ਇਤਰਾਜ਼ਯੋਗ ਵੀਡੀਓ ਮਾਮਲੇ 'ਤੇ ਮੰਤਰੀ ਖ਼ਿਲਾਫ਼ ਜਾਖੜ ਵੱਲੋਂ ਰਾਜਪਾਲ ਤੋਂ ਨਿਰਪੱਖ ਜਾਂਚ ਦੀ ਮੰਗ

01/25/2024 4:20:21 PM

ਜਲੰਧਰ/ਚੰਡੀਗੜ੍ਹ (ਵੈੱਬ ਡੈਸਕ)- ਪੰਜਾਬ ਸਰਕਾਰ ਦੇ ਇਕ ਹੋਰ ਕੈਬਨਿਟ ਮੰਤਰੀ ਦੀ ਇਤਰਾਜ਼ਯੋਗ ਵੀਡੀਓ ਦਾ ਮਾਮਲਾ ਹੁਣ ਤੂਲ ਫੜਨ ਲੱਗ ਗਿਆ ਹੈ। ਇਸ ਮਾਮਲੇ ਵਿਚ ਹੁਣ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੋਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।  

ਜਾਖੜ ਨੇ ਟਵੀਟ ਜ਼ਰੀਏ ਇਕ ਪੋਸਟ ਪਾ ਕੇ ਕਿਹਾ ਕਿ ਮੈਂ ਮਾਣਯੋਗ ਰਾਜਪਾਲ ਪੰਜਾਬ ਬਨਵਾਰੀ ਲਾਲ ਪੁਰੋਹਿਤ ਜੀ ਨੂੰ ਇਕ ਹੋਰ 'ਆਪ' ਮੰਤਰੀ ਖ਼ਿਲਾਫ਼ ਲਗਾਏ ਗਏ ਨੈਤਿਕ ਗਿਰਾਵਟ ਦੇ ਗੰਭੀਰ ਦੋਸ਼ਾਂ ਦੀ ਨਿਰਪੱਖ ਜਾਂਚ ਸ਼ੁਰੂ ਕਰਨ ਲਈ ਬੇਨਤੀ ਪੱਤਰ ਲਿਖ ਰਿਹਾ ਹਾਂ। ਮੇਰੀ ਅਪੀਲ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਜੇਕਰ ਇਹ ਦੋਸ਼ ਸਹੀ ਪਾਏ ਜਾਂਦੇ ਹਨ, ਤਾਂ ਇਸ ਵਾਰ ਢੁੱਕਵੀਂ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਭਗਵੰਤ ਮਾਨ ਸਰਕਾਰ ਦੇ ਪਹਿਲਾ ਅਜਿਹੇ ਹੀ ਇਕ ਮੰਤਰੀ ਦੇ ਮਾਮਲੇ ਵਿਚ ਵਿਖਾਈ ਦਿੱਤੇ ਹੰਕਾਰੀ, ਗੈਰ-ਕਾਨੂੰਨੀ ਅਤੇ ਗੈਰ-ਜ਼ਿੰਮੇਵਾਰਾਨਾ ਵਿਹਾਰ ਵਾਲੀ ਗੱਲ ਦੁਹਰਾਈ ਨਾ ਜਾ ਸਕੇ ਅਤੇ ਸਰਕਾਰ ਵਿੱਚ ਲੋਕਾਂ ਦਾ ਵਿਸ਼ਵਾਸ ਬਹਾਲ ਕੀਤਾ ਜਾ ਸਕੇ। 

ਜਾਣੋ ਪੂਰਾ ਮਾਮਲਾ 
ਜ਼ਿਕਰਯੋਗ ਹੈ ਕਿ ਬੀਤੇ ਦਿਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਪੰਜਾਬ ਕੈਬਨਿਟ ਮੰਤਰੀ ਬਲਕਾਰ ਸਿੰਘ ਦੀ ਇਤਰਾਜ਼ਯੋਗ ਵੀਡੀਓ ਨੂੰ ਬਨਵਾਰੀ ਲਾਲ ਪੁਰੋਹਿਤ ਨੂੰ ਸੌਂਪਣ ਦਾ ਦਾਅਵਾ ਕੀਤਾ ਗਿਆ ਸੀ ਅਤੇ ਇਸ ਦੇ ਨਾਲ ਹੀ ਇਸ ਮਾਮਲੇ ਵਿਚ ਉਨ੍ਹਾਂ ਵੱਲੋਂ ਬਨਵਾਰੀ ਲਾਲ ਪੁਰੋਹਿਤ ਤੋਂ ਮੰਤਰੀ ਨੂੰ ਬਰਖ਼ਾਸਤ ਕਰਨ ਅਤੇ ਇਸ ਮਾਮਲੇ ਦੀ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਉਣ ਦੀ ਮੰਗ ਰੱਖੀ ਗਈ ਹੈ।   ਇਸ ਤੋਂ ਇਲਾਵਾ ਰਾਜਪਾਲ ਨੂੰ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਮੁਲਜ਼ਮ ਸਾਰੇ ਮੰਤਰੀਆਂ ਨੂੰ ਗਣਤੰਤਰ ਦਿਵਸ ’ਤੇ ਰਾਸ਼ਟਰੀ ਝੰਡਾ ਲਹਿਰਾਉਣ ਤੋਂ ਰੋਕਣ ਦੀ ਵੀ ਅਪੀਲ ਕੀਤੀ ਗਈ ਹੈ। ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਰਾਜਪਾਲ ਨੂੰ ਸਮੁੱਚੇ ਘਟਨਾਕ੍ਰਮ ਤੋਂ ਜਾਣੂੰ ਕਰਵਾਉਂਦਿਆਂ ਦੱਸਿਆ ਕਿ ਪੀੜਤਾ ਨੂੰ ਡਰਾਇਆ ਅਤੇ ਧਮਕਾਇਆ ਗਿਆ, ਜਿਸ ਕਾਰਨ ਉਹ ਮੰਤਰੀ ਵਿਰੁੱਧ ਕੇਸ ਦਰਜ ਕਰਵਾਉਣ ਲਈ ਅੱਗੇ ਨਹੀਂ ਆਈ।

ਇਹ ਵੀ ਪੜ੍ਹੋ : ਇਤਰਾਜ਼ਯੋਗ ਵੀਡੀਓ ਮਾਮਲੇ 'ਤੇ ਮਜੀਠੀਆ ਨੇ ਦੱਸਿਆ ਮੰਤਰੀ ਦਾ ਨਾਂ, ਗਵਰਨਰ ਨੂੰ ਸੌਂਪੀ ਵੀਡੀਓ

PunjabKesari

ਅਕਾਲੀ ਆਗੂਆਂ ਨੇ ਰਾਜਪਾਲ ਨੂੰ ਇਹ ਵੀ ਦੱਸਿਆ ਕਿ ਕਿਵੇਂ ਹਾਲ ਹੀ ਵਿਚ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਅਮਰਜੀਤ ਸੰਦੋਆ ਦੇ ਕੈਨੇਡਾ ਤੋਂ ਡਿਪੋਰਟ ਕਰਨ ਤੋਂ ਰੋਕਣ ਲਈ ਪੁਲਸ ਕਲੀਅਰੈਂਸ ਸਰਟੀਫਿਕੇਟ ਹਾਸਲ ਕਿਵੇਂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਨੇ ਸੰਦੋਆ ਨੂੰ ਪੁਲਸ ਕਲੀਅਰੈਂਸ ਸਰਟੀਫਿਕੇਟ ਪ੍ਰਾਪਤ ਕਰਨ ਅਤੇ ਕੈਨੇਡਾ ਜਾਣ ਦੀ ਸਹੂਲਤ ਦੇਣ ਵਿਚ ਮਦਦ ਕੀਤੀ, ਜਿਸ ਨਾਲ ਦੁਨੀਆ ਵਿਚ ਪੰਜਾਬ ਅਤੇ ਇਸ ਦੀਆਂ ਕਦਰਾਂ-ਕੀਮਤਾਂ ਬਾਰੇ ਗਲਤ ਸੰਦੇਸ਼ ਗਿਆ ਹੈ। ਵਫ਼ਦ ਨੇ ਰਾਜਪਾਲ ਕੋਲੋਂ ਇਸ ਮਾਮਲੇ ਵਿਚ ਕਾਰਵਾਈ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਸੰਦੋਆ ਨੂੰ ਜਾਰੀ ਕੀਤਾ ਪੁਲਸ ਕਲੀਅਰੈਂਸ ਸਰਟੀਫਿਕੇਟ ਵਾਪਸ ਲਿਆ ਜਾਵੇ।

ਇਹ ਵੀ ਪੜ੍ਹੋ : ਜਲੰਧਰ ਵਿਖੇ ਗਣਤੰਤਰ ਦਿਵਸ ਮੌਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ ’ਚ ਹੋਈ ਫੁੱਲ ਡਰੈੱਸ ਰਿਹਰਸਲ

ਮਜੀਠੀਆ ਅਤੇ ਡਾ. ਚੀਮਾ ਨੇ ਰਾਜਪਾਲ ਨੂੰ ਵੀ ਅਪੀਲ ਕੀਤੀ ਕਿ ਉਹ ਮੰਤਰੀਆਂ ਲਾਲਚੰਦ ਕਟਾਰੂਚੱਕ ਅਤੇ ਅਮਨ ਅਰੋੜਾ ਨੂੰ ਗਣਤੰਤਰ ਦਿਵਸ ਮੌਕੇ ਰਾਸ਼ਟਰੀ ਝੰਡਾ ਲਹਿਰਾਉਣ ਤੋਂ ਰੋਕਣ। ਉਨ੍ਹਾਂ ਕਿਹਾ ਕਿ ਕਟਾਰੂਚੱਕ ਖਿਲਾਫ ਇਕ ਇਤਰਾਜ਼ਯੋਗ ਵੀਡੀਓ ਸਬੰਧੀ ਕੇਸ ਨੂੰ ਭਾਵੇਂ ਸੂਬਾ ਪੁਲਸ ਨੇ ਬੰਦ ਕਰ ਦਿੱਤਾ ਸੀ ਪਰ ਅਜਿਹੇ ਘਿਨਾਉਣੇ ਅਪਰਾਧ ਦੇ ਮੁਲਜ਼ਮ ਕਿਸੇ ਵੀ ਵਿਅਕਤੀ ਨੂੰ ਰਾਜ ਦੇ ਸਮਾਗਮਾਂ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਮਨ ਅਰੋੜਾ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਹੈ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਉਨ੍ਹਾਂ ਨੂੰ ਤੁਰੰਤ ਅਹੁਦੇ ਤੋਂ ਹਟਾਇਆ ਜਾਵੇ ਅਤੇ ਉਨ੍ਹਾਂ ਨੂੰ 26 ਜਨਵਰੀ ਨੂੰ ਕੌਮੀ ਝੰਡਾ ਲਹਿਰਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News