ਜਾਖੜ ਆਪਣੀ ਸਰਕਾਰ ਤੋਂ ਪੈਟਰੋਲ ਤੇ ਡੀਜ਼ਲ ''ਤੇ ਵੈਟ ਘੱਟ ਕਰਵਾਉਣ : ਮਜੀਠੀਆ

Tuesday, Jun 12, 2018 - 06:49 AM (IST)

ਜਾਖੜ ਆਪਣੀ ਸਰਕਾਰ ਤੋਂ ਪੈਟਰੋਲ ਤੇ ਡੀਜ਼ਲ ''ਤੇ ਵੈਟ ਘੱਟ ਕਰਵਾਉਣ : ਮਜੀਠੀਆ

ਚੰਡੀਗੜ੍ਹ(ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਕਿਹਾ ਹੈ ਕਿ ਉਹ ਪੈਟਰੋਲ ਅਤੇ ਡੀਜ਼ਲ 'ਤੇ ਟੈਕਸ ਘਟਾਏ ਜਾਣ ਦੇ ਮੁੱਦੇ 'ਤੇ ਨਕਲੀ ਰੋਸ ਪ੍ਰਦਰਸ਼ਨ ਕਰਨੇ ਬੰਦ ਕਰਨ ਅਤੇ ਇਸ ਦੀ ਬਜਾਏ ਇਨ੍ਹਾਂ ਪੈਟਰੋਲੀਅਮ ਵਸਤਾਂ 'ਤੇ ਵੈਟ ਘਟਾਉਣ ਲਈ ਪੰਜਾਬ ਦੀ ਕਾਂਗਰਸ ਸਰਕਾਰ 'ਤੇ ਦਬਾਅ ਪਾਉਣ ਅਤੇ ਆਮ ਆਦਮੀ ਨੂੰ 20 ਰੁਪਏ ਪ੍ਰਤੀ ਲਿਟਰ ਦੀ ਤੁਰੰਤ ਰਾਹਤ ਦਿਵਾਉਣ । ਪ੍ਰਦੇਸ਼ ਕਾਂਗਰਸ ਦੁਆਰਾ ਕੀਤੇ ਜਾ ਰਹੇ ਪ੍ਰਦਰਸ਼ਨਾਂ ਬਾਰੇ ਟਿੱਪਣੀ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੀ.ਪੀ.ਸੀ.ਸੀ. ਪ੍ਰਧਾਨ ਸੁਨੀਲ ਜਾਖੜ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹ ਕਿਉਂ ਇਸ ਤਰ੍ਹਾਂ ਧੋਖੇਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਤੁਸੀਂ ਚਾਹੁੰਦੇ ਹੋ ਕਿ ਕੇਂਦਰ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਘਟਾ ਦੇਵੇ, ਜਿਸ ਬਾਰੇ ਪਹਿਲਾਂ ਤੋਂ ਵਿਚਾਰ ਕੀਤਾ ਜਾ ਰਿਹਾ ਹੈ ਪਰ ਤੁਸੀਂ ਆਪਣੀ ਸਰਕਾਰ ਉਤੇ ਇਸ ਗੱਲ ਲਈ ਦਬਾਅ ਪਾਉਣ ਤੋਂ ਇਨਕਾਰੀ ਹੋ ਕਿ ਉਹ ਇਨ੍ਹਾਂ ਦੋਵੇਂ ਵਸਤਾਂ 'ਤੇ ਸੂਬਾਈ ਟੈਕਸ ਨੂੰ ਘੱਟ ਕਰ ਦੇਵੇ। ਪੰਜਾਬ ਅੰਦਰ ਇਹ ਟੈਕਸ ਪੂਰੇ ਉੱਤਰੀ ਭਾਰਤ ਨਾਲੋਂ ਜ਼ਿਆਦਾ ਹੈ ਅਤੇ ਪੂਰੇ ਮੁਲਕ ਅੰਦਰ ਸਭ ਤੋਂ ਵੱਧ ਟੈਕਸ ਲਾਉਣ ਵਾਲੇ ਰਾਜਾਂ ਵਿਚ ਪੰਜਾਬ ਤੀਜੇ ਸਥਾਨ 'ਤੇ ਹੈ। ਤੁਹਾਡੇ ਤੋਂ ਉਮੀਦ ਸੀ ਕਿ ਤੁਸੀਂ ਆਮ ਆਦਮੀ ਨੂੰ ਰਾਹਤ ਦਿਵਾਓਗੇ ਪਰ ਤੁਸੀਂ ਆਪਣੀ ਕਥਨੀ ਨੂੰ ਅਮਲੀ ਜਾਮਾ ਪਹਿਨਾਉਣ ਅਤੇ ਤੁਰੰਤ ਅਜਿਹੀ ਰਾਹਤ ਦੇਣ ਦੀ ਥਾਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ । ਅਕਾਲੀ ਆਗੂ ਨੇ ਕਿਹਾ ਕਿ ਜਾਖੜ ਨੂੰ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਇਸ ਦਲੀਲ ਨੂੰ ਕਿਉਂ ਸਵੀਕਾਰ ਕੀਤਾ ਸੀ ਕਿ ਉਹ ਪੈਟਰੋਲ ਅਤੇ ਡੀਜ਼ਲ 'ਤੇ ਇਕ ਪੈਸਾ ਵੀ ਵੈਟ ਨਹੀਂ ਘਟਾਉਣਗੇ। ਕਾਂਗਰਸ ਸਰਕਾਰ ਦੇ ਕਿਸਾਨਾਂ ਨਾਲ ਸਲਾਹ ਕੀਤੇ ਬਿਨਾਂ ਝੋਨੇ ਦੀ ਲੁਆਈ 20 ਜੂਨ ਤਕ ਲਟਕਾਉਣ ਦੇ ਤੁਗ਼ਲਕੀ ਫਰਮਾਨ ਬਾਰੇ ਟਿੱਪਣੀ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਅਜਿਹੇ ਫੈਸਲੇ ਕਾਂਗਰਸੀ ਹਕੂਮਤ ਵਲੋਂ ਹੀ ਲਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਹੋਰ ਵਧਾਉਂਦੀ ਜਾਪਦੀ ਹੈ, ਜਿਹੜੇ ਪਹਿਲਾਂ ਹੀ ਕਾਂਗਰਸ ਵਲੋਂ ਕੀਤੇ ਵਾਅਦੇ ਮੁਤਾਬਿਕ 90 ਹਜ਼ਾਰ ਕਰੋੜ ਰੁਪਏ ਦੀ ਕਰਜ਼ਾ ਮੁਆਫੀ ਦੀ ਸਕੀਮ ਲਾਗੂ ਨਾ ਕੀਤੇ ਜਾਣ ਕਰਕੇ ਖੁਦਕੁਸ਼ੀਆਂ ਕਰ ਰਹੇ ਹਨ।


Related News