ਧੜੱਲੇਦਾਰ ਆਵਾਜ਼ ਦੇ ਮਾਲਕ ਸ਼੍ਰੋਮਣੀ ਗਾਇਕ ‘ਸੁਰਿੰਦਰ ਛਿੰਦਾ’ ਨਹੀਂ ਰਹੇ, ਜਿਊਣੇ ਮੋੜ ਨੂੰ ਅਮਰ ਕਰਨ ਵਾਲਾ ਤੁਰ ਗਿਆ
Wednesday, Jul 26, 2023 - 06:59 PM (IST)
ਲੁਧਿਆਣਾ (ਮੁੱਲਾਂਪੁਰੀ) : ਪੰਜਾਬੀ ਗੀਤਾਂ ਦੇ ਦਮਦਾਰ ਆਵਾਜ਼ ਦੇ ਮਾਲਕ ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ ਦਾ ਅੱਜ ਸਵੇਰੇ 7.30 ਵਜੇ ਲੁਧਿਆਣਾ ਦੇ ਦਯਾਨੰਦ ਹਸਪਤਾਲ ਵਿਖੇ ਦਿਹਾਂਤ ਹੋ ਗਿਆ। ਮਰਹੂਮ ਸੁਰਿੰਦਰ ਛਿੰਦਾ ਪਿਛਲੇ ਦਿਨੀਂ ਫੂਡ ਪਾਇਪ ਦੇ ਸੰਖੇਪ ਆਪ੍ਰੇਸ਼ਨ ਲਈ ਮਾਡਲ ਟਾਊਨ ਦੇ ਇਕ ਨਿਜੀ ਹਸਪਤਾਲ ’ਚ ਦਾਖ਼ਲ ਹੋਏ ਸਨ, ਜਿਥੇ ਆਪ੍ਰੇਸ਼ਨ ਦੌਰਾਨ ਉਨ੍ਹਾਂ ਦੇ ਸਰੀਰ ’ਚ ਇਨਫੈਕਸ਼ਨ ਫੈਲ ਗਈ, ਜਿਸ ਕਾਰਨ ਉਨ੍ਹਾਂ ਨੂੰ ਦਯਾਨੰਦ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਹਸਪਤਾਲ ’ਚ ਕਈ ਦਿਨ ਜ਼ਿੰਦਗੀ-ਮੌਤ ਦੀ ਲੜਾਈ ਲੜਦਿਆਂ ਅੱਜ ਸਵੇਰੇ ਮੌਤ ਹੱਥੋਂ ਹਾਰ ਗਏ। ਸੁਰਿੰਦਰ ਛਿੰਦਾ ਦਾ ਜਨਮ 20 ਮਈ 1953 ਨੂੰ ਇਯਾਲੀ ਖੁਰਦ ’ਚ ਹੋਇਆ। ਆਪ ਰਾਮਗੜ੍ਹੀਆ ਭਾਈਚਾਰੇ ਨਾਲ ਸਬੰਧ ਰੱਖਦੇ ਸਨ। ਆਪਦੇ ਪਿਤਾ ਜੀ ਆਪਣੇ ਸਮੇਂ ਦੇ ਕਲਾਸਿਕ ਗਾਇਕ ਸਨ ਜਿਸ ਕਾਰਨ ਆਪ ਨੇ ਉਸਤਾਦ ਜਸਵੰਤ ਭੰਵਰਾ ਦੀ ਸ਼ਗਿਰਦੀ ਕੀਤੀ। ਉਸ ਉਪਰੰਤ ਆਪ ਚੋਟੀ ਦੇ ਗਾਇਕ ਬਣੇ। 1981 ਦੇ ਲਾਗੇ ‘ਪੁੱਤ ਜੱਟਾਂ ਦੇ’ ਫ਼ਿਲਮ ’ਚ ਗਾਇਆ ਗੀਤ ‘ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ’ ਆਪਣੇ ਸਮੇਂ ਦਾ ਚੋਟੀ ਦਾ ਦਮਦਾਰ ਆਵਾਜ਼ ’ਚ ਇਕ ਹੋਰ ਗੀਤ ਜਿਊਣਾ ਮੋੜ, ਸ਼ਹੀਦ ਭਗਤ ਸਿੰਘ ਤੇ ਸੈਂਕੜੇ ਦੋਗਾਣੇ ਵੱਖ-ਵੱਖ ਗਾਇਕਾਵਾਂ ਨਾਲ ਗਾਏ, ਜੋ ਲੋਕਾਂ ’ਚ ਕਾਫ਼ੀ ਮਕਬੂਲ ਹੋਏ। ‘ਜੰਝ ਚੜ੍ਹੀ ਅਮਲੀ ਦੀ’, ‘ਮੈਂ ਡਿੱਗੀ ਤਿਲਕ ਕੇ’, ‘ਉੱਚਾ ਬੁਰਜ ਲਾਹੌਰ ਦਾ’, ‘ਚਾਹ ਦਾ ਘੁੱਟ ਪਿਆਇਆ ਕਰ’ ਤੇ ਧਾਰਮਿਕ ਗੀਤ ‘ਉੱਚਾ ਦਰ ਬਾਬੇ ਨਾਨਕ ਦਾ’ ਅਤੇ ਹੋਰ ਪਤਾ ਨਹੀਂ ਕਿੰਨੇ ਕੁ ਉਨ੍ਹਾਂ ਦੇ ਗੀਤ ਸਨ, ਜੋ ਪੰਜਾਬੀਆਂ ਦੀ ਜ਼ੁਬਾਨ ’ਤੇ ਅੱਜ ਆਪ ਮੁਹਾਰੇ ਆ ਰਹੇ ਹਨ।
ਇਹ ਵੀ ਪੜ੍ਹੋ : ਮਰਹੂਮ ਸੁਰਿੰਦਰ ਛਿੰਦਾ ਨੇ ਤਰਾਸ਼ੇ ਸਨ ਗਾਇਕੀ ’ਚ ਤਿੰਨ ਹੀਰੇ!
ਅੱਜ ਸਵੇਰ ਉਨ੍ਹਾਂ ਦੀ ਰਿਹਾਇਸ਼ ’ਤੇ ਜਾ ਕੇ ਵੇਖਿਆ ਤਾਂ ਉਨ੍ਹਾਂ ਦੇ ਸ਼ੁਭ ਚਿੰਤਕ ਉਦਾਸ ਸਨ ਅਤੇ ਉਨ੍ਹਾ ਦੇ ਗੀਤਾਂ ਦੇ ਦੀਵਾਨੇ ਆਪਣੇ ਮਹਿਬੂਬ ਗਾਇਕ ਨੂੰ ਯਾਦ ਕਰਕੇ ਰੋ ਰਹੇ ਸਨ। ਜਦੋਂਕਿ ਉਨ੍ਹਾਂ ਦੇ ਨਿਵਾਸ ’ਤੇ ਉਨ੍ਹਾਂ ਦੇ ਸਪੁੱਤਰ ਮਨਜਿੰਦਰ ਛਿੰਦਾ ਮਨੀ ਨਾਲ ਅੱਜ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਕ੍ਰਿਸ਼ਨ ਕੁਮਾਰ ਬਾਵਾ, ਜਸਵੰਤ ਸੰਦੀਲਾ, ਅਮਰਜੀਤ ਸਿੰਘ ਟਿੱਕਾ, ਪਾਲੀ ਦੇਤਵਾਲੀਆ, ਪ੍ਰੋ. ਗੁਰਭਜਨ ਗਿੱਲ, ਪਰਮਜੀਤ ਸਿੰਘ ਸਿੱਧਵਾਂ, ਨਰਿੰਦਰ ਸਿੰਘ ਜੱਸਲ, ਪ੍ਰਗਟ ਸਿੰਘ ਗਰੇਵਾਲ, ਨਿਰਮਲ ਸਿੰਘ ਜੌੜਾ, ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਲੋਕ ਵੱਡੀ ਗਿਣਤੀ ’ਚ ਹਾਜ਼ਰ ਸਨ। ਪਰਿਵਾਰਕ ਸੂਤਰਾਂ ਦੇ ਮੁਤਾਬਕ ਉਨ੍ਹਾਂ ਦੇ ਸਪੁੱਤਰ ਅਤੇ ਬੇਟੀ ਦੇ ਵਿਦੇਸ਼ ਤੋਂ ਪਰਤਣ ’ਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਸੇ ਦੌਰਾਨ ਲੋਕ ਗਾਇਕ ਅਤੇ ਐੱਮ. ਪੀ. ਮੁਹੰਮਦ ਸਦੀਕ, ਰਵਨੀਤ ਸਿੰਘ ਬਿੱਟੂ , ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ, ਮਹੇਸ਼ਇੰਦਰ ਸਿੰਘ ਗਰੇਵਾਲ, ਭਾਰਤ ਭੂਸ਼ਣ ਆਸ਼ੂ, ਸ਼ਰਣਜੀਤ ਸਿੰਘ ਢਿੱਲੋਂ, ਸਾਰੇ ਸਾਬਕਾ ਮੰਤਰੀ, ਬਲਵੀਰ ਸਿੰਘ, ਪ੍ਰਗਟ ਸਿੰਘ ਗਰੇਵਾਲ, ਰਵਿੰਦਰ ਰੰਗੂਵਾਲ, ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਜਸਪਾਲ ਸਿੰਘ ਗਿਆਸਪੁਰਾ, ਲੁਧਿਆਣਾ ਦੇ ਸਾਬਕਾ ਮੇਅਰ ਬਲਕਾਰ ਸਿੰਘ ਸੰਧੂ ਅਤੇ ਹੋਰ ਚੋਟੀ ਦੇ ਗਾਇਕਾਂ ਨੇ ਸੁਰਿੰਦਰ ਛਿੰਦਾ ਦੇ ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ।
ਇਹ ਵੀ ਪੜ੍ਹੋ : ਬੋਤਲ ਸਸਤੀ, ਪੈੱਗ ਮਹਿੰਗਾ, ‘ਬਲਿਊ’ ਰੌਸ਼ਨੀ ਵਾਲਾ ਪੱਬ ਲਾ ਰਿਹਾ ਸਰਕਾਰੀ ਖਜ਼ਾਨੇ ਨੂੰ ਚੂਨਾ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8