾਵਜੂਦ ਸੁਰਜੀਤ ਦੇ ਅੰਤਿਮ ਸੰਸਕਾਰ ਮੌਕੇ ਕਿਸੇ ਵੱਡੇ ਪੰਥਕ ਆਗੂ ਜਾਂ ਸਿਆਸਤਦਾਨ ਨੇ ਸ਼ਮੂਲੀਅਤ ਕਰਨ ਦੀ ਜ਼ਰੂਰਤ ਨਹੀਂ ਸਮਝੀ।