ਦਿੱਲੀ-ਪਠਾਨਕੋਟ ਉਡਾਣ ਬੰਦ ਹੋਣ ’ਤੇ ਸੰਨੀ ਦਿਓਲ ਨੇ ਕੇਂਦਰੀ ਮੰਤਰੀ ਨੂੰ ਲਿਖਿਆ ਪੱਤਰ

Sunday, Mar 06, 2022 - 08:49 PM (IST)

ਦਿੱਲੀ-ਪਠਾਨਕੋਟ ਉਡਾਣ ਬੰਦ ਹੋਣ ’ਤੇ ਸੰਨੀ ਦਿਓਲ ਨੇ ਕੇਂਦਰੀ ਮੰਤਰੀ ਨੂੰ ਲਿਖਿਆ ਪੱਤਰ

ਗੁਰਦਾਸਪੁਰ (ਜੀਤ ਮਠਾਰੂ) : ਦਿੱਲੀ-ਪਠਾਨਕੋਟ ਹਵਾਈ ਸੇਵਾ ਬੰਦ ਹੋ ਜਾਣ ਕਾਰਨ ਇਸ ਹਲਕੇ ਦੇ ਸੰਸਦ ਮੈਂਬਰ ਸੰਨੀ ਦਿਓਲ ਨੇ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੂੰ ਪੱਤਰ ਲਿਖ ਕੇ ਦੇਸ਼ ਦੀ ਰਾਜਧਾਨੀ ਤੋਂ ਪਠਾਨਕੋਟ ਨੂੰ ਹਵਾਈ ਉਡਾਣਾਂ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਸੰਨੀ ਦਿਓਲ ਨੇ ਇਸ ਪੱਤਰ ਰਾਹੀਂ ਕਿਹਾ ਹੈ ਕਿ ਪਠਾਨਕੋਟ ਕਈ ਪੱਖਾਂ ਤੋਂ ਬਹੁਤ ਵੱਡੀ ਮਹੱਤਤਾ ਰੱਖਦਾ ਹੈ, ਜਿਸ ਦੇ ਨਾਲ ਹਿਮਾਚਲ ਪ੍ਰਦੇਸ਼ ਅਤੇ ਜੰਮੂ-  ਕਸ਼ਮੀਰ ਦੀਆਂ ਸਰਹੱਦਾਂ ਲੱਗਦੀਆਂ ਹਨ। ਹਿਮਾਲਿਆ ਦੇ ਨੀਵੇਂ ਪਹਾੜਾਂ ਦੇ ਪੈਰਾਂ ’ਚ ਵਸਿਆ ਇਹ ਸ਼ਹਿਰ ਹਿਮਾਚਲ ਪ੍ਰਦੇਸ਼ ਦੇ ਚੰਬਾ, ਡਲਹੌਜ਼ੀ ਅਤੇ ਮਕਲੋਡਗੰਜ ਜਾਣ ਵਾਲੇ ਸੈਲਾਨੀਆਂ ਦਾ ਮੁੱਖ ਰਸਤਾ ਹੈ।

ਇਹ ਵੀ ਪੜ੍ਹੋ : ਕਾਂਗਰਸ ਨੂੰ ਆਪਣੇ ਵਿਧਾਇਕਾਂ ’ਤੇ ਨਹੀਂ ਭਰੋਸਾ, ਡਰ ਕਾਰਨ ਰਾਜਸਥਾਨ ਦੇ ਰਿਜ਼ੋਰਟ ’ਚ ਭੇਜੇ : ਚੁੱਘ

ਇਸੇ ਸ਼ਹਿਰ ਦੀ ਦੇਸ਼ ਦੀ ਸੁਰੱਖਿਆ ਦੇ ਮਾਮਲੇ ’ਚ ਵੀ ਬਹੁਤ ਵੱਡੀ ਮਹੱਤਤਾ ਹੈ ਕਿਉਂਕਿ ਇਥੇ ਆਰਮੀ ਕੈਂਟ ਵੀ ਹੈ, ਜਿਸ ਕਾਰਨ ਫੌਜ ਦੇ ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚੋਂ ਪਠਾਨਕੋਟ ਆਉਂਦੇ-ਜਾਂਦੇ ਹਨ। ਸੰਨੀ ਦਿਓਲ ਦੇ ਪੀ. ਏ. ਪੰਕਜ ਜੋਸ਼ੀ ਨੇ ਦੱਸਿਆ ਕਿ ਪਹਿਲਾਂ ਦਿੱਲੀ ਤੋਂ ਪਠਾਨਕੋਟ ਉਡਾਣ ਹਫ਼ਤੇ ’ਚ ਤਿੰਨ ਵਾਰ ਚੱਲਦੀ ਸੀ, ਜਿਸ ਕਾਰਨ ਸੰਨੀ ਦਿਓਲ ਨੇ ਪਹਿਲਾਂ ਵੀ ਇਸ ਉਡਾਣ ਨੂੰ ਰੋਜ਼ਾਨਾ ਚਲਾਉਣ ਲਈ ਪੱਤਰ ਲਿਖ ਚੁੱਕੇ ਹਨ ਪਰ ਉਡਾਣਾਂ ਦੀ ਗਿਣਤੀ ਵਧਾਉਣ ਦੀ ਬਜਾਏ ਇਸ ਨੂੰ ਬੰਦ ਕਰ ਦਿੱਤੇ ਜਾਣ ਕਾਰਨ ਸੰਨੀ ਦਿਓਲ ਨੇ ਤੁਰੰਤ ਗੰਭੀਰਤਾ ਦਿਖਾਉਂਦੇ ਹੋਏ ਸ਼ਹਿਰੀ ਹਵਾਬਾਜ਼ੀ ਮੰਤਰੀ ਨੂੰ ਪੱਤਰ ਲਿਖ ਕੇ ਹੈਰਾਨੀ ਜ਼ਾਹਿਰ ਕੀਤੀ ਹੈ ਕਿ ਲੋਕਾਂ ਦੀ ਮੰਗ ਦੇ ਉਲਟ ਕਾਰਵਾਈ ਕਿਉਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੂਰੀ ਆਸ ਹੈ ਕਿ ਜਲਦ ਹੀ ਇਸ ਪੱਤਰ ’ਤੇ ਕਾਰਵਾਈ ਹੋਵੇਗੀ ਅਤੇ ਮੁੜ ਪਠਾਨਕੋਟ-ਦਿੱਲੀ ਉਡਾਣ ਸ਼ੁਰੂ ਹੋ ਜਾਵੇਗੀ।


author

Manoj

Content Editor

Related News