ਜਾਖੜ ਦੀ ਦਾਖਾ ਤੋਂ ਉਮੀਦਵਾਰੀ ''ਤੇ ਕਾਂਗਰਸੀ ਹੋਣਗੇ ਇਕਮੁੱਠ!
Friday, May 31, 2019 - 02:51 PM (IST)

ਲੁਧਿਆਣਾ (ਮੁੱਲਾਂਪੁਰੀ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ, ਜਿਨ੍ਹਾਂ ਨੇ ਗੁਰਦਾਸਪੁਰ ਤੋਂ ਲੋਕ ਸਭਾ ਸੀਟ ਹਾਰ ਜਾਣ ਤੋਂ ਬਾਅਦ ਭਾਵੇਂ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹੈ, ਜੋ ਮਨਜ਼ੂਰ ਨਹੀਂ ਹੋਇਆ ਪਰ ਉਨ੍ਹਾਂ ਬਾਰੇ ਚਰਚਾ ਹੈ ਕਿ ਉਹ ਲੁਧਿਆਣਾ ਜ਼ਿਲੇ ਦੀ ਜਨਰਲ ਸੀਟ ਦਾਖਾ, ਜੋ ਹਰਵਿੰਦਰ ਸਿੰਘ ਫੂਲਕਾ ਵਲੋਂ ਦਿੱਤੇ ਅਸਤੀਫੇ ਕਾਰਨ ਕਿਸੇ ਵੇਲੇ ਵੀ ਖਾਲੀ ਹੋ ਸਕਦੀ ਹੈ, ਉੱਥੇ ਕਾਂਗਰਸ ਦੀ ਟਿਕਟ 'ਤੇ ਚੋਣ ਲੜ ਕੇ ਵਿਧਾਨ ਸਭਾ 'ਚ ਜਾਣਗੇ ਅਤੇ ਮੰਤਰੀ ਬਣਨਗੇ।
ਇੱਥੇ ਦੱਸਣਾ ਉਚਿਤ ਹੋਵੇਗਾ ਕਿ ਫੂਲਕਾ ਦਾ ਅਸਤੀਫਾ ਅਜੇ ਸਪੀਕਰ ਕੋਲ ਵਿਚਾਰ ਅਧੀਨ ਹੈ, ਜਦੋਂ ਕਿ ਉਹ ਕਈ ਵਾਰ ਆਪਣੇ ਅਸਤੀਫੇ ਬਾਰੇ ਆਖ ਚੁੱਕੇ ਹਨ ਉਨ੍ਹਾਂ ਦਾ ਅਸਤੀਫਾ ਜਲਦੀ ਮਨਜ਼ੂਰ ਕਰੋ। ਜਦੋਂ ਜਾਖੜ ਦੇ ਦਾਖਾ ਚੋਣ ਲੜਨ ਬਾਰੇ ਹਲਕਾ ਇੰਚਾਰਜ ਮੇਜਰ ਸਿੰਘ ਭੈਣੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੇਕਰ ਜਾਖੜ ਚੋਣ ਲੜਨਗੇ ਤਾਂ ਸੁਆਗਤ ਕਰਨਗੇ, ਹਲਕੇ ਦੇ ਚੰਗੇ ਭਾਗ ਹੋਣਗੇ। ਇਸੇ ਤਰ੍ਹਾਂ ਸਾਬਕਾ ਐਮ. ਪੀ. ਅਮਰੀਕ ਸਿੰਘ ਆਲੀਵਾਲ, ਜੋ ਅਕਾਲੀ ਦਲ ਛੱਡ ਕੇ ਕਾਂਗਰਸ 'ਚ ਆਏ, ਉਹ ਵੀ ਟਿਕਟ ਦੇ ਆਸਵੰਦ ਹਨ, ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਾਈਕਮਾਂਡ ਦਾ ਹਰ ਫੈਸਲਾ ਸਿਰ-ਮੱਥੇ। ਜੇਕਰ ਜਾਖੜ ਜਾਂ ਕੈਪਟਨ ਸਾਹਿਬ ਦੇ ਬੇਟੇ ਜਾਂ ਕੋਈ ਹੋਰ ਆਉਂਦੇ ਹਨ ਤਾਂ ਅਸੀਂ ਪਾਰਟੀ ਦੇ ਹੁਕਮ ਦੇ ਪਾਬੰਦ ਹੋਵਾਂਗੇ। ਇਹ ਗੱਲ ਤਾਂ ਸਾਫ ਹੈ ਕਿ ਜੇਕਰ ਜ਼ਿਮਨੀ ਚੋਣ ਹੋਈ ਤੇ ਜਾਖੜ ਖੜ੍ਹੇ ਹੋਏ ਤਾਂ ਉਨ੍ਹਾਂ ਦਾ ਵਿਰੁੱਧ ਦੂਰ ਦੀ ਗੱਲ, ਉਨ੍ਹਾਂ ਦੀ ਜਿੱਤ ਲਈ ਕਾਂਗਰਸੀ ਇਕਮੁੱਠ ਹੋਣਗੇ। ਬਾਕੀ ਗੱਲ ਤਾਂ ਅਸਤੀਫੇ ਦੇ ਮਨਜ਼ੂਰ ਹੋਣ 'ਤੇ ਖੜ੍ਹੀ ਹੈ।