ਰਾਫੇਲ ਹਵਾਈ ਜਹਾਜ਼ ਦਾ ''ਡੁਪਲੀਕੇਟ'' ਲੈ ਕੇ ਸੰਸਦ ਭਵਨ ''ਚ ਪਹੁੰਚੇ ਜਾਖੜ

12/13/2018 6:24:58 PM

ਜਲੰਧਰ (ਧਵਨ)— ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਬੁੱਧਵਾਰ ਲੋਕਸਭਾ 'ਚ ਰਾਫੇਲ ਹਵਾਈ ਜਹਾਜ਼ ਦਾ ਡੁਪਲੀਕੇਟ ਮਾਡਲ ਲੈ ਕੇ ਪਹੁੰਚ ਗਏ, ਜਿਸ ਕਾਰਨ ਸੰਸਦ ਭਵਨ ਕੰਪਲੈਕਸ 'ਚ ਇਕ ਤਰ੍ਹਾਂ ਨਾਲ ਹਲਚਲ ਮਚ ਗਈ। ਮੀਡੀਆ ਵਾਲੇ ਰਾਫੇਲ ਦਾ ਮਾਡਲ ਦੇਖਦਿਆਂ ਹੀ ਤੇਜ਼ੀ ਨਾਲ ਜਾਖੜ ਵਲ ਵਧੇ। ਜਾਖੜ ਨੇ ਇਸ ਮੌਕੇ 'ਤੇ ਮੀਡੀਆ ਨੂੰ ਦੱਸਿਆ ਕਿ ਰਾਫੇਲ ਹਵਾਈ ਜਹਾਜ਼ ਸੌਦੇ ਦੀ ਜਾਂਚ ਸੰਸਦ ਦੀ ਸਾਂਝੀ ਕਮੇਟੀ ਕੋਲੋਂ ਕਰਵਾਈ ਜਾਣੀ ਚਾਹੀਦੀ ਹੈ ਤਾਂ ਜੋ ਘਪਲਿਆਂ 'ਚ ਲੁਕੀਆਂ ਅੰਦਰੂਨੀ ਗੱਲਾਂ ਨੂੰ ਬਾਹਰ ਲਿਆਂਦਾ ਜਾ ਸਕੇ। ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕੀਤਾ ਹੈ। ਸੰਸਦ 'ਚ ਇਸ ਨਾਜ਼ੁਕ ਮੁੱਦੇ 'ਤੇ ਕੋਈ ਬਹਿਸ ਨਹੀਂ ਕਰਵਾਈ ਗਈ।

ਜਾਖੜ ਨੇ ਕਿਹਾ ਕਿ ਮੰਗਲਵਾਰ ਸੰਸਦ ਦੇ ਸਰਦ ਰੁੱਤ ਸਮਾਗਮ ਦੇ ਸ਼ੁਰੂ ਹੋਣ ਸਮੇਂ ਮੋਦੀ ਨੇ ਰਾਫੇਲ ਹਵਾਈ ਜਹਾਜ਼ ਸੌਦੇ 'ਤੇ ਚਰਚਾ ਦੀ ਗੱਲ ਕਹੀ ਸੀ ਪਰ ਬੁੱਧਵਾਰ ਦੂਜੇ ਦਿਨ ਉਨ੍ਹਾਂ ਨੇ ਇਸ ਸਬੰਧੀ ਚਰਚਾ ਕਰਵਾਉਣ ਤੋਂ ਸਾਫ ਨਾਂਹ ਕਰ ਦਿੱਤੀ। ਕਾਂਗਰਸ ਨੇ ਹਾਊਸ 'ਚ ਕੰਮ ਰੋਕੂ ਮਤਾ ਪੇਸ਼ ਕਰਨ ਦੀ ਜ਼ਿੰਮੇਵਾਰੀ ਮੈਨੂੰ ਸੌਂਪੀ ਸੀ। ਰਾਫੇਲ ਸੌਦੇ ਦੀ ਜਾਂਚ ਤੋਂ ਦੌੜਨ ਦੇ ਮਾਮਲੇ ਨੂੰ ਪਾਰਟੀ ਪ੍ਰਧਾਨ ਰਾਹੁਲ ਨੇ ਦੇਸ਼ ਦੇ ਲੋਕਾਂ ਸਾਹਮਣੇ ਅਸਰਦਾਰ ਢੰਗ ਨਾਲ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਸੰਸਦ 'ਚ ਖੁੱਲ੍ਹ ਕੇ ਇਸ ਮੁੱਦੇ 'ਤੇ ਗੱਲਬਾਤ ਹੋਣੀ ਚਾਹੀਦੀ ਹੈ। 

ਉਹ ਰਾਫੇਲ ਹਵਾਈ ਜਹਾਜ਼ ਦਾ ਕਾਗਜ਼ ਰੂਪੀ ਮਾਡਲ ਸੰਸਦ ਭਵਨ 'ਚ ਇਸ ਲਈ ਲੈ ਕੇ ਆਏ ਹਨ ਤਾਂ ਜੋ ਦੇਸ਼ ਦੇ ਲੋਕਾਂ ਨੂੰ ਦੱਸਿਆ ਜਾ ਸਕੇ ਕਿ ਜਿਸ ਰਿਲਾਇੰਸ ਕੰਪਨੀ ਨੂੰ ਰਾਫੇਲ ਹਵਾਈ ਜਹਾਜ਼ ਬਾਰੇ ਠੇਕਾ ਦਿੱਤਾ ਗਿਆ ਹੈ, ਉਹ ਤਾਂ ਕਾਗਜ਼ ਦਾ ਹਵਾਈ ਜਹਾਜ਼ ਦਾ ਮਾਡਲ ਤੱਕ ਬਣਾਉਣ 'ਚ ਸਮਰੱਥ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਰਾਫੇਲ ਮੁੱਦੇ 'ਤੇ ਚੁੱਪ ਨਹੀਂ ਰਹੇਗੀ। ਲੋਕ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਚੁੱਕੇ ਹਨ। ਚੜ੍ਹਦੇ ਸਾਲ ਹੋਣ ਵਾਲੀਆਂ ਆਮ ਚੋਣਾਂ ਦੌਰਾਨ ਭਾਜਪਾ ਦਾ ਸਫਾਇਆ ਯਕੀਨੀ ਹੈ। ਜੇ ਮੋਦੀ ਸਰਕਾਰ ਨੇ ਰਾਫੇਲ ਹਵਾਈ ਜਹਾਜ਼ ਸੌਦੇ ਦੀ ਜਾਂਚ ਨਾ ਕਰਵਾਈ ਤਾਂ 2019 'ਚ ਸੱਤਾ 'ਚ ਆਉਣ 'ਤੇ ਕਾਂਗਰਸ ਇਸ ਘਪਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਦੋਸ਼ੀਆਂ ਦੇ ਚਿਹਰੇ ਬੇਨਕਾਬ ਕਰੇਗੀ।


shivani attri

Content Editor

Related News