ਜਾਖੜ ਦਿੱਲੀ ''ਚ, ਮਿਲਣਗੇ ਸੋਨੀਆ ਨੂੰ

Wednesday, Aug 14, 2019 - 02:24 PM (IST)

ਜਾਖੜ ਦਿੱਲੀ ''ਚ, ਮਿਲਣਗੇ ਸੋਨੀਆ ਨੂੰ

ਜਲੰਧਰ (ਧਵਨ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਪਿਛਲੇ ਕੁਝ ਦਿਨਾਂ ਤੋਂ ਦਿੱਲੀ 'ਚ ਹੀ ਟਿਕੇ ਹੋਏ ਹਨ। ਉਨ੍ਹਾਂ ਵਲੋਂ ਆਉਂਦੇ ਕੁਝ ਦਿਨਾਂ ਦੌਰਾਨ ਪਾਰਟੀ ਦੀ ਨਵੀਂ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੇ ਜਾਣ ਦੀ ਸੰਭਾਵਨਾ ਹੈ। ਕਾਂਗਰਸੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਾਖੜ ਨੇ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਪਿੱਛੋਂ 24 ਮਈ ਨੂੰ ਰਾਹੁਲ ਗਾਂਧੀ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਸੀ। ਜਾਖੜ ਦੇ ਅਸਤੀਫੇ ਨੂੰ ਅਜੇ ਤਕ ਨਾ ਤਾਂ ਪ੍ਰਵਾਨ ਕੀਤਾ ਗਿਆ ਹੈ ਅਤੇ ਨਾ ਹੀ ਰੱਦ ਕੀਤਾ ਗਿਆ ਹੈ। ਇਸ ਕਾਰਨ ਪਿਛਲੇ ਢਾਈ ਮਹੀਨਿਆਂ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਗੈਰ-ਯਕੀਨੀ ਵਾਲਾ ਮਾਹੌਲ ਬਣਿਆ ਹੋਇਆ ਹੈ। ਹੁਣ ਕੇਂਦਰੀ ਲੀਡਰਸ਼ਿਪ ਦੀ ਪੱਧਰ 'ਤੇ ਪਾਰਟੀ ਦੇ ਨਵੇਂ ਪ੍ਰਧਨ ਨੂੰ ਲੈ ਕੇ ਹਾਲਾਤ ਸਪੱਸ਼ਟ ਹੋ ਗਏ ਹਨ, ਇਸ ਲਈ ਜਾਖੜ ਵਲੋਂ ਸੋਨੀਆ ਨੂੰ ਮਿਲ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਸਥਿਤੀ ਸਪੱਸ਼ਟ ਕੀਤੀ ਜਾਏਗੀ। ਪਾਰਟੀ ਦੇ ਸੀਨੀਅਰ ਆਗੂਆਂ ਦਾ ਮੰਨਣਾ ਹੈ ਕਿ ਸੋਨੀਆ ਵਲੋਂ ਜਾਖੜ ਨੂੰ ਆਪਣੇ ਅਹੁਦੇ 'ਤੇ ਕੰਮ ਕਰਦੇ ਰਹਿਣ ਲਈ ਨਿਰਦੇਸ਼ ਦਿੱਤੇ ਜਾ ਸਕਦੇ ਹਨ। ਪੰਜਾਬ 'ਚ ਕੁਲ ਮਿਲਾ ਕੇ ਕਾਂਗਰਸ ਦਾ ਪ੍ਰਦਰਸ਼ਨ ਵਧੀਆ ਰਿਹਾ। ਹੋਰਨਾਂ ਸੂਬਿਆਂ 'ਚ ਤਾਂ ਉਥੋਂ ਦੇ ਕਾਂਗਰਸ ਪ੍ਰਧਾਨਾਂ ਨੇ ਇਸ ਲਈ ਅਸਤੀਫੇ ਦਿੱਤੇ ਸਨ ਕਿਉਂਕਿ ਉਥੇ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਜਾਖੜ ਨੂੰ ਪ੍ਰਧਾਨ ਬਣਾਈ ਰੱਖਣ ਲਈ ਕੇਂਦਰੀ ਲੀਡਰਸ਼ਿਪ ਨੂੰ ਕਹਿ ਚੁੱਕੇ ਹਨ।

ਜਾਖੜ ਪਿਛਲੇ 3-4 ਦਿਨਾਂ 'ਚ ਕੇਂਦਰੀ ਲੀਡਰਸ਼ਿਪ ਵਲੋਂ ਸੱਦੀਆਂ ਜਾ ਰਹੀਆਂ ਬੈਠਕਾਂ 'ਚ ਸੂਬਾਈ ਪ੍ਰਧਾਨ ਵਜੋਂ ਹਿੱਸਾ ਲੈ ਰਹੇ ਹਨ। ਕਾਂਗਰਸ ਦੇ ਕੌਮੀ ਜਨਰਲ ਸਕੱਤਰ ਨੇ ਉਨ੍ਹਾਂ ਨੂੰ ਚਿੱਠੀ ਲਿਖ ਕੇ ਬੈਠਕਾਂ 'ਚ ਹਿੱਸਾ ਲੈਣ ਲਈ ਕਿਹਾ ਸੀ। ਜਾਖੜ ਨੇ ਕਾਂਗਰਸ ਦੇ ਨਵੇਂ ਪ੍ਰਧਾਨ ਬਾਰੇ ਆਪਣੇ ਵਿਚਾਰ ਪਾਰਟੀ ਦੀ ਲੀਡਰਸ਼ਿਪ ਕੋਲ ਰੱਖੇ ਸਨ। ਸੋਮਵਾਰ ਰਵਿਦਾਸੀਆ ਭਾਈਚਾਰੇ ਵਲੋਂ ਪੰਜਾਬ ਕਾਂਗਰਸ ਵਲੋਂ ਜੋ ਪ੍ਰੈੱਸ ਬਿਆਨ ਜਾਰੀ ਕੀਤਾ ਗਿਆ ਸੀ, 'ਚ ਜਾਖੜ ਨੂੰ ਪ੍ਰਧਾਨ ਵਜੋਂ ਹੀ ਦੱਸਿਆ ਗਿਆ ਸੀ। ਕਾਂਗਰਸ ਦੇ ਵੱਡੇ ਆਗੂਆਂ ਦਾ ਕਹਿਣਾ ਹੈ ਕਿ ਸੂਬੇ 'ਚ ਫਿਲਹਾਲ ਜਾਖੜ ਨੂੰ ਤਬਦੀਲ ਕਰਨ ਦਾ ਕੋਈ ਵਿਚਾਰ ਨਹੀਂ।


author

Anuradha

Content Editor

Related News