ਰਾਹੁਲ ਗਾਂਧੀ ਦਾ 'ਘੱਟੋ-ਘੱਟ ਆਮਦਨ ਪ੍ਰੋਗਰਾਮ' ਇਤਿਹਾਸਕ ਕਦਮ : ਜਾਖੜ

Tuesday, Mar 26, 2019 - 03:44 PM (IST)

ਰਾਹੁਲ ਗਾਂਧੀ ਦਾ 'ਘੱਟੋ-ਘੱਟ ਆਮਦਨ ਪ੍ਰੋਗਰਾਮ' ਇਤਿਹਾਸਕ ਕਦਮ : ਜਾਖੜ

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ 'ਘੱਟੋ-ਘੱਟ ਆਮਦਨ ਪ੍ਰੋਗਰਾਮ' ਨੂੰ ਇਤਿਹਾਸਕ ਕਦਮ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਲਗਭਗ 5 ਕਰੋੜ ਗਰੀਬ ਪਰਿਵਾਰਾਂ ਦੇ ਖਾਤਿਆਂ 'ਚ ਸਲਾਨਾ 72,000 ਰੁਪਿਆ ਪਾਇਆ ਜਾਵੇਗਾ ਅਤੇ ਕੋਸ਼ਿਸ਼ ਕੀਤੀ ਜਾਵੇਗੀ ਕਿ ਇਹ ਰਕਮ ਘਰ ਦੀ ਮਹਿਲਾ ਦੇ ਖਾਤੇ 'ਚ ਹੀ ਆਵੇ। ਇੱਥੇ ਕਾਂਗਰਸ ਭਵਨ 'ਚ ਪ੍ਰੈਸ ਕਾਨਫਰੰਸ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਇਸ ਤੋਂ ਪਹਿਲਾਂ ਸਰਕਾਰਾਂ ਸ਼ਾਹੂਕਾਰਾਂ ਲਈ ਕੰਮ ਕਰਦੀਆਂ ਸਨ, ਜਿਸ ਤਹਿਤ ਸ਼ਾਹੂਕਾਰਾਂ ਦੇ ਲੱਖਾਂ-ਕਰੋੜਾਂ ਰੁਪਏ ਮੁਆਫ ਕੀਤੇ ਜਾ ਰਹੇ ਹਨ ਪਰ ਗਰੀਬਾਂ ਨੂੰ ਕੋਈ ਉਮੀਦ ਦਿਖਾਈ ਨਹੀਂ ਦਿੰਦੀ।

ਉਨ੍ਹਾਂ ਕਿਹਾ ਕਿ ਉਕਤ ਪ੍ਰੋਗਰਾਮ ਤਹਿਤ ਕਾਂਗਰਸ ਲੀਡਰਸ਼ਿਪ ਨੇ ਪਹਿਲੀ ਵਾਰ ਦੇਸ਼ ਨੂੰ ਇਕ ਵੱਖਰੀ ਰਾਹ ਦਿਖਾਈ ਹੈ। ਇਸ ਮੌਕੇ ਜਾਖੜ ਨੇ ਕੇਂਦਰ ਦੀ ਮੋਦੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਤਰ੍ਹਾਂ-ਤਰ੍ਹਾਂ ਦੇ ਨਾਅਰੇ ਦਿੱਤੇ, ਜਿਵੇਂ ਕਿ 'ਸਵੱਛ ਭਾਰਤ ਮੁਹਿੰਮ', ਸਟੈਂਡਪ ਇੰਡੀਆ ਆਦਿ ਪਰ ਜ਼ਮੀਨੀ ਪੱਧਰ 'ਤੇ ਕੁਝ ਨਹੀਂ ਕੀਤਾ। ਸੁਨੀਲ ਜਾਖੜ ਨੇ ਕਿਹਾ ਕਿ ਮਹਿਲਾ ਸਸ਼ਕਤੀਕਰਨ ਦਾ ਪ੍ਰੋਗਰਾਮ ਵੀ ਚਾਲੂ ਕੀਤਾ ਗਿਆ ਹੈ। ਜਾਖੜ ਨੇ ਕਿਹਾ ਕਿ ਕੁਝ ਲੋਕਾਂ ਵਲੋਂ ਅਫਵਾਹਾਂ ਉਡਾਈਆਂ ਜਾ ਰਹੀਆਂ ਹਨ ਕਿ ਗਰੀਬਾਂ ਦੇ ਖਾਤੇ 'ਚ ਆਉਂਦੀ ਸਬਸਿਡੀ ਘਟਾ ਕੇ ਇਹ ਪੈਸਾ ਉਨ੍ਹਾਂ ਨੂੰ ਦਿੱਤਾ ਜਾਵੇਗਾ ਪਰ ਇਸ 'ਚ ਕੋਈ ਸੱਚਾਈ ਨਹੀਂ ਹੈ। ਸੁਨੀਲ ਜਾਖੜ ਨੇ ਕਿਹਾ ਕਿ ਜੋ ਕੋਈ ਵੀ ਗਰੀਬਾਂ ਦੀ ਯੋਜਨਾ ਚੱਲ ਰਹੀ ਹੈ, ਉਹ ਇਸੇ ਤਰ੍ਹਾਂ ਦੀ ਚੱਲਦੀ ਰਹੇਗੀ ਅਤੇ ਇਹ ਪੈਸੇ ਉਨ੍ਹਾਂ ਨੂੰ ਵੱਖਰੇ ਤੌਰ 'ਤੇ ਦਿੱਤੇ ਜਾਣਗੇ। 


author

Babita

Content Editor

Related News