ਅਕਾਲੀ-ਬਸਪਾ ਦੇ ਗਠਜੋੜ ''ਤੇ ਜਾਖੜ ਦਾ ਵੱਡਾ ਬਿਆਨ, ''ਬੇਅਦਬੀ ਦਲ ਕਿਵੇਂ ਕਰੇਗਾ ਦਲਿਤਾਂ ਦਾ ਭਲਾ''
Sunday, Jun 13, 2021 - 12:39 PM (IST)
ਜਲੰਧਰ (ਧਵਨ)- ਪੰਜਾਬ ਵਿਚ ਸਿਆਸੀ ਸਰਗਰਮੀਆਂ ਵਿਧਾਨ ਸਭਾ ਚੋਣਾਂ ਤੋਂ 8-9 ਮਹੀਨੇ ਪਹਿਲਾਂ ਹੀ ਗਰਮਾ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਨਾਲ ਗਠਜੋੜ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਗਠਜੋੜ ਵੱਲ ਸੱਤਾਧਾਰੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਵਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਪੰਜਾਬ ਵਿਚ ਦਲਿਤ ਭਾਈਚਾਰੇ ਦੀਆਂ ਵੋਟਾਂ ਵੱਲ ਸਾਰੀਆਂ ਪਾਰਟੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇਸ ਸਬੰਧੀ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਗੱਲਬਾਤ ਕੀਤੀ ਗਈ, ਜਿਨ੍ਹਾਂ ਦੇ ਵਿਚਾਰ ਹੇਠ ਲਿਖੇ ਅਨੁਸਾਰ ਹਨ–
ਸਵਾਲ : ਅਕਾਲੀ ਦਲ ਅਤੇ ਬਸਪਾ ਦਰਮਿਆਨ ਹੋਏ ਗਠਜੋੜ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ?
ਜਵਾਬ : ਇਹ ਮੌਕਾਪ੍ਰਸਤ ਗਠਜੋੜ ਹੈ। ਚੋਣਾਂ ਨੂੰ ਵੇਖਦਿਆਂ ਅਕਾਲੀ ਦਲ ਨੇ ਇਹ ਗਠਜੋੜ ਕੀਤਾ ਹੈ ਕਿਉਂਕਿ ਉਨ੍ਹਾਂ ਨੂੰ ਇਕੱਲਿਆਂ ਆਪਣੀ ਜਿੱਤ ਦੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ ਸਨ।
ਸਵਾਲ : ਕੀ ਤੁਹਾਨੂੰ ਲੱਗਦਾ ਹੈ ਕਿ ਇਸ ਗਠਜੋੜ ਨਾਲ ਦਲਿਤ ਭਾਈਚਾਰੇ ਦਾ ਝੁਕਾਅ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਵੱਲ ਜਾਵੇਗਾ?
ਜਵਾਬ : ਅਜਿਹਾ ਕੁਝ ਵੀ ਹੋਣ ਵਾਲਾ ਨਹੀਂ। ਅਕਾਲੀ ਦਲ ਨੇ 1996 ਵਿਚ ਵੀ ਬਸਪਾ ਨਾਲ ਗਠਜੋੜ ਕੀਤਾ ਸੀ ਪਰ 1997 ਵਿਚ ਦੋਵੇਂ ਵੱਖ ਹੋ ਗਏ ਸਨ। ਉਸ ਵੇਲੇ ਵੀ ਕੁਝ ਸਮੇਂ ਲਈ ਦੋਵੇਂ ਪਾਰਟੀਆਂ ਇਕ ਹੋਈਆਂ ਸਨ ਪਰ ਆਪਸੀ ਵਿਚਾਰ ਮੇਲ ਨਾ ਖਾਣ ਕਾਰਨ ਦੋਵੇਂ ਵੱਖ ਹੋ ਗਈਆਂ ਸਨ।
ਇਹ ਵੀ ਪੜ੍ਹੋ: 1997 ਤੋਂ ਡਿੱਗ ਰਿਹੈ ਬਸਪਾ ਦਾ ਗ੍ਰਾਫ, ਕੀ ਹੁਣ ਤੱਕੜੀ ਦੇ ਸਹਾਰੇ ਉੱਠ ਸਕੇਗਾ ਹਾਥੀ?
ਸਵਾਲ : ਸੁਖਬੀਰ ਦੀ ਇਸ ਗਠਜੋੜ ਬਾਰੇ ਕੀ ਸੋਚ ਹੋ ਸਕਦੀ ਹੈ?
ਜਵਾਬ : ਸੁਖਬੀਰ ਦੀ ਸੋਚ ਫਿਊਡਲਿਸਟਿਕ ਹੈ। ਉਹ ਦਲਿਤਾਂ ਦਾ ਭਲਾ ਨਹੀਂ ਕਰ ਸਕਦੇ। ਸੁਖਬੀਰ ਨੂੰ ਇਹ ਯਾਦ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੀ 10 ਸਾਲ ਦੀ ਸਰਕਾਰ ਵੇਲੇ ਅਬੋਹਰ ਵਿਚ ਕਿਵੇਂ ਦਲਿਤ ਪਰਿਵਾਰਾਂ ’ਤੇ ਅੱਤਿਆਚਾਰ ਹੋਏ ਸਨ ਅਤੇ ਇਕ ਦਲਿਤ ਵਿਅਕਤੀ ਦੇ ਸਰੀਰ ਦੇ ਟੁਕੜੇ-ਟੁਕੜੇ ਕਰ ਦਿੱਤੇ ਗਏ ਸਨ, ਜਿਸ ਵਿਚ ਇਨ੍ਹਾਂ ਦੀ ਪਾਰਟੀ ਦੇ ਕੁਝ ਨੇਤਾ ਸ਼ਾਮਲ ਸਨ। ਭੀਮ ਟਾਂਕ ਕਾਂਡ ਨੂੰ ਕੋਈ ਨਹੀਂ ਭੁਲਾ ਸਕਦਾ।
ਇਹ ਵੀ ਪੜ੍ਹੋ: ਚੜ੍ਹਦੀ ਜਵਾਨੀ 'ਚ ਜਹਾਨੋਂ ਤੁਰ ਗਿਆ ਜਵਾਨ ਪੁੱਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
ਸਵਾਲ: ਅਕਾਲੀ ਦਲ ਦਾ ਭਵਿੱਖ ਤੁਸੀਂ ਕੀ ਵੇਖਦੇ ਹੋ?
ਜਵਾਬ : ਅਕਾਲੀ ਦਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਆਪਣੇ ਸਮੇਂ ’ਚ ਕਰਵਾਈ ਸੀ। ਕਾਂਗਰਸ ਸਰਕਾਰ ਨੇ ਹੀ ਸੱਤਾ ਵਿਚ ਆਉਣ ਤੋਂ ਬਾਅਦ ਬੇਅਦਬੀ ਕਾਂਡ ਵਿਚ ਸ਼ਾਮਲ ਲੋਕਾਂ ਦੀਆਂ ਗ੍ਰਿਫ਼ਤਾਰੀਆਂ ਕਰਵਾਈਆਂ। ਇਹ ਪਾਰਟੀ ਤਾਂ ਗੁਰੂ ਦੀ ਬੇਅਦਬੀ ਕਰਨ ਵਾਲੀ ਪਾਰਟੀ ਦੇ ਨਾਂ ਨਾਲ ਮਸ਼ਹੂਰ ਹੋ ਚੁੱਕੀ ਹੈ। ਇਸ ਲਈ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਬਸਪਾ ਨਾਲ ਤਾਲਮੇਲ ਕਰ ਕੇ ਅਕਾਲੀ ਦਲ ਨੂੰ ਕੋਈ ਲਾਭ ਮਿਲਣ ਵਾਲਾ ਹੈ।
ਸਵਾਲ : ਅਕਾਲੀ ਦਲ ਨੇ ਆਖਰ ਭਾਜਪਾ ਨੂੰ ਅਲਵਿਦਾ ਕਿਉਂ ਕਿਹਾ?
ਜਵਾਬ : ਅਕਾਲੀ ਦਲ ਨੇ ਮਜਬੂਰੀ ’ਚ ਇਹ ਕਦਮ ਚੁੱਕਿਆ ਸੀ। ਕਿਸਾਨਾਂ ਦੇ ਮੁੱਦਿਆਂ ’ਤੇ ਅਕਾਲੀ ਦਲ ਦੀ ਪੋਲ ਖੁੱਲ੍ਹ ਗਈ ਸੀ। ਕਿਸਾਨਾਂ ਖਿਲਾਫ ਬਣੇ ਕਾਨੂੰਨ ਦੇ ਪਿੱਛੇ ਅਕਾਲੀ ਦਲ ਦੀ ਸਹਿਮਤੀ ਸੀ। ਭਾਜਪਾ ਤੋਂ ਵੱਖ ਹੋਣ ਤੋਂ ਬਾਅਦ ਅਕਾਲੀ ਦਲ ਨੂੰ ਇੰਝ ਲੱਗ ਰਿਹਾ ਸੀ ਕਿ ਅਗਲੀਆਂ ਚੋਣਾਂ ਵਿਚ ਉਸ ਦੀ ਦਾਲ ਗਲਣ ਵਾਲੀ ਨਹੀਂ। ਅਜਿਹੀ ਸਥਿਤੀ ’ਚ ਕਿਸੇ ਨਾ ਕਿਸੇ ਪਾਰਟੀ ਦਾ ਉਨ੍ਹਾਂ ਨੂੰ ਸਹਾਰਾ ਚਾਹੀਦਾ ਸੀ, ਜੋ ਉਨ੍ਹਾਂ ਨੇ ਬਸਪਾ ’ਚ ਵੇਖਿਆ।
ਇਹ ਵੀ ਪੜ੍ਹੋ: ਹੈਰਾਨੀਜਨਕ! ਜਲੰਧਰ ’ਚ ਕੋਰੋਨਾ ਕਾਰਨ ਕਿੰਨੇ ਲੋਕਾਂ ਦੀ ਹੋਈ ਮੌਤ, ਨਿਗਮ ਕੋਲ ਡਾਟਾ ਹੀ ਕੰਪਾਈਲ ਨਹੀਂ
ਸਵਾਲ : ਅਕਾਲੀ ਦਲ ਦੀ ਲੀਡਰਸ਼ਿਪ ਤਾਂ ਹੁਣ ਵੀ ਕਾਂਗਰਸੀ ਮੰਤਰੀਆਂ ਨੂੰ ਧਮਕੀਆਂ ਦੇ ਰਹੀ ਹੈ?
ਜਵਾਬ : ਅਜਿਹਾ ਲੱਗਦਾ ਹੈ ਕਿ ਅਕਾਲੀ ਦਲ ਦੀ ਲੀਡਰਸ਼ਿਪ ਅਜੇ ਵੀ ਹੰਕਾਰ ’ਚ ਹੈ। ਇਹ ਹੰਕਾਰ 2022 ਵਿਚ ਟੁੱਟਣ ਵਾਲਾ ਹੈ। ਲੋਕ ਅਜੇ ਵੀ ਭੁੱਲੇ ਨਹੀਂ ਕਿ ਕਿਵੇਂ ਗੈਂਗਸਟਰਾਂ ਨੂੰ ਪੰਜਾਬ ਵਿਚ ਉਤਸ਼ਾਹਿਤ ਸਾਬਕਾ ਅਕਾਲੀ ਸਰਕਾਰ ਵੇਲੇ ਕੀਤਾ ਗਿਆ ਸੀ। ਅਜਿਹੀ ਹਾਲਤ ’ਚ ਉਨ੍ਹਾਂ ਦਾ ਹੰਕਾਰ ਮੁੜ ਟੁੱਟੇਗਾ।
ਸਵਾਲ : ਬਸਪਾ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਜਵਾਬ : ਬਸਪਾ ਦੇ ਸਾਬਕਾ ਸੁਪਰੀਮੋ ਕਾਂਸ਼ੀ ਰਾਮ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਡੂੰਘੀ ਆਸਥਾ ਸੀ। ਬਸਪਾ ਦੀ ਮੌਜੂਦਾ ਲੀਡਰਸ਼ਿਪ ਨੇ ਉਸ ਪਾਰਟੀ ਨਾਲ ਸਮਝੌਤਾ ਕਰ ਲਿਆ, ਜਿਸ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਉਣ ਦੇ ਗੰਭੀਰ ਦੋਸ਼ ਲੱਗੇ ਹੋਏ ਹਨ।
ਇਹ ਵੀ ਪੜ੍ਹੋ: ਗੈਂਗਸਟਰ ਜਸਪ੍ਰੀਤ ਜੱਸੀ ਦਾ ਹੋਇਆ ਅੰਤਿਮ ਸੰਸਕਾਰ, ਭੈਣ ਨੇ ਦਿੱਤੀ ਮੁੱਖ ਅਗਨੀ ਤੇ ਧਾਹਾਂ ਮਾਰ ਰੋਇਆ ਪਰਿਵਾਰ
ਸਵਾਲ : ਕਾਂਗਰਸ ’ਚ ਚੱਲ ਰਿਹਾ ਸੰਕਟ ਕਦੋਂ ਤਕ ਹੱਲ ਹੋਵੇਗਾ?
ਜਵਾਬ : ਮੈਨੂੰ ਲੱਗਦਾ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵੱਲੋਂ ਅਗਲੇ ਹਫ਼ਤੇ ਤੱਕ ਇਸ ਸੰਕਟ ਦਾ ਨਿਪਟਾਰਾ ਕਰ ਲਿਆ ਜਾਵੇਗਾ। ਜਿੰਨੀ ਜਲਦੀ ਇਸ ਮਸਲੇ ਦਾ ਹੱਲ ਹੋਵੇਗਾ, ਓਨਾ ਹੀ ਪਾਰਟੀ ਦਾ ਭਲਾ ਹੋਵੇਗਾ।
ਸਵਾਲ : ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀਆਂ ਕੀ ਸੰਭਾਵਨਾਵਾਂ ਨਜ਼ਰ ਆਉਂਦੀਆਂ ਹਨ?
ਜਵਾਬ : ਕਾਂਗਰਸ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ’ਚ ਮੁੜ ਆਪਣੀ ਸਰਕਾਰ ਪੰਜਾਬ ਵਿਚ ਬਣਾਏਗੀ। ਕੈਪਟਨ ਇਸ ਵੇਲੇ ਸੂਬੇ ਵਿਚ ਸਭ ਤੋਂ ਵੱਡੇ ਨੇਤਾ ਹਨ। ਉਨ੍ਹਾਂ ਨੇ ਪਾਰਦਰਸ਼ੀ ਸ਼ਾਸਨ ਦਿੱਤਾ ਹੈ। ਜਨਤਾ ਕਾਂਗਰਸ ਨੂੰ ਇਕ ਹੋਰ ਮੌਕਾ ਦੇਵੇਗੀ।
ਸਵਾਲ : ਕੇਂਦਰ ਦੀ ਮੋਦੀ ਸਰਕਾਰ ਬਾਰੇ ਜਨਤਾ ਦੀ ਕੀ ਰਾਏ ਹੈ?
ਜਵਾਬ : ਮੋਦੀ ਸਰਕਾਰ ਤੋਂ ਜਨਤਾ ਦਾ ਮੋਹ ਭੰਗ ਹੋ ਚੁੱਕਾ ਹੈ। ਪੱਛਮੀ ਬੰਗਾਲ ਦੇ ਚੋਣ ਨਤੀਜੇ ਇਸ ਦੀ ਉਦਾਹਰਣ ਹਨ। ਮਹਿੰਗਾਈ ਸਿਖ਼ਰ ’ਤੇ ਪਹੁੰਚੀ ਹੋਈ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਤੇ ਸਰਕਾਰ ਕੰਟੋਰਲ ਨਹੀਂ ਕਰ ਸਕੀ। ਜਨਤਾ ਕੋਵਿਡ ਦੇ ਦੌਰ ’ਚ ਬੁਰੀ ਤਰ੍ਹਾਂ ਮਹਿੰਗਾਈ ਅਤੇ ਬੇਰੋਜ਼ਗਾਰੀ ਦੇ ਬੋਝ ਹੇਠ ਦੱਬੀ ਪਈ ਹੈ।
ਇਹ ਵੀ ਪੜ੍ਹੋ: ਜਲੰਧਰ: ਦਿਵਿਆਂਗ ਨਾਲ ਕੁੱਟਮਾਰ ਕਰਨ ਵਾਲੇ ਏ. ਐੱਸ. ਆਈ. ’ਤੇ ਡਿੱਗੀ ਗਾਜ, ਹੋਇਆ ਸਸਪੈਂਡ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ